Canada: ਸਕਿੱਲਡ ਵਿਦਿਆਰਥੀਆਂ ਦੀਆਂ 2600 ਫਾਈਲਾਂ ਰੱਦ ਕਰਨ ਦੇ ਵਿਰੁੱਧ ਰੱਖੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਕੌਮਾਂਤਰੀ ਪੰਜਾਬ

ਬਰੈਂਪਟਨ ਕਨੇਡਾ, 21 ਦਸੰਬਰ (ਗੁਰਮੀਤ ਸੁਖਪੁਰ)

ਅੱਜ ਇੱਥੇ 99 ਗਲਿੱਡਨ ਰੋਡ ਬਰੈਂਪਟਨ ਦੇ ਹਾਲ ਵਿੱਚ ਵਿਦਿਆਰਥੀਆਂ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਕਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਫਾਈਲਾਂ ਵਾਪਸ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸਟੇਜ ਸੈਕਟਰੀ ਨਵਜੋਤ ਕੌਰ,ਸੋਹਣ ਸਿੰਘ ਤੇ ਕੁਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੀਆਂ ਫਾਈਲਾਂ ਨੂੰ ਰਿਟਰਨ ਕਰਨ ਦਾ ਕੋਈ ਵੀ ਕਾਰਨ ਪੀੜਤ ਵਿਦਿਆਰਥੀਆਂ ਨਾਲ ਸਾਂਝਾ ਕਰਨ ਦੀ ਬਜਾਏ ਇਹ ਨਿਰਆਧਾਰ ਦੋਸ ਲਗਾਇਆ ਗਿਆ ਕਿ ਤੁਸੀਂ ਫਰਾਡ ਕੀਤਾ ਹੈ।ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਨੇ ਫਰਾਡ ਕੀਤਾ ਹੈ ਕੋਈ ਡਾਕੂਮੈਂਟ ਗਲਤ ਲਗਾਇਆ ਹੈ।

ਉਹਨਾਂ ਦੇ ਅਸੀਂ ਵੀ ਖਿਲਾਫ ਹਾਂ ਪਰੰਤੂ ਸਾਰੇ ਸਕਿੱਲਡ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨੀਆਂ ਸਰਾਸਰ ਬੇਇਨਸਾਫ਼ੀ ਹੈ।ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰਣ ਲਿਆ ਕਿ ਅਸੀਂ ਇਸ ਧੱਕੇਸ਼ਾਹੀ ਦੇ ਵਿਰੁੱਧ ਸੰਘਰਸ਼ ਜਾਰੀ ਰੱਖਾਂਗੇ।ਵਿਦਿਆਰਥੀ ਨਿਹਾਲ ਕੌਰ ,ਜਗਜੀਤ ਸਿੰਘ,ਮਿਲਨਦੀਪ ਸਿੰਘ,ਅਭਿਸ਼ੇਕ,ਅਮਰਦੀਪ ਸਿੰਘ,ਮਹਿਕਦੀਪ ਸਿੰਘ ਤੇ ਵਿਕਰਮ ਕੁਲੇਵਾਲ ਨੇ ਬੜੀ ਡਿਟੇਲ ਵਿੱਚ ਧਰਨੇ ਦੀ ਬਾਜਵੀਅਤ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਇਸ ਵਰਤਾਰੇ ਨੂੰ ਪੂਰੀ ਦੁਨੀਆ ਵਿੱਚ ਵਾਪਰ ਰਹੇ ਵਰਤਾਰਿਆਂ ਦੀ ਰੌਸ਼ਨੀ ਵਿੱਚ ਤੇ ਸਾਮਰਾਜੀ ਸੰਕਟ ਦੇ ਤੌਰ ਤੇ ਸਮਝਣ ਦੀ ਲੋੜ ਹੈ।

ਸਟੇਜ ਸਕੱਤਰ ਨਵਜੋਤ ਕੌਰ ਤੇ ਮਹਿਕਦੀਪ ਸਿੰਘ ਨੇ ਸਾਂਝਾ ਫਰੰਟ ਬਣਾ ਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ। ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਪ੍ਰਧਾਨ ਜੰਗੀਰ ਸਿੰਘ ਸਹਿੰਬੀ ਨੇ ਵਿਦਿਆਰਥੀਆਂ ਦੀ ਸਹਾਇਤਾ ਲਈ ਪਹਿਲਾਂ ਕੀਤੇ ਯਤਨਾਂ ਅਤੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਨੂੰ ਕੀਤੀਆਂ ਈ ਮੇਲਾਂ ਦਾ ਜਿਕਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਪੀ ਆਰ ਕਰਵਾਉਣ ਤੱਕ ਸੰਘਰਸ਼ ਦੀ ਸਪੋਰਟ ਕੀਤੀ ਜਾਵੇਗੀ।

ਲੋਕਲ ਕਨਸਰਨਜ਼ ਕਮੇਟੀ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ ਨੇ ਵਿਦਿਆਰਥੀਆਂ ਨਾਲ ਹੋ ਰਹੀ ਬੇਇਨਸਾਫ਼ੀ ਦੇ ਵਿਰੁੱਧ ਡਟ ਕੇ ਖੜ੍ਹਨ ਦਾ ਵਿਸ਼ਵਾਸ ਦਿਵਾਉਂਦਿਆਂ ਦੱਸਿਆ ਕਿ ਸੰਸਾਰ ਪੱਧਰ ਤੇ ਪ੍ਰਵਾਸੀਆਂ ਖ਼ਿਲਾਫ਼ ਸਿਰਜੇ ਜਾ ਰਹੇ ਨੈਰੇਟਿਵ ਨੂੰ ਸਮਝਣ ਦੀ ਲੋੜ ਹੈ।ਸੁਖਪੁਰਾ ਨੇ ਬਾਬੇ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਬੰਦਾ ਬਹਾਦਰ ਤੇ ਕਰਤਾਰ ਸਿੰਘ ਸਰਾਭਾ ਵੇਲੇ ਦੇ ਹਾਲਾਤਾਂ ਦਾ ਜਿਕਰ ਕਰਦਿਆਂ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੋੜਕੇ ਸੰਗਰਸ਼ ਹੀ ਇੱਕੋ ਇੱਕ ਹੱਲ ਦਾ ਨੁਕਤਾ ਸਾਂਝਾ ਕੀਤਾ।

ਉਨ੍ਹਾਂ ਕਿਹਾ ਕਿ “ਲੜੋਗੇ ਤਾਂ ਜਿੱਤੋਗੇ “ਤੁਹਾਡੇ ਕੋਲ ਜਿੱਤਣ ਲਈ ਬਹੁਤ ਕੁਝ ਹੈ ਤੇ ਗਵਾਉਣ ਲਈ ਕੁੱਝ ਵੀ ਨਹੀਂ।ਵਰਲਡ ਸਿੱਖ ਯੂਥ ਆਰਗੇਨਾਈਜਨ ਦੇ ਆਗੂ ਜਸਪ੍ਰੀਤ ਸਿੰਘ ਨੇ ਸੰਘਰਸ਼ ਦੀ ਹਮਾਇਤ ਕਰਨ ਭਰੋਸਾ ਦਿਵਾਇਆ।ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਤੋਂ ਭਾਈ ਗੁਰਵਿੰਦਰ ਸਿੰਘ ਨੇ ਕਾਮਾਗਾਟਾਮਾਰੂ ਦੇ ਇਤਿਹਾਸ ਨਾਲ ਜੋੜਦਿਆਂ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ।

ਉਪਰੋਕਤ ਤੋਂ ਇਲਾਵਾ ਜਗਮੋਹਨ ਢੁਡੀਕੇ,ਪ੍ਰੀਤਮ ਸਿੰਘ ਸਰਾਂ, ਫਾਰਮ ਵਰਕਰਜ਼ ਆਗੂ ਗੈਬਰੀਆਲ,ਆਰਿਫ਼ ਅਹਿਮਦ ,ਗਰਿਮਾ,ਮਾਇਆ ਤੇ ਮਾਸਟਰ ਹਰਬੰਸ ਸਿੰਘ ਸਰੋਕਾਰਾਂ ਦੀ ਆਵਾਜ਼ ਵਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹਨ ਦਾ ਵਿਸ਼ਵਾਸ ਦਿਵਾਇਆ।ਅਖੀਰ ਵਿੱਚ ਨਵਜੋਤ ਕੌਰ ਤੇ ਮਹਿਕਦੀਪ ਵਲੋਂ ਪ੍ਰੈੱਸ ਨੂੰ ਦੱਸਿਆ ਕਿ ਜੇਕਰ ਸਾਡੀਆਂ ਫਾਈਲਾਂ ਦਾ ਨਿਬੇੜਾ ਕਰਦਿਆਂ ਪੀ ਆਰ ਨਾ ਦਿੱਤੀ ਗਈ ਤਾਂ ਭਵਿੱਖ ਵਿੱਚ ਸਾਂਝੇ ਤੌਰ ਤੇ ਸ਼ਾਂਤਮਈ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।