ਪੰਜਾਬ ਸਰਕਾਰ ਵੱਲੋਂ ਝੋਨਾ ਛੱਡ ਕੇ ਸਾਉਣੀ ਦੀ ਮੱਕੀ ਬੀਜਣ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਪੰਜਾਬ
  • ਗੁਰਮੀਤ ਸਿੰਘ ਖੁੱਡੀਆਂ ਨੇ ਸਾਉਣੀ ਦੀ ਮੱਕੀ ਵੱਲ ਰੁਖ਼ ਕਰਨ ਵਾਲੇ ਕਿਸਾਨਾਂ ਦੀ ਬਦਲਾਅ ਦੇ ਝੰਡਾਬਰਦਾਰ ਕਹਿ ਕੇ ਵਧਾਇਆ ਮਾਣ
  • ਖੇਤੀਬਾੜੀ ਮੰਤਰੀ ਵੱਲੋਂ ਕੀਮਤੀ ਜਲ ਸਰੋਤਾਂ ਨੂੰ ਬਚਾਉਣ ਲਈ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਦਾ ਐਲਾਨ

ਚੰਡੀਗੜ੍ਹ, 23 ਦਸੰਬਰ: ਦੇਸ਼ ਕਲਿੱਕ ਬਿਊਰੋ –

ਸੂਬੇ ਵਿੱਚ ਸਾਉਣੀ ਦੀ ਮੱਕੀ ਦੇ ਪਾਇਲਟ ਪ੍ਰੋਜੈਕਟ ਦੀ ਸਫਲਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਉਨ੍ਹਾਂ ਅਗਾਂਹਵਧੂ ਮੱਕੀ ਕਾਸ਼ਤਕਾਰਾਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਪਾਣੀ ਦੀ ਜ਼ਿਆਦਾ ਖਪਤ ਵਾਲੇ ਝੋਨੇ ਦੀ ਫਸਲ ਦੀ ਥਾਂ ਸਾਉਣੀ ਦੀ ਮੱਕੀ ਦੀ ਖੇਤੀ ਵੱਲ ਰੁਖ਼ ਕੀਤਾ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅਗਾਂਹਵਧੂ ਮੱਕੀ ਕਾਸ਼ਤਕਾਰਾਂ ਨੂੰ ਪ੍ਰਸੰਸਾ ਸਰਟੀਫਿਕੇਟ ਦਿੱਤੇ ਅਤੇ ਉਨ੍ਹਾਂ ਨੂੰ ਪ੍ਰੇਰਿਆ ਕਿ ਉਹ ਹੋਰ ਕਿਸਾਨਾਂ ਨੂੰ ਵੀ ਸਾਉਣੀ ਦੀ ਮੱਕੀ ਦੀ ਕਾਸ਼ਤ ਲਈ ਜਾਗਰੂਕ ਕਰਨ।

ਉਨ੍ਹਾਂ ਕਿਹਾ ਕਿ ਸਾਉਣੀ ਦੀ ਮੱਕੀ ਪਾਇਲਟ ਪ੍ਰੋਜੈਕਟ, ਜਿਸਦਾ ਉਦੇਸ਼ ਫਸਲੀ ਵਿਭਿੰਨਤਾ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਸਰਕਾਰ ਅਗਲੇ ਸੀਜ਼ਨ ਲਈ ਇਸ ਪ੍ਰੋਗਰਾਮ ਦੇ ਵਿਸਥਾਰ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਹੋਰ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਵਰਤੋਂ ਵਾਲੇ ਝੋਨੇ ਦੀ ਫਸਲ ਤੋਂ ਮੋੜ ਕੇ ਮੱਕੀ ਦੀ ਖੇਤੀ ਵੱਲ ਰੁਖ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਮੱਕੀ ਦੀ ਖੇਤੀ ਨੂੰ ਇੱਕ ਟਿਕਾਊ ਵਿਕਲਪ ਅਤੇ ਝੋਨੇ ਨਾਲੋਂ ਬਹੁਤ ਘੱਟ ਪਾਣੀ ਦੀ ਲੋੜ ਵਾਲੀ ਫ਼ਸਲ ਵਜੋਂ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਉਦਯੋਗ ਜਗਤ ਦੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਕੇ ਰਣਨੀਤਕ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸਦਾ ਉਦੇਸ਼ ਪੰਜਾਬ ਨੂੰ ਮੱਕੀ ਦੇ ਉਤਪਾਦਨ ਵਿੱਚ ਮੋਹਰੀ ਸੂਬੇ ਵਜੋਂ ਸਥਾਪਤ ਕਰਨਾ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਤਹਿਤ ਇਸ ਸਾਲ ਬਠਿੰਡਾ, ਸੰਗਰੂਰ, ਗੁਰਦਾਸਪੁਰ, ਜਲੰਧਰ, ਕਪੂਰਥਲਾ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਮੱਕੀ ਨੂੰ ਝੋਨੇ ਦੇ ਲਾਭਦਾਇਕ ਅਤੇ ਟਿਕਾਊ ਵਿਕਲਪ ਵਜੋਂ ਪੇਸ਼ ਕੀਤਾ ਗਿਆ। 3,708 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਇਸ ਪਾਇਲਟ ਪ੍ਰੋਜੈਕਟ ਤਹਿਤ 11,326 ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠ ਸਫਲਤਾਪੂਰਵਕ ਲਿਆਂਦਾ।

ਇਹ ਪਹਿਲਕਦਮੀ ਦਹਾਕਿਆਂ ਤੋਂ ਚੱਲੇ ਆ ਰਹੇ ਰੁਝਾਨ ਨੂੰ ਖਤਮ ਕਰਨ ਲਈ ਇੱਕ ਰਣਨੀਤਕ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ। ਉਨ੍ਹਾਂ ਕਿਹਾ ਕਿ 1970 ਦੇ ਦਹਾਕੇ ਵਿੱਚ ਪੰਜਾਬ ਵਿੱਚ 5.5 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਸੀ , ਪਰ ਮੌਜੂਦਾ ਸਮੇਂ ਦੌਰਾਨ ਪੰਜਾਬ ਵਿੱਚ ਪਾਣੀ ਦੀ ਵੱਧ ਖਪਤ ਵਾਲੇ ਝੋਨੇ ਦਾ ਰੁਝਾਨ ਹੈ , ਜਿਸ ਕਾਰਨ ਮੱਕੀ ਹੇਠ ਰਕਬਾ ਮਹਿਜ਼ ਇੱਕ ਲੱਖ ਹੈਕਟੇਅਰ ਹੀ ਰਹਿ ਗਿਆ।

ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਦੀ ਬਦਲਾਅ ਦੇ ਝੰਡਾਬਰਦਾਰ ਵਜੋਂ ਸ਼ਲਾਘਾ ਕਰਦਿਆਂ ਸ. ਖੁੱਡੀਆਂ ਨੇ ਕਿਹਾ , ‘‘ਅੱਜ, ਅਸੀਂ ਸਿਰਫ਼ ਇੱਕ ਸਫਲ ਫ਼ਸਲ ਦਾ ਜਸ਼ਨ ਨਹੀਂ ਮਨਾ ਰਹੇ ਹਾਂ। ਅਸੀਂ ਪੰਜਾਬ ਵਿੱਚ ਬੀਜੇ ਜਾ ਰਹੇ ਨਵੇਂ ਤੇ ਟਿਕਾਊ ਖੇਤੀ ਅਭਿਆਸਾਂ ਦਾ ਜਸ਼ਨ ਮਨਾ ਰਹੇ ਹਾਂ। ਸਾਡੇ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਸਹਾਇਤਾ ਨਾਲ, ਅਸੀਂ ਆਪਣੇ ਕੀਮਤੀ ਪਾਣੀ, ਮਿੱਟੀ ਅਤੇ ਆਰਥਿਕ ਖੁਸ਼ਹਾਲੀ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਦੀ ਹਿੰਮਤ ਉਹ ਨੀਂਹ ਹੈ , ਜਿਸ ’ਤੇ ਅਸੀਂ ਇੱਕ ਵਿਭਿੰਨਤਾ ਵਾਲੀ ਖੇਤੀਬਾੜੀ ਅਰਥਵਿਵਸਥਾ ਨੂੰ ਦੁਬਾਰਾ ਬਣਾਵਾਂਗੇ।’’

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਉਣੀ ਦੀ ਮੱਕੀ ਪਾਇਲਟ ਪ੍ਰੋਜੈਕਟ ਇੱਕ ਮਜ਼ਬੂਤ ਪੰਜ-ਥੰਮ੍ਹੀ ਪ੍ਰਣਾਲੀ ਦੁਆਰਾ ਸਫਲ ਕੀਤਾ ਗਿਆ। ਇਸ ਵਿੱਚ 200 ਸਿਖਲਾਈ ਪ੍ਰਾਪਤ ‘‘ਕਿਸਾਨ ਮਿੱਤਰਾਂ’’ ਦੁਆਰਾ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਦੀ ਤਕਨੀਕੀ ਸਹਾਇਤਾ ਸ਼ਾਮਲ ਹੈ, ਫਸਲ ਦੇ ਬਦਲ ਦੀਆਂ ਲਾਗਤਾਂ ਨੂੰ ਪੂਰਾ ਕਰਨ ਲਈ ਪ੍ਰਤੀ ਹੈਕਟੇਅਰ 17,500 ਰੁਪਏ ਦੇ ਸਿੱਧੇ ਵਿੱਤੀ ਪ੍ਰੋਤਸਾਹਨ ਤੋਂ ਇਲਾਵਾ ਨਿਊਮੈਟਿਕ ਪਲਾਂਟਰਾਂ ਵਰਗੀਆਂ ਉੱਨਤ ਮਸ਼ੀਨਰੀ ’ਤੇ 50 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਗਈ। ਇਸ ਤੋਂ ਇਲਾਵਾ, ਪੀਏਯੂ ਦੇ ਮਾਹਰਾਂ ਨੇ ਅਤਿ-ਆਧੁਨਿਕ ਤਕਨੀਕੀ ਮਾਰਗਦਰਸ਼ਨ ਦੇ ਨਾਲ ਵਿਗਿਆਨਕ ਸਹਾਇਤਾ ਵੀ ਦਿੱਤੀ, ਜਦੋਂਕਿ ਮਾਰਕਫੈੱਡ ਦੁਆਰਾ ਕਿਸਾਨਾਂ ਲਈ ਮੱਕੀ ਦੀਆਂ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਮੰਡੀਕਰਨ ਦਾ ਭਰੋਸਾ ਵੀ ਦਿੱਤਾ ਗਿਆ।

ਖੇਤੀਬਾੜੀ ਮੰਤਰੀ ਨੇ ਮੱਕੀ ਕਾਸ਼ਤਕਾਰਾਂ ਨਾਲ ਉਨ੍ਹਾਂ ਦੇ ਤਜਰਬੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਜਾਨਣ ਲਈ ਗੱਲਬਾਤ ਵੀ ਕੀਤੀ। ਪਠਾਨਕੋਟ ਜ਼ਿਲ੍ਹੇ ਦੇ ਮੱਕੀ ਕਾਸ਼ਤਕਾਰਾਂ ਸੰਸਾਰ ਸਿੰਘ ਅਤੇ ਗੁਰਪਾਲ ਸਿੰਘ ਨੇ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇ ਪ੍ਰਤੀ ਏਕੜ 25-26 ਕੁਇੰਟਲ ਦੀ ਰਿਕਾਰਡ ਪੈਦਾਵਾਰ ਕੀਤੀ ਅਤੇ ਆਪਣੀ ਫਸਲ 2,700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ, ਜੋ ਕਿ ਐਮਐਸਪੀ 2,400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੈ।

ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ, “ਇਸ ਪਾਇਲਟ ਪ੍ਰੋਜੈਕਟ ਨੇ ਸਾਨੂੰ ਇੱਕ ਪ੍ਰਮਾਣਿਤ ਬਲੂਪ੍ਰਿੰਟ ਦਿੱਤਾ ਹੈ। ਸਾਡਾ ਟੀਚਾ ਹੁਣ, ਇਸ ਕਾਮਯਾਬੀ ਨਾਲ, ਹਜ਼ਾਰਾਂ ਹੋਰ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤੀ ਨੂੰ ਲਾਹੇਵੰਦ, ਖੁਸ਼ਹਾਲ, ਟਿਕਾਊ ਤੇ ਸੁਰੱਖਿਅਤ ਰੱਖਣਾ ਯਕੀਨੀ ਬਣਾਇਆ ਜਾ ਸਕੇ।”

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਾਮਵੀਰ, ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਪੀ.ਡੀ.ਸੀ. ਮੈਂਬਰ ਸ੍ਰੀ ਸ਼ੌਕਤ ਰਾਏ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਵੰਤ ਸਿੰਘ ਅਤੇ ਖੇਤੀਬਾੜੀ ਵਿਭਾਗ, ਪੰਜਾਬ ਐਗਰੋ, ਮਾਰਕਫੈੱਡ ਅਤੇ ਪਨਸੀਡ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।