ਗੈਂਗਸਟਰਾਂ ਨੂੰ ਚੇਤਾਵਨੀ, ਪੰਜਾਬ ਛੱਡ ਜਾਓ ਜਾਂ ਪੁਲਿਸ ਮੁਕਾਬਲੇ ’ਚ ਮਾਰੇ ਜਾਓਗੇ : ਕੁਲਦੀਪ ਧਾਲੀਵਾਲ
ਚੰਡੀਗੜ੍ਹ, 21 ਨਵੰਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਦੋ ਦਿਨਾਂ ਵਿਚ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਗੈਂਗਸਟਰਾਂ ਲਈ ਆਮ ਆਦਮੀ ਪਾਰਟੀ ਨੇ ਪੰਜਾਬ ਪੁਲਿਸ ਨੂੰ ਸਾਬਾਸ਼ ਦਿੱਤੀ ਹੈ। ਦੇਰ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅੰਮ੍ਰਿਤਸਰ ਵਿੱਚ 1 ਅਤੇ ਲੁਧਿਆਣੇ ਵਿੱਚ 2 ਗੈਂਗਸਟਰ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਜ਼ਖਮੀ ਹੋਏ ਹਨ ਅਤੇ ਇੱਕ ਗੈਂਗਸਟਰ ਮਾਰਿਆ ਗਿਆ ਹੈ। ਉਨ੍ਹਾਂ ਕਿਹਾ, ਪੰਜਾਬ ਸਰਕਾਰ, ਪੁਲਿਸ ਨੂੰ ਇਸ ਸ਼ਾਨਦਾਰ ਕਾਰਵਾਈ ਲਈ ਦਿਲੋਂ ਸ਼ਾਬਾਸ਼ੀ ਦੇਂਦੀ ਹੈ। ਸੂਬੇ ਵਿੱਚ ਡਰ ਦਾ ਮਾਹੌਲ ਮੁੜ ਕਦੇ ਵੀ ਬਣਨ ਨਹੀਂ ਦਿਆਂਗੇ। ਉਨ੍ਹਾਂ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਪੰਜਾਬ ਛੱਡ ਕੇ ਭੱਜ ਜਾਓ, ਜਾਂ ਫਿਰ ਪੁਲਿਸ ਐਨਕਾਊਂਟਰ ਵਿੱਚ ਮਾਰੇ ਜਾਓਗੇ। ਹੁਣ ਹੋਈਆਂ ਕਾਰਵਾਈਆਂ ਇਸ ਗੱਲ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਅਤੇ ਸਿਰਫ਼ ਵਿਕਾਸ ਦੀ ਗੱਲ ਹੋਵੇਗੀ। ਪੰਜਾਬ ਹੁਣ ਸ਼ਾਂਤੀ ਅਤੇ ਤਰੱਕੀ ਦੇ ਰਾਹ ‘ਤੇ ਚੱਲੇਗਾ।




