— ਟ੍ਰਾਈਸਿਟੀ ਵਿੱਚ ਨਸ਼ਿਆਂ ਦੀ ਖੇਪ ਦੀ ਡਿਲੀਵਰੀ ਅਤੇ ਵੰਡ ਦਾ ਕੰਮ ਦੇਖਣ ਵਾਲੇ ਮੁੱਖ ਹੈਂਡਲਰ ਦੇ ਸੰਪਰਕ ਵਿੱਚ ਸੀ ਗ੍ਰਿਫ਼ਤਾਰ ਮੁਲਜ਼ਮ: ਡੀਜੀਪੀ ਗੌਰਵ ਯਾਦਵ
— ਮੁਲਜ਼ਮ ਦੇ ਦੋ ਭਗੌੜੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ: ਏਆਈਜੀ ਏਐਨਟੀਐਫ ਏ.ਐਸ. ਔਲਖ
ਚੰਡੀਗੜ੍ਹ, 26 ਨਵੰਬਰ: ਦੇਸ਼ ਕਲਿੱਕ ਬਿਊਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ (ਏਐਨਟੀਐਫ) ਨੇ ਖਰੜ ਤੋਂ ਇੱਕ ਨਸ਼ਾ ਤਸਕਰ ਨੂੰ 5.084 ਕਿਲੋ ਹੈਰੋਇਨ, 1.681 ਕਿਲੋ ਆਈਸੀਈ (ਮੈਥਾਮਫੇਟਾਮਾਈਨ) ਅਤੇ 6,50,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਦੱਸਣਯੋਗ ਹੈ ਕਿ ਇਹ ਕਾਰਵਾਈ ਏਐਨਟੀਐਫ ਰੂਪਨਗਰ ਰੇਂਜ ਦੁਆਰਾ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਨਸ਼ਿਆਂ ਦੀ ਖੇਪ ਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇੱਕ ਚਮੜੇ ਦਾ ਬੈਗ ਅਤੇ ਤੋਲ ਵਾਲੀਆਂ ਦੋ ਇਲੈਕਟ੍ਰਾਨਿਕ ਮਸ਼ੀਨਾਂ ਵੀ ਬਰਾਮਦ ਕੀਤੀਆਂ ਹਨ, ਅਤੇ ਉਸਦੀ ਚਿੱਟੀ ਸ਼ੈਵਰਲੈਟ ਕਰੂਜ਼ ਕਾਰ (ਡੀਐਲ 82 ਏਪੀ 9522) ਨੂੰ ਵੀ ਜ਼ਬਤ ਕਰ ਲਿਆ ਹੈ, ਜਿਸਦੀ ਵਰਤੋਂ ਉਹ ਨਸ਼ਿਆਂ ਦੀ ਖੇਪ ਪਹੁੰਚਾਉਣ ਲਈ ਕਰਦਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਮੁੱਖ ਹੈਂਡਲਰ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜੋ ਟ੍ਰਾਈਸਿਟੀ ਵਿੱਚ ਨਸ਼ਿਆਂ ਦੀ ਖੇਪ ਦੀ ਡਿਲਿਵਰੀ ਅਤੇ ਵੰਡ ਦਾ ਕੰਮ ਦੇਖਦਾ ਹੈ।
ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਏਐਨਟੀਐਫ ਰੂਪਨਗਰ ਰੇਂਜ ਏਐਸ ਔਲਖ ਨੇ ਕਿਹਾ ਕਿ ਪੁਲਿਸ ਨੂੰ ਮੁਲਜ਼ਮ ਅਤੇ ਉਸਦੇ ਸਾਥੀਆਂ ਬਾਰੇ ਵਿਸ਼ੇਸ਼ ਖੁਫੀਆ ਜਾਣਕਾਰੀ ਮਿਲਣ ਕਿ ਉਕਤ ਮੁਲਜ਼ਮਾਂ ਨੇ ਨਸ਼ਿਆਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਉਹ ਖਰੜ ਦੇ ਨੇਚਰ ਹੱਟ 3 ਦੇ ਇੱਕ ਫਲੈਟ ਵਿੱਚ ਲੁਕੇ ਹੋਏ ਹਨ, ਡੀਐਸਪੀ ਏਐਨਟੀਐਫ ਯੋਗੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਏਐਨਟੀਐਫ ਟੀਮ ਨੇ ਉਕਤ ਫਲੈਟ ‘ਤੇ ਛਾਪਾ ਮਾਰਿਆ।
ਉਨ੍ਹਾਂ ਅੱਗੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਟੀਮਾਂ ਸ਼ੱਕੀ ਆਕਾਸ਼ਦੀਪ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਰਹੀਆਂ, ਜਦੋਂ ਕਿ ਉਸਦੇ ਦੋ ਸਾਥੀ ਫਲੈਟ ਦੀ ਬਾਲਕੋਨੀ ਤੋਂ ਨਾਲ ਲੱਗਦੇ ਖਾਲੀ ਪਲਾਟ ਵਿੱਚ ਛਾਲ ਮਾਰ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਏਆਈਜੀ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਦੋ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਥਾਣਾ ਕੇਸ ਏਐਨਟੀਐਫ ਮੋਹਾਲੀ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਤਹਿਤ ਐਫਆਈਆਰ ਨੰਬਰ 305 ਮਿਤੀ 24-11-2025 ਦਰਜ ਕੀਤਾ ਗਿਆ ਹੈ।




