- ਅਭਿਆਸ ਦੌਰਾਨ ਦੋ ਕੌਮੀ ਖਿਡਾਰੀਆਂ ਦੀ ਮੌਤ ਹੋ ਜਾਣ ਨਾਲ ਹਰਿਆਣਾ ਦੇ ਖਸਤਾਹਾਲ ਖੇਡ ਢਾਂਚੇ ਦੀ ਪੋਲ ਖੁੱਲ੍ਹੀ
- ਦੁਖਦਾਇਕ ਘਟਨਾਵਾਂ ਨਾਲ ਖੇਡ ਜਗਤ ਸਦਮੇ ਵਿੱਚ
- ਅਜਿਹੇ ਹਾਦਸੇ ਰੋਕਣ ਲਈ ਭਾਰਤੀ ਖੇਡ ਮੰਤਰਾਲਾ ਸਾਰੇ ਸੂਬਿਆਂ ਪਾਸੋਂ ਖੇਡ ਮੈਦਾਨਾਂ ਦੀ ਮੌਜੂਦਾ ਹਾਲਤ ਬਾਰੇ ਰਿਪੋਰਟ ਮੰਗੇ
ਲਖਨ ਮਾਜਰਾ (ਰੋਹਤਕ), 27 ਨਵੰਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ 16 ਸਾਲਾ ਕੌਮੀ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਜਿਸ ਦੀ ਬੀਤੇ ਦਿਨ ਪਿੰਡ ਦੇ ਖੇਡ ਮੈਦਾਨ ਵਿੱਚ ਅਭਿਆਸ ਦੌਰਾਨ ਅਚਾਨਕ ਬਾਸਕਟ ਬਾਲ ਦਾ ਪੋਲ ਡਿੱਗਣ ਕਾਰਨ ਮੌਤ ਹੋ ਗਈ ਸੀ।
ਇਸ ਘਟਨਾ ਨੂੰ ਪੂਰੇ ਦੇਸ਼ ਲਈ ਸ਼ਰਮਨਾਕ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨਾਲ ਪੂਰਾ ਖੇਡ ਜਗਤ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਰਾਠੀ ਦੇ ਮਾਪਿਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਅਭਿਆਸ ਕਰਨ ਗਏ ਪੁੱਤ ਦੀ ਲਾਸ਼ ਘਰ ਆਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਖੇਡਾਂ ਨਾਲ ਪਿਆਰ ਹੈ ਜਿਸ ਕਰਕੇ ਉਹ ਮ੍ਰਿਤਕ ਖਿਡਾਰੀ ਦੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਅਫਸੋਸ ਕਰਨ ਆਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪਿੰਡ ਵਾਸੀਆਂ ਨੇ ਬਾਸਕਟਬਾਲ ਮੈਦਾਨ ਦੀ ਖਸਤਾ ਹਾਲਤ ਬਾਰੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਸਨ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਹਰਿਆਣਾ ਸਰਕਾਰ ਨੂੰ ਇਸ ਲਾਪਰਵਾਹੀ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਨੇ ਹਰਿਆਣਾ ਵਿੱਚ ਖਸਤਾ ਹਾਲ ਖੇਡ ਢਾਂਚੇ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਭਾਵੇਂ ਖੇਡਾਂ ਦੇ ਮਜ਼ਬੂਤ ਬੁਨਿਆਦੀ ਢਾਂਚੇ ਬਾਰੇ ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ ’ਤੇ ਹਾਲਤ ਬਦ ਤੋਂ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ 47 ਤੋਂ ਵੱਧ ਖਿਡਾਰੀ ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਇਸ ਪਿੰਡ ਦੇ ਖੇਡ ਮੈਦਾਨ ਵਿੱਚ ਕੋਈ ਸਹੂਲਤ ਨਹੀਂ ਦਿੱਤੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਦੁੱਖ ਦੀ ਗੱਲ ਹੈ ਕਿ ਖੇਡ ਮੈਦਾਨ ਦੇ ਸੁਧਾਰ ਲਈ ਫੰਡ ਵੀ ਜਾਰੀ ਹੋ ਚੁੱਕੇ ਹਨ ਪਰ ਅਜੇ ਤੱਕ ਇਕ ਪੈਸਾ ਵੀ ਨਹੀਂ ਖਰਚਿਆ ਗਿਆ ਜਿਸ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਹਰਿਆਣਾ ਵਿੱਚ ਬਹਾਦਰਗੜ੍ਹ ਵਿੱਚ ਬਾਸਕਟਬਾਲ ਪੋਲ ਡਿੱਗਣ ਕਾਰਨ 15 ਸਾਲਾ ਖਿਡਾਰੀ ਅਮਨ ਕੁਮਾਰ ਦੀ ਮੌਤ ’ਤੇ ਵੀ ਦੁੱਖ ਜ਼ਾਹਰ ਕਰਦਿਆਂ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਖੇਡ ਮੰਤਰਾਲੇ ਨੂੰ ਦੇਸ਼ ਦੇ ਖੇਡ ਮੈਦਾਨਾਂ ਦੀ ਮੌਜੂਦਾ ਹਾਲਤ ਦਾ ਪਤਾ ਲਾਉਣ ਸਾਰੇ ਸੂਬਿਆਂ ਪਾਸੋਂ ਰਿਪੋਰਟ ਮੰਗਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸਾਲ 2030 ਵਿੱਚ ਭਾਰਤ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਜਦਕਿ ਦੂਜੇ ਪਾਸੇ ਮਾੜੇ ਖੇਡ ਢਾਂਚੇ ਕਾਰਨ ਖੇਡ ਜਗਤ ਦੇ ਹੀਰੇ ਗੁਆ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਵਿਚਾਰਨ ਦੀ ਲੋੜ ਹੈ ਕਿ ਅਸੀਂ ਵਿਸ਼ਵ ਖੇਡ ਮੁਕਾਬਲੇ ਕਰਵਾਉਣ ਦੇ ਯੋਗ ਹਾਂ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਲਈ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਲਈ ਪ੍ਰਾਜੈਕਟ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਖੇਡਾਂ ਦਾ ਬਜਟ ਵਧਾ ਕੇ ਇਕ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਉੱਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਗਾਤਾਰ ਤਿੰਨ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈ ਜਾ ਚੁੱਕੀਆਂ ਹਨ ਜਿਸ ਵਿੱਚ ਲੱਖਾਂ ਖਿਡਾਰੀ ਹਿੱਸਾ ਲੈਂਦੇ ਹਨ।




