ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਲੱਗਣਗੇ “ਪੰਜਾਬ ਸਖੀ ਸ਼ਕਤੀ ਮੇਲੇ”: ਤਰੁਨਪ੍ਰੀਤ ਸੌਂਦ

ਪੰਜਾਬ
  • ਸੰਗਰੂਰ ਤੋਂ ਪੰਜ ਦਿਨਾਂ ਮੇਲੇ ਦੀ ਸ਼ੁਰੂਆਤ, ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਸ਼ਾਮਲ
  • ਫਰਵਰੀ 2026 ਤੱਕ ਪੜਾਅਵਾਰ ਲਗਾਏ ਜਾਣਗੇ ਪੰਜਾਬ ਸਖੀ ਸ਼ਕਤੀ ਮੇਲੇ

ਚੰਡੀਗੜ੍ਹ, 26 ਨਵੰਬਰ: ਦੇਸ਼ ਕਲਿੱਕ ਬਿਊਰੋ :

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਸੂਬੇ ਦੀਆਂ ਮਹਿਲਾਵਾਂ ਨੂੰ ਆਪਣੀ ਹੁਨਰਮੰਦੀ, ਰਚਨਾਤਮਿਕਤਾ ਅਤੇ ਹੱਥ ਨਾਲ ਬਣੇ ਉਤਪਾਦਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਪੜਾਅਵਾਰ “ਪੰਜਾਬ ਸਖੀ ਸ਼ਕਤੀ ਮੇਲੇ” ਲਗਾਏ ਜਾ ਰਹੇ ਹਨ। ਪਹਿਲੇ ਮੇਲੇ ਦੀ ਸ਼ੁਰੂਆਤ 26 ਨਵੰਬਰ ਨੂੰ ਸੰਗਰੂਰ ਤੋਂ ਕਰ ਦਿੱਤੀ ਗਈ ਹੈ। ਸੰਗਰੂਰ ਦੇ ਰਣਬੀਰ ਕਾਲਜ ਗਰਾਊਂਡ ਵਿੱਚ ਇਹ ਮੇਲਾ 30 ਨਵੰਬਰ ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਇਹ ਮੇਲੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਰਾਜ ਪੇਂਡੂ ਆਜ਼ੀਵਿਕਾ ਮਿਸ਼ਨ ਤੇ ਉਦਯੋਗ ਅਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ।

“ਪੰਜਾਬ ਸਖੀ ਸ਼ਕਤੀ ਮੇਲੇ” 26 ਨਵੰਬਰ 2025 ਨੂੰ ਸੰਗਰੂਰ ਤੋਂ ਸ਼ੁਰੂ ਹੋ ਕੇ ਫਰਵਰੀ 2026 ਤੱਕ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ। ਇਨ੍ਹਾਂ ਮੇਲਿਆਂ ਵਿੱਚ ਦਸਤਕਾਰੀ, ਹੱਥਖੱਡੀ ਕੱਪੜੇ, ਫੁਲਕਾਰੀ, ਘਰ ਦੀ ਸਜਾਵਟ ਸਮੱਗਰੀ, ਜੈਵਿਕ ਖਾਣ-ਪੀਣ ਦੀਆਂ ਵਸਤੂਆਂ, ਸ਼ਹਿਦ, ਮਸਾਲੇ, ਡਿਟਰਜੈਂਟ, ਫਿਨਾਇਲ ਅਤੇ ਹੋਰ ਘਰੇਲੂ ਉਤਪਾਦ ਵਿਕਰੀ ਲਈ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਵੀ ਮੇਲੀਆਂ ਦਾ ਖਾਸ ਧਿਆਨ ਖਿੱਚਣਗੇ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਮੁੱਖ ਉਦੇਸ਼ ਸਵੈ ਸਹਾਇਤਾ ਗਰੁੱਪ ਦੀਆਂ ਮੈਂਬਰ ਮਹਿਲਾਵਾਂ ਦੇ ਉਤਪਾਦਾਂ ਨੂੰ ਵੱਡੇ ਪੱਧਰ ‘ਤੇ ਬਾਜ਼ਾਰ ਤੱਕ ਪਹੁੰਚਾਉਣਾ ਹੈ ਤਾਂ ਜੋ ਮਹਿਲਾਵਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਇਸਦੇ ਨਾਲ ਹੀ ਪੇਂਡੂ ਉਤਪਾਦਕਾਂ ਅਤੇ ਸ਼ਹਿਰੀ ਗਾਹਕਾਂ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨਾ ਵੀ ਇਨ੍ਹਾਂ ਮੇਲਿਆਂ ਦਾ ਟੀਚਾ ਹੈ। ਪੰਜਾਬ ਦੀ ਰੰਗਮਈ ਸੱਭਿਆਚਾਰਕ ਵਿਰਾਸਤ ਵੀ ਇਨ੍ਹਾਂ ਮੇਲਿਆਂ ਰਾਹੀਂ ਉੱਭਰ ਕੇ ਸਾਹਮਣੇ ਆਉਂਦੀ ਹੈ। ਆਮ ਲੋਕ ਇਨ੍ਹਾਂ ਮੇਲਿਆਂ ਰਾਹੀਂ ਪੰਜਾਬੀ ਦਸਤਕਾਰੀ ਅਤੇ ਜੈਵਿਕ ਉਤਪਾਦਾਂ ਨੂੰ ਵੀ ਨੇੜੇ ਤੋਂ ਜਾਣ ਸਕਣਗੇ।

ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਨਾ ਸਿਰਫ਼ ਮਹਿਲਾਵਾਂ ਦੀ ਆਮਦਨ ਵਧਾਵੇਗੀ ਸਗੋਂ ਸੂਬੇ ਦੀ ਸੱਭਿਆਚਾਰਕ ਪਛਾਣ ਨੂੰ ਵੀ ਮਜ਼ਬੂਤ ਕਰੇਗੀ।

ਮੇਲੇ ਲਈ ਨਿਰਧਾਰਤ ਸਥਾਨ ਅਤੇ ਮਿਤੀਆਂ

ਸੰਗਰੂਰ ਵਿੱਚ ਰਣਬੀਰ ਕਾਲਜ ਗਰਾਊਂਡ ‘ਚ 26 ਤੋਂ 30 ਨਵੰਬਰ 2025 ਤੱਕ ਮੇਲਾ ਲੱਗੇਗਾ। ਫਰੀਦਕੋਟ ਵਿੱਚ ਆਫਿਸਰਜ਼ ਕਲੱਬ, ਸਾਦਿਕ ‘ਚ 8 ਤੋਂ 11 ਦਸੰਬਰ 2025 ਨੂੰ 4 ਦਿਨ ਦਾ ਮੇਲਾ ਲੱਗੇਗਾ। ਬਠਿੰਡਾ ਵਿੱਚ ਪੁੱਡਾ ਗਰਾਊਂਡ ਪਾਵਰ ਹਾਊਸ ਵਿਖੇ 4 ਤੋਂ 7 ਦਿਸੰਬਰ 2025 ਤੱਕ ਜਦਕਿ ਅੰਮ੍ਰਿਤਸਰ ਦੇ ਦਸਹਿਰਾ ਗਰਾਊਂਡ ਰਣਜੀਤ ਐਵੇਨਿਊ ਵਿੱਚ 8 ਤੋਂ 11 ਦਿਸੰਬਰ 2025 ਤੱਕ ਮੇਲਾ ਕਰਵਾਇਆ ਜਾਵੇਗਾ।

ਤਰਨਤਾਰਨ ਵਿੱਚ 11 ਤੋਂ 14 ਦਿਸੰਬਰ 2025 ਤੱਕ, ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਵਿਖੇ 15 ਤੋਂ 18 ਦਿਸੰਬਰ 2025 ਤੱਕ ਅਤੇ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿੱਚ 26 ਤੋਂ 30 ਦਿਸੰਬਰ 2025 ਤੱਕ ਮੇਲਾ ਲੱਗੇਗਾ। ਜਲੰਧਰ ਵਿੱਚ ਵਿਰਸਾ ਵਿਹਾਰ/ਦੇਸ਼ ਭਗਤ ਯਾਦਗਾਰ ਵਿਖੇ 7 ਤੋਂ 10 ਜਨਵਰੀ 2026 ਤੱਕ, ਮੋਗਾ ਵਿੱਚ 10 ਤੋਂ 13 ਜਨਵਰੀ 2026 ਤੱਕ ਅਤੇ ਮੁਕਤਸਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਗਰਾਊਂਡ ਵਿੱਚ 14 ਤੋਂ 17 ਜਨਵਰੀ 2026 ਤੱਕ ਮੇਲੇ ਲੱਗਣਗੇ।

ਇਸੇ ਤਰ੍ਹਾਂ ਫਿਰੋਜ਼ਪੁਰ ਦੇ ਐਸਬੀਐਸ ਕਾਲਜ ਵਿੱਚ 16 ਤੋਂ 19 ਜਨਵਰੀ 2026 ਤੱਕ, ਕਪੂਰਥਲਾ ਦੇ ਨਵੇਂ ਡੀ.ਸੀ. ਕੰਪਲੈਕਸ ‘ਚ 19 ਤੋਂ 22 ਜਨਵਰੀ 2026 ਤੱਕ ਅਤੇ ਪਠਾਨਕੋਟ ਦੇ ਰਾਮਲੀਲਾ ਗਰਾਊਂਡ ‘ਚ 5 ਤੋਂ 8 ਜਨਵਰੀ 2026 ਤੱਕ ਮੇਲਾ ਲੱਗੇਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 88 ਵਿੱਚ 10 ਜਨਵਰੀ ਤੋਂ 14 ਜਨਵਰੀ 2026 ਤੱਕ, ਸ਼ਹੀਦ ਭਗਤ ਸਿੰਘ ਨਗਰ ਦੇ ਆਈਟੀਆਈ ਦਸਹਿਰਾ ਗਰਾਊਂਡ ‘ਚ 3 ਤੋਂ 6 ਫਰਵਰੀ 2026 ਤੱਕ ਅਤੇ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ‘ਚ 2 ਤੋਂ 5 ਫਰਵਰੀ 2026 ਤੱਕ ਮੇਲੇ ਹੋਣਗੇ।

ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਨੇੜੇ 27 ਤੋਂ 30 ਜਨਵਰੀ 2026 ਤੱਕ, ਬਰਨਾਲਾ ਦੀ ਦਾਣਾ ਮੰਡੀ ਵਿੱਚ 28 ਤੋਂ 31 ਜਨਵਰੀ 2026 ਤੱਕ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਪੱਧਰੀ ਸਥਾਨ ‘ਤੇ 28 ਤੋਂ 31 ਜਨਵਰੀ 2026 ਤੱਕ ਮੇਲੇ ਲੱਗਣਗੇ। ਲੁਧਿਆਣਾ ਦੇ ਖੰਨਾ ਵਿਖੇ 10 ਤੋਂ 14 ਜਨਵਰੀ 2026 ਤੱਕ ਅਤੇ ਮਾਨਸਾ ਦੀ ਨਵੀਂ ਅਨਾਜ ਮੰਡੀ ਵਿੱਚ 13 ਤੋਂ 23 ਫਰਵਰੀ 2026 ਤੱਕ ਮੇਲਾ ਹੋਵੇਗਾ। ਪਟਿਆਲਾ ਦੇ ਸ਼ੀਸ਼ ਮਹਲ ਵਿਖੇ 26 ਫਰਵਰੀ ਤੋਂ 2 ਮਾਰਚ 2026 ਤੱਕ ਅਤੇ ਹੁਸ਼ਿਆਰਪੁਰ ਦੇ ਲਾਜਵੰਤ ਸਟੇਡੀਅਮ ਵਿੱਚ 10 ਤੋਂ 13 ਮਾਰਚ 2026 ਤੱਕ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।