ਮੋਗਾ, 27 ਨਵੰਬਰ: ਦੇਸ਼ ਕਲਿੱਕ ਬਿਊਰੋ :
ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਮੇਅਰ ਬਲਜੀਤ ਸਿੰਘ ਚਾਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਗਲਤ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਉਨ੍ਹਾਂ ਕੋਲੋਂ ਮੇਅਰ ਦੇ ਅਹੁਦੇ ਤੋਂ ਵੀ ਅਸਤੀਫ਼ਾ ਮੰਗ ਲਿਆ ਹੈ। ਮੇਅਰ ‘ਤੇ ਦੋਸ਼ ਹੈ ਕਿ ਉਸ ਨੇ ਇੱਕ ਔਰਤ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਦੇ ਬਦਲੇ ਪੈਸੇ ਲਏ ਸਨ, ਜਿਸ ਕਾਰਨ ਪਾਰਟੀ ਨੇ ਕਾਰਵਾਈ ਕੀਤੀ।
ਬਲਜੀਤ ਸਿੰਘ ਚਾਨੀ 21 ਅਗਸਤ, 2023 ਨੂੰ ਮੋਗਾ ਨਗਰ ਨਿਗਮ ਦੇ ਮੇਅਰ ਵਜੋਂ ਬਿਨਾਂ ਵਿਰੋਧ ਚੁਣੇ ਗਏ ਸਨ। ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਪਹਿਲੇ ਮੇਅਰ ਬਣੇ ਸਨ।
ਇਸ ਤੋਂ ਪਹਿਲਾਂ, 5 ਜੁਲਾਈ, 2023 ਨੂੰ, ਤਤਕਾਲੀ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਵਿਰੁੱਧ ਅਵਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਚੰਨੀ ਨੂੰ ਕੌਂਸਲਰਾਂ ਦੇ ਸਮਰਥਨ ਨਾਲ ਚੁਣਿਆ ਗਿਆ ਸੀ। ਚੰਨੀ ਨੂੰ ਮੋਗਾ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ 50 ਵਿੱਚੋਂ 42 ਕੌਂਸਲਰਾਂ ਦੀ ਮੌਜੂਦਗੀ ਵਿੱਚ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚ ‘ਆਪ’ ਦੇ 32 ਅਤੇ ਹੋਰ ਪਾਰਟੀਆਂ ਦੇ 10 ਸ਼ਾਮਲ ਸਨ।




