ਲਾਲਜੀਤ ਭੁੱਲਰ ਨੇ 6 ਨਵੇਂ ਪਦਉੱਨਤ ਏ.ਆਈ.ਜੀ./ਸੁਪਰਡੈਂਟ ਕੇਂਦਰੀ ਜੇਲ੍ਹ ਅਧਿਕਾਰੀਆਂ ਦੇ ਮੋਢਿਆਂ ‘ਤੇ ਲਾਏ ਸਟਾਰ

ਪੰਜਾਬ
  • ਜੇਲ੍ਹਾਂ ਦੇ ਪ੍ਰਭਾਵੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਮਿਸਾਲੀ ਕਦਮ: ਜੇਲ੍ਹ ਮੰਤਰੀ
  • ਪੰਜਾਬ ਸਰਕਾਰ ਜੇਲ੍ਹ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਵਚਨਬੱਧ

ਚੰਡੀਗੜ੍ਹ, 26 ਨਵੰਬਰ: ਦੇਸ਼ ਕਲਿੱਕ ਬਿਊਰੋ :

ਸੂਬੇ ਵਿੱਚ ਜੇਲ੍ਹਾਂ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਮਿਸਾਲੀ ਕਦਮ ਵਿੱਚ, ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਦਫ਼ਤਰ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਨਵੇਂ ਪਦਉੱਨਤ ਜੇਲ੍ਹ ਅਧਿਕਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ 6 ਏਆਈਜੀ/ਸੁਪਰਡੈਂਟ ਕੇਂਦਰੀ ਜੇਲ੍ਹ ਅਧਿਕਾਰੀਆਂ ਦੇ ਮੋਢਿਆਂ ‘ਤੇ ਸਟਾਰ ਲਗਾਏ ਗਏ।

ਜ਼ਿਕਰਯੋਗ ਹੈ ਕਿ 14 ਅਧਿਕਾਰੀਆਂ ਨੂੰ ਪਦਉੱਨਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 6 ਏਆਈਜੀ/ਸੁਪਰਡੈਂਟ ਕੇਂਦਰੀ ਜੇਲ੍ਹਾਂ ਅਤੇ 8 ਡੀਐਸਪੀ ਗ੍ਰੇਡ-1 ਸ਼ਾਮਲ ਹਨ।

ਜੇਲ੍ਹ ਮੰਤਰੀ ਨੇ ਪਦਉੱਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਕਦਮ ਦਾ ਉਦੇਸ਼ ਪੰਜਾਬ ਵਿੱਚ ਜੇਲ੍ਹਾਂ ਦੇ ਬੁਨਿਆਦੀ ਢਾਂਚੇ ਦੇ ਵਧੇਰੇ ਪ੍ਰਭਾਵੀ ਪ੍ਰਬੰਧਨ ਦੇ ਨਾਲ-ਨਾਲ ਸਟਾਫ਼ ਦੀ ਲੋੜ ਨੂੰ ਪੂਰਾ ਕਰਨਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਵਿੱਚ ਹੋਰ ਸੁਧਾਰ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉੱਚ ਰੈਂਕ ਹਾਸਲ ਮਿਲਣ ਨਾਲ ਜ਼ਿੰਮੇਵਾਰੀ ਵੱਧਣ ਦੇ ਨਾਲ-ਨਾਲ ਫ਼ੈਸਲਾ ਲੈਣ ਦਾ ਅਧਿਕਾਰ ਵੀ ਮਿਲ ਜਾਂਦਾ ਹੈ ਜੋ ਪਦਉੱਨਤ ਅਧਿਕਾਰੀਆਂ ਨੂੰ ਸੁਰੱਖਿਆ, ਅਨੁਸ਼ਾਸਨ ਨੂੰ ਯਕੀਨੀ ਬਣਾਉਣ ਅਤੇ ਕੈਦੀਆਂ ਦੀ ਭਲਾਈ ਲਈ ਵੱਖ-ਵੱਖ ਉਪਾਅ ਕਰਨ ਦੇ ਯੋਗ ਬਣਾਏਗਾ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਤਰੱਕੀਆਂ ਯੋਗਤਾ ਅਤੇ ਕੁਸ਼ਲਤਾ ਨੂੰ ਦਰਸਾਉਂਦੀਆਂ ਹਨ ਅਤੇ ਇਸ ਤਰ੍ਹਾਂ ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਪੇਸ਼ੇਵਰਤਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕਰਦੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਕੋਲ ਸਾਲਾਂ ਦੀ ਮੁਹਾਰਤ ਅਤੇ ਸੁਧਾਰਾਤਮਕ ਵਿਧੀ ਵਧੇਰੇ ਪਾਰਦਰਸ਼ਤਾ ਅਤੇ ਕੁਸ਼ਲ ਪ੍ਰਣਾਲੀ ਨੂੰ ਯਕੀਨੀ ਬਣਾਏਗੀ। ਇਹਨਾਂ ਪਦਉੱਨਤ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਜੇਲ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਕੈਦੀਆਂ ਲਈ ਵਿਆਪਕ ਵਿਦਿਅਕ, ਕਿੱਤਾਮੁਖੀ ਅਤੇ ਹੋਰ ਕਈ ਭਲਾਈ ਕੇਂਦਰਿਤ ਕਦਮਾਂ ਦੀ ਤਿਆਰੀ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।

ਏਡੀਜੀਪੀ (ਜੇਲ੍ਹਾਂ) ਅਰੁਣ ਪਾਲ ਸਿੰਘ ਨੇ ਨਵੇਂ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਵਿਭਾਗ ਦੇ ਸਮੁੱਚੇ ਕੰਮਕਾਜ ਵਿੱਚ ਹਰੇਕ ਅਧਿਕਾਰੀ ਅਤੇ ਸਟਾਫ਼ ਦੀ ਮਹੱਤਵਪੂਰਨ ਭੂਮਿਕਾ ਬਾਰੇ ਵੀ ਦੱਸਿਆ।

ਇਸ ਮੌਕੇ ਜੇਲ੍ਹਾਂ ਦੀ ਪ੍ਰਮੁੱਖ ਸਕੱਤਰ ਭਾਵਨਾ ਗਰਗ ਨੇ ਵੀ ਨਵੇਂ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।