ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 12 ਦਸੰਬਰ (ਭਟੋਆ)
ਬੇਲਾ ਰੋਪੜ ਸੜਕ ਤੇ ਪੈਂਦੇ ਪਿੰਡ ਬਲਰਾਮਪੁਰ ਦੇ ਬਸ ਸਟੈਂਡ ਨੇੜੇ ਇੱਕ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਫੇਟ ਮਾਰ ਜਾਣ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੇ 17 ਸਾਲਾ ਨੌਜਵਾਨ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਬੇਲਾ ਦੇ ਇਨਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਬੜਾ ਮੱਕੋਵਾਲ ਥਾਣਾ ਸ੍ਰੀ ਚਮਕੌਰ ਸਾਹਿਬ, ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਦੋਸਤ ਕਮਲਜੀਤ ਸਿੰਘ ਪੁੱਤਰ ਹਰਚਰਨ ਸਿੰਘ ਨਿਵਾਸੀ ਪਿੰਡ ਬੜਾ ਮੱਕੋਵਾਲ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ 71 ਬੀ 1530 ਰਾਂਹੀ ਕਿਸੇ ਨਿੱਜੀ ਕੰਮ ਲਈ ਪਿੰਡ ਤੋਂ ਰੂਪਨਗਰ ਗਏ ਸੀ।ਆਕਾਸ਼ਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੋਟਰਸਾਈਕਲ ਨੂੰ ਉਹ ਖੁਦ ਚਲਾ ਰਿਹਾ ਸੀ ਜਦ ਕਿ ਕਮਲਜੀਤ ਸਿੰਘ ਉਸਦੇ ਪਿੱਛੇ ਬੈਠਾ ਸੀ, ਆਕਾਸ਼ਦੀਪ ਸਿੰਘ ਅਨੁਸਾਰ ਜਦੋਂ ਉਹ ਰਾਤੀ 10 ਵਜੇ ਰੂਪਨਗਰ ਤੋਂ ਵਾਪਸ ਪਿੰਡ ਮੱਕੋਵਾਲ ਵੱਲ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਬਲਰਾਮਪੁਰ ਦੇ ਬਸ ਸਟੈਂਡ ਤੋਂ ਥੋੜਾ ਅੱਗੇ ਆਏ ਤਾਂ ਪਿੱਛੋਂ ਆਈ ਇੱਕ ਮਾਰੂਤੀ ਆਲਟੋ ਕੇ 10 ਕਾਰ ਨੰਬਰ ਪੀਬੀ 12 ਕਿਯੂ- 4168 ਨੇ ਉਨਾ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ , ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠਾ ਕਮਲਜੀਤ ਸਿੰਘ ਸੜਕ ਤੇ ਡਿੱਗ ਪਿਆ ਅਤੇ ਕਾਰ ਉਸਦੇ ਉੱਪਰੋਂ ਲੰਘ ਗਈ।
ਆਕਾਸ਼ਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਚਾਲਕ ਨੇ ਥੋੜੀ ਦੂਰ ਜਾ ਕੇ ਆਪਣੀ ਕਾਰ ਰੋਕੀ ਅਤੇ ਮੁੜ ਕਾਰ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਆਕਾਸ਼ਦੀਪ ਸਿੰਘ ਅਨੁਸਾਰ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਚੌਂਕੀ ਬੇਲਾ ਤੋਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਗੰਭੀਰ ਰੂਪ ਵਿੱਚ ਜਖਮੀ ਹਾਲਤ ਵਿੱਚ ਕਮਲਜੀਤ ਸਿੰਘ ਨੂੰ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਕਮਲਜੀਤ ਸਿੰਘ ਨੂੰ ਚੈੱਕ ਕਰਨ ਉਪਰੰਤ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਉਪਰੰਤ ਉਹਨਾਂ ਕਮਲਜੀਤ ਸਿੰਘ ਦੀ ਲਾਸ਼ ਨੂੰ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ।
ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਦੇ ਬਿਆਨ ਦੇ ਆਧਾਰ ਤੇ ਕਾਰ ਨੰਬਰ ਪੀਬੀ 12 ਕਿਯੂ- 4168 ਦੇ ਨਾਮਾਲੂਮ ਚਾਲਕ ਖਿਲਾਫ ਬੀਐਨਐਸ ਦੀਆਂ ਧਾਰਾਵਾਂ.281/106/324 ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ , ਜਦਕਿ ਕਮਲਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ , ਜਿਸ ਦਾ ਪਰਿਵਾਰਿਕ ਮੈਂਬਰਾਂ ਵੱਲੋਂ ਸੰਸਕਾਰ ਕਰ ਦਿੱਤਾ ਗਿਆ।
ਇਸੇ ਦੌਰਾਨ ਸੰਪਰਕ ਕਰਨ ਤੇ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਮਲਜੀਤ ਸਿੰਘ ਹੋਰੀ ਦੋ ਭਰਾ ਸਨ। ਜਿਸਦੇੇ ਮਾਪੇ ਬਹੁਤ ਗਰੀਬ ਹਨ ਅਤੇ ਦਿਹਾੜੀ ਆਦਿ ਕਰਕੇ ਹੀ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਕਮਲਜੀਤ ਸਿੰਘ ਵੀ ਮਜਦੂਰੀ ਹੀ ਕਰਦਾ ਸੀ।




