ਡਾਕ ਘਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਕੋਸ਼ਿਸ਼

ਪੰਜਾਬ
  • ਚੋਰ ਡਾਕਖਾਨੇ ਦੀ ਸੇਫ ਨੂੰ ਖੋਲਣ ਜਾਂ ਤੋੜਨ ਤੋਂ ਅਸਮਰੱਥ ਰਹੇ

ਮੋਰਿੰਡਾ, 20 ਦਸੰਬਰ: ਦੇਸ਼ ਕਲਿੱਕ ਬਿਊਰੋ –

ਮੋਰਿੰਡਾ ਦੀ ਸੰਘਣੀ ਆਬਾਦੀ ਵਿੱਚ ਸਥਿਤ ਡਾਕਘਰ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਡਾਕਘਰ ਦੀ ਤਾਕੀ ਤੋੜਨ ਉਪਰੰਤ ਗਰਿਲ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ , ਪਰੰਤੂ ਡਾਕਘਰ ਦੇ ਅਧਿਕਾਰੀਆਂ ਅਨੁਸਾਰ ਚੋਰ ਡਾਕਖਾਨੇ ਵਿੱਚ ਪਈ ਸੇਫ ਨੂੰ ਖੋਲਣ ਤੋ ਜਾਂ ਤੋੜਨ ਤੋਂ ਅਸਮਰੱਥ ਰਹੇ , ਜਿਸ ਕਾਰਨ ਜਨਤਾ ਵੱਲੋਂ ਡਾਕਖਾਨੇ ਵਿੱਚ ਜਮਾ ਕਰਾਈ ਰਾਸ਼ੀ ਬਿਲਕੁਲ ਸੁਰੱਖਿਅਤ ਹੈ । ਇਹ ਸਾਰੀ ਵਾਰਦਾਤ ਡਾਕਖਾਨੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਇਸ ਸਬੰਧੀ ਡਾਕਖਾਨੇ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲਿਸ ਅਤੇ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਚੋਰਾਂ ਵੱਲੋਂ ਬੀਤੀ ਰਾਤ ਡਾਕਖਾਨੇ ਦੇ ਨਾਲ ਲੱਗਦੀ ਦੁਕਾਨ ਦੀ ਪੌੜੀ ਰਾਹੀਂ ਡਾਕਖਾਨੇ ਦੇ ਪਿਛਲੇ ਪਾਸੇ ਦਾਖਲ ਹੋ ਕੇ ਪਹਿਲਾਂ ਇੱਕ ਤਾਕੀ ਤੋੜੀ ਗਈ ਜਿਸ ਉਪਰੰਤ ਇਸ ਤਾਕੀ ਵਿੱਚ ਲੱਗੀ ਗਰਿੱਲ ਤੋੜ ਕੇ ਇਹ ਚੋਰ ਡਾਕਖਾਨੇ ਦੇ ਅੰਦਰ ਦਾਖਲ ਹੋ ਗਏ । ਇਸ ਚੋਰੀ ਸਬੰਧੀ ਡਾਕਖਾਨੇ ਦੇ ਕਰਮਚਾਰੀਆਂ ਨੂੰ ਸਵੇਰੇ ਡਿਊਟੀ ਆਉਣ ਤੇ ਹੀ ਪਤਾ ਚੱਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਖਾਨੇ ਦੇ ਸੀਨੀਅਰ ਕਰਮਚਾਰੀ ਸ਼੍ਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਡਾਕਘਰ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਡਾਕਖਾਨੇ ਦੀ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਕਰਾ ਦਿੱਤਾ ਜਾ ਚੁੱਕਾ ਹੈ ਅਤੇ ਇੱਥੇ ਪਹਿਲਾਂ ਵੀ ਚੋਰੀ ਦੀਆਂ ਦੋ ਵਾਰਦਾਤਾਂ ਵਾਪਰ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਡਾਕਖਾਨੇ ਵਿੱਚ ਪਏ ਸਾਰੇ ਕਾਊਂਟਰਾਂ ਦੇ ਦਰਾਜ ਫਰੋਲੇ ਗਏ ਅਤੇ ਦਰਾਜਾਂ ਵਿੱਚ ਪਏ ਕਾਗਜਾਂ ਪੱਤਰਾਂ ਨੂੰ ਬਾਹਰ ਕੱਢ ਕੇ ਖਿਲਾਰ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਵੱਲੋਂ ਡਾਕਖਾਨੇ ਵਿੱਚ ਪਈ ਸੇਫ, ਜਿਸ ਵਿੱਚ ਜਨਤਾ ਵੱਲੋਂ ਜਮਾ ਕਰਵਾਈ ਵੀ ਰਾਸ਼ੀ ਰੱਖੀ ਜਾਂਦੀ ਹੈ , ਉਸ ਨਾਲ ਵੀ ਛੇੜਖਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਹ ਸੇਫ ਚੋਰਾਂ ਤੋਂ ਨਾ ਖੁੱਲ ਸਕੀ ਅਤੇ ਨਾ ਹੀ ਤੋੜੀ ਜਾ ਸਕੀ। ਜਿਸ ਕਾਰਨ ਇਸ ਸੇਫ ਵਿੱਚ ਅਤੇ ਡਾਕਖਾਨੇ ਵਿੱਚ ਲੋਕਾਂ ਵੱਲੋਂ ਜਮਾ ਕਰਵਾਈ ਗਈ ਰਾਸ਼ੀ ਬਿਲਕੁਲ ਸੁਰੱਖਿਤ ਪਾਈ ਗਈ।. ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਡਾਕਖਾਨੇ ਵਿੱਚੋਂ ਹੋਰ ਕਿਹੜਾ ਕਿਹੜਾ ਪੇਪਰ ਜਾਂ ਦਸਤਾਵੇਜ਼ ਫਾੜਿਆ ਜਾਂ ਚੋਰੀ ਕੀਤਾ ਗਿਆ ਹੈ। ਉਸ ਸਬੰਧੀ ਉੱਚ ਅਧਿਕਾਰੀਆਂ ਤੇ ਡਾਕਖਾਨੇ ਦੇ ਕਰਮਚਾਰੀਆਂ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ।ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਕੀਤੀ ਸਾਰੀ ਕਾਰਵਾਈ ਡਾਕਖਾਨੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪ੍ਰੰਤੂ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਉਹ ਅਜਿਹੀ ਕੋਈ ਵੀ ਸੀਸੀਟੀਵੀ ਫੁਟੇਜ ਦੇਣ ਤੋਂ ਅਸਮਰੱਥ ਹਨ।

ਉਧਰ ਜਦੋਂ ਇਸ ਸਬੰਧੀ ਐਸਐਚ ਓ ਮੋਰਿੰਡਾ ਸ਼ਹਿਰੀ , ਸਬ ਇੰਸਪੈਕਟਰ ਗੁਰਮੁਖ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਹੀ ਏਐਸਆਈ ਮਨਜੀਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਡਾਕਖਾਨੇ ਵਿੱਚ ਅਤੇ ਆਲੇ ਦੁਆਲੇ ਬਾਜ਼ਾਰ ਵਿੱਚ ਤੇ ਘਰਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।