- 2 ਲੱਖ ਟਨ ਤੋਂ ਵੱਧ ਸਾਲਾਨਾ ਉਤਪਾਦਨ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਪੰਜਾਬ ਦਾ ਮੱਛੀ ਪਾਲਣ ਖੇਤਰ
- ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਵਿਸ਼ਵ ਮੱਛੀ ਪਾਲਣ ਦਿਵਸ ‘ਤੇ ਵਧਾਈ, ਉਤਪਾਦਨ ਵਧਾਉਣ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 21 ਨਵੰਬਰ: ਦੇਸ਼ ਕਲਿੱਕ ਬਿਊਰੋ :
ਹਰ ਸਾਲ 21 ਨਵੰਬਰ ਨੂੰ ਵਿਸ਼ਵ ਪੱਧਰ ‘ਤੇ ਮਨਾਏ ਜਾਣ ਵਾਲੇ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਕਾਸ ਵਿੱਚ ਸੂਬੇ ਦੀ ਸ਼ਾਨਦਾਰ ਪ੍ਰਗਤੀ ਅਤੇ ਇਸ ਨੂੰ ਵਧੇਰੇ ਟਿਕਾਊ ਤੇ ਲਾਹੇਵੰਦ ਧੰਦਾ ਬਣਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਰਗਰਮ ਕਦਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਖੇਤਰ ਵਿੱਚ ਸੂਬੇ ਦੀ ਪ੍ਰਗਤੀ ਦਾ ਵੇਰਵਾ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੱਛੀ ਪਾਲਣ ਅਧੀਨ ਰਕਬਾ 43,685 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਤੋਂ ਸਲਾਨਾ ਲਗਭਗ ਦੋ ਲੱਖ ਮੀਟ੍ਰਿਕ ਟਨ ਤੋਂ ਵੱਧ ਮੱਛੀ ਦਾ ਉਤਪਾਦਨ ਹੋ ਰਿਹਾ ਹੈ। ਇਸਦੇ ਨਾਲ ਹੀ ਝੀਂਗਾ ਪਾਲਣ ਵਿੱਚ ਵੀ ਸੂਬੇ ਦੀ ਨਿਵੇਕਲੀ ਪਹੁੰਚ ਦੇ ਸ਼ਾਨਦਾਰ ਨਤੀਜੇ ਸਾਹਮਣੇ ਹਨ। ਉਨ੍ਹਾਂ ਦੱਸਿਆ ਕਿ 1,034 ਏਕੜ ਸੇਮ ਪ੍ਰਭਾਵਿਤ ਜ਼ਮੀਨ ਦੀ ਵਰਤੋਂ ਲਗਭਗ 2,759 ਮੀਟ੍ਰਿਕ ਟਨ ਝੀਂਗਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ, ਜੋ ਟਿਕਾਊ ਜਲ ਖੇਤੀ ਗਤੀਵਿਧੀਆਂ ਵਿੱਚ ਸੂਬੇ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਅਤੇ ਰਾਜ ਦੀ ਆਰਥਿਕਤਾ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾ ਰਹੀ ਹੈ।
ਇਸ ਪ੍ਰਗਤੀ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਨੇ ਕਿਸਾਨਾਂ ਨੂੰ ਕਿਫਾਇਤੀ ਦਰਾਂ ‘ਤੇ ਉੱਚ-ਗੁਣਵੱਤਾ ਵਾਲਾ ਮੱਛੀ ਬੀਜ ਪ੍ਰਦਾਨ ਕਰਨ ਵਾਸਤੇ 16 ਸਰਕਾਰੀ ਮੱਛੀ ਬੀਜ ਫਾਰਮ ਸਥਾਪਤ ਕੀਤੇ ਹਨ।
ਇਸੇ ਤਰ੍ਹਾਂ ਸੂਬਾ ਸਰਕਾਰ ਪੀ.ਐਮ.ਐਮ.ਐਸ.ਵਾਈ. ਯੋਜਨਾ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ, ਜਿਸ ਤਹਿਤ ਵੱਖ-ਵੱਖ ਪ੍ਰੋਜੈਕਟਾਂ ਲਈ 40 ਤੋਂ 60 ਫੀਸਦ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੀ.ਐਮ.ਐਮ.ਐਸ.ਵਾਈ. ਰਾਹੀਂ ਮੱਛੀ ਪਾਲਣ ਵਿਭਾਗ ਪਹਿਲਾਂ ਹੀ 683 ਲਾਭਪਾਤਰੀਆਂ ਨੂੰ 31.04 ਕਰੋੜ ਰੁਪਏ ਸਬਸਿਡੀ ਵਜੋਂ ਪ੍ਰਦਾਨ ਕਰ ਚੁੱਕਾ ਹੈ। ਇਹ ਵਿੱਤੀ ਸਹਾਇਤਾ ਮੱਛੀ ਅਤੇ ਝੀਂਗਾ ਪਾਲਣ ਲਈ ਨਵੇਂ ਤਲਾਅ, ਰੀਸਰਕੁਲੇਟਿੰਗ ਐਕੁਆਕਲਚਰ ਸਿਸਟਮ (ਆਰਏਐਸ), ਬਾਇਓਫਲੌਕ ਯੂਨਿਟ, ਫਿਸ਼ ਫੀਡ ਮਿੱਲਾਂ ਅਤੇ ਮੱਛੀ ਤੇ ਮੱਛੀ ਉਤਪਾਦਾਂ ਦੀ ਢੋਆ-ਢੁਆਈ ਲਈ ਵਾਹਨਾਂ ਸਮੇਤ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਕਵਰ ਕਰਦੀ ਹੈ।
ਵਿਸ਼ਵ ਮੱਛੀ ਪਾਲਣ ਦਿਵਸ ‘ਤੇ ਮੱਛੀ ਤੇ ਝੀਂਗਾ ਪਾਲਕਾਂ ਅਤੇ ਹੋਰ ਭਾਈਵਾਲਾਂ ਨੂੰ ਵਧਾਈ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਸਬੰਧੀ ਉਤਪਾਦਨ ਵਧਾਉਣ ਲਈ ਸਾਰੇ ਕਿਸਾਨਾਂ ਨੂੰ ਸਰਗਰਮੀ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਕਿੱਤੇ ਨੂੰ ਹੁਲਾਰਾ ਦੇਣ ਅਤੇ ਅੰਨਦਾਤਾ ਕਹੇ ਜਾਂਦੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਮੱਛੀ ਪਾਲਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਖੇਤਰ ਦੇ ਟਿਕਾਊ ਵਿਕਾਸ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਦੇ ਜਲ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਮੱਛੀ ਉਤਪਾਦਨ ਨੂੰ ਵਧਾਉਣ, ਅਣਉਪਜਾਊ/ਬੰਜਰ ਜ਼ਮੀਨਾਂ ਨੂੰ ਖੁਸ਼ਹਾਲ ਆਰਥਿਕ ਸੰਪਤੀਆਂ ਵਿੱਚ ਬਦਲਣ ‘ਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕਰ ਰਿਹਾ ਹੈ।
ਇਸ ਮੌਕੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਵੀ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਇਸ ਸਾਲ 31 ਅਕਤੂਬਰ ਨੂੰ ਰੋਹੂ ਮੱਛੀ ਨੂੰ ‘ਰਾਜ ਮੱਛੀ’ ਐਲਾਨਿਆ ਹੈ। ਉਨ੍ਹਾਂ ਨੇ ਨੀਵੇਂ ਇਲਾਕਿਆਂ ਵਿੱਚ ਮੱਛੀ ਤਲਾਬਾਂ ਦੇ ਨਿਰਮਾਣ ਅਤੇ ਪੁਰਾਣੇ ਨਿੱਜੀ ਤਲਾਬਾਂ ਦੇ ਨਵੀਨੀਕਰਨ ਲਈ ਪੰਜਾਬ ਮੱਛੀ ਪਾਲਣ ਵਿਕਾਸ ਬੋਰਡ ਦੀ ਨਵੀਂ ਯੋਜਨਾ ‘ਤੇ ਵੀ ਚਾਨਣਾ ਪਾਇਆ।




