CM ਮਾਨ ਵੱਲੋਂ ਵਿਰਾਸਤ-ਏ-ਖ਼ਾਲਸਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਗੈਲਰੀ ਦਾ ਉਦਘਾਟਨ

ਪੰਜਾਬ
  • ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫ਼ਰ ਨੂੰ ਪਾਵਨ ਤਸਵੀਰਾਂ ਅਤੇ ਗੁਰਬਾਣੀ ਰਾਹੀਂ ਦਰਸਾਉਂਦੀ ਹੈ, ਇਹ ਸ਼ਾਨਦਾਰ ਪ੍ਰਦਰਸ਼ਨੀ

ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ: ਦੇਸ਼ ਕਲਿੱਕ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਵਿਰਾਸਤ-ਏ-ਖ਼ਾਲਸਾ ਵਿਖੇ “ਹਿੰਦ ਦੀ ਚਾਦਰ” ਨੌਵੇਂ ਸਿੱਖ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਗੈਲਰੀ ਦਾ ਉਦਘਾਟਨ ਕੀਤਾ ਗਿਆ, ਜਿਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਮੌਜੂਦ ਰਹੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਲਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਚੱਲ ਰਹੇ ਸਮਾਗਮਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਗੈਲਰੀ ਗੁਰੂ ਸਾਹਿਬ ਦੀ ਅਧਿਆਤਮਕ ਅਤੇ ਸੰਸਾਰਕ ਯਾਤਰਾ ਦਾ ਡੂੰਘਾ ਬਿਰਤਾਂਤ ਪੇਸ਼ ਕਰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਡੂੰਘੀ ਸੋਚ-ਵਿਚਾਰ ਤੋਂ ਬਾਅਦ ਪੰਜ ਵੱਖ-ਵੱਖ ਹਿੱਸਿਆਂ: ਜਨਮ ਅਤੇ ਸ਼ੁਰੂਆਤੀ ਜੀਵਨ-ਕਾਲ, ਅਧਿਆਤਮਿਕ ਸਫ਼ਰ, ਗੁਰਗੱਦੀ ‘ਤੇ ਸੰਭਾਲਣ, ਧਾਰਮਿਕਤਾ ਦਾ ਮਾਰਗ ਅਤੇ ਸ਼ਹਾਦਤ ਵਿੱਚ ਵੰਡਿਆ ਗਿਆ ਹੈ, ਜਿਸ ਰਾਹੀਂ ਗੁਰੂ ਸਾਹਿਬ ਦੇ ਜੀਵਨ-ਕਾਲ ਨੂੰ ਮਹੱਤਵਪੂਰਨ ਢੰਗ ਨਾਲ ਦਰਸਾਇਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨੀ ਦੇ ਕੇਂਦਰ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਯੁੱਧ-ਕਲਾ ਨੂੰ ਦਰਸਾਉਂਦੇ ਮਾਡਲ ਸੁਸ਼ੋਭਿਤ ਹਨ ਜਿਨ੍ਹਾਂ ਵਿੱਚ ਘੋੜਾ, ਤਲਵਾਰਾਂ ਅਤੇ ਤੀਰ-ਕਮਾਨ ਸ਼ਾਮਲ ਹਨ, ਜੋ ਜੰਗ ਦੇ ਮੈਦਾਨ ਵਿੱਚ ਉਨ੍ਹਾਂ ਦੀ ਮੁਹਾਰਤ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਨੂੰ ਸਮਰਪਿਤ ਸ਼ਰਧਾਲੂ ਮੱਖਣ ਸ਼ਾਹ ਲੁਬਾਣਾ ਦੇ ਜਹਾਜ਼ਾਂ ਦਾ ‘ਬੇੜੇ’ ਨੂੰ ਦਰਸਾਉਂਦੇ ਇਤਿਹਾਸਕ ਮਾਡਲ ਅਤੇ ਭਾਈ ਦਿਆਲਾ ਜੀ ਦੀ ਸਰਵਉੱਚ ਕੁਰਬਾਨੀ ਅਤੇ ਦ੍ਰਿੜਤਾ ਨੂੰ ਦਰਸਾਉਂਦੀ ਉਬਲਦੀ ਦੇਗ ਦਾ ਮਾਡਲ ਮੁੱਖ ਆਕਰਸ਼ਣ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਦਰਸ਼ਨੀ ਵਿੱਚ ਲੱਖੀ ਸ਼ਾਹ ਵਣਜਾਰਾ ਦਾ ਪੁਨਰ-ਨਿਰਮਾਣ ਕੀਤਾ ਗਿਆ ਘਰ ਵੀ ਆਕਰਸ਼ਣ ਦਾ ਦਿਲਕਸ਼ ਕੇਂਦਰ ਹਨ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗੁਰਬਾਣੀ ਦੀਆਂ ਪਾਵਨ ਤੁਕਾਂ ਨਾਲ ਸਜੇ ਵਿਸਤ੍ਰਿਤ ਚਿੱਤਰ, ਗੁਰੂ ਜੀ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ਸ਼ਹਾਦਤ ਤੱਕ ਦੇ ਮਾਰਗ ਨੂੰ ਸੁੰਦਰਤਾ ਨਾਲ ਦਰਸਾਉਂਦੇ ਹਨ, ਜੋ ਸੈਲਾਨੀਆਂ ਨੂੰ ਡੂੰਘਾ ਅਧਿਆਤਮਕ ਅਨੁਭਵ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬ ਵੱਲੋਂ ਮਨੁੱਖਤਾ ਅਤੇ ਧਾਰਮਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਦਿੱਤੀ ਸਰਵਉੱਚ ਕੁਰਬਾਨੀ ਬਾਰੇ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।