ਸ੍ਰੀ ਚਮਕੌਰ ਸਾਹਿਬ / ਮੋਰਿੰਡਾ 25 ਦਸੰਬਰ (ਭਟੋਆ)
ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਸਮੇਤ ਹੋਰ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਆਯੋਜਤ ਸ਼ਹੀਦੀ ਜੋੜਮੇਲ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਦਿੱਲੀ ਦੇ ਇੱਕ ਸ਼ਰਧਾਲੂ ਦਾ ਸੋਨੇ ਦਾ ਕੜਾ ਵੱਢਣ ਵਾਲੀਆਂ ਮੁਕਦਮਾ ਦਰਜ ਕੀਤਾ ਹੈ, ਜਦਕਿ ਇਹਨਾਂ ਵਿੱਚੋਂ ਦੋ ਔਰਤਾਂ ਕੜੇ ਸਮੇਤ ਫਰਾਰ ਹੋਣ ਵਿੱਚ ਸਫਲ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਟੈਗੋਰ ਨਗਰ ,ਥਾਣਾ ਰਜੌਰੀ ਗਾਰਡਨ , ਨਿਊ ਦਿੱਲੀ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ਼ਹੀਦੀ ਜੋੜ ਮੇਲ ਸਬੰਧੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆਇਆ ਹੋਇਆ ਸੀ ਅਤੇ ਜਿਉਂ ਹੀ ਉਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਜਾਣ ਤੋਂ ਪਹਿਲਾਂ ਹੱਥ ਧੋਣ ਲੱਗਾ ਤਾਂ ਉਸਦੀ ਖੱਬੀ ਬਾਂਹ ਨੂੰ ਅਚਾਨਕ ਧੱਕਾ ਲੱਗਾ ਅਤੇ ਜਦੋਂ ਉਸਨੇ ਦੇਖਿਆ ਤਾਂ ਉਸ ਨੂੰ ਚਾਰ ਔਰਤਾਂ ਜਿਨਾਂ ਵਿੱਚੋਂ ਦੋ ਜਵਾਨ ਔਰਤਾਂ ਉਮਰ 30-35 ਸਾਲ ਅਤੇ ਦੋ 50- 55 ਸਾਲ ਉਮਰ ਦੀਆਂ ਔਰਤਾਂ ਨੇ ਉਸ ਨੂੰ ਘੇਰਾ ਪਾਇਆ ਹੋਇਆ ਸੀ ਜਿਨਾਂ ਵਿੱਚੋਂ ਇੱਕ ਔਰਤ ਨੇ ਉਸਦੇ ਖੱਬੇ ਹੱਥ ਵਿੱਚ ਪਾਇਆ ਦੋ ਤੋਲੇ ਸੋਨੇ ਦਾ ਕੜਾ ਵੱਢ ਕੇ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ।
ਚਰਨਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਹਨਾਂ ਵਿੱਚੋਂ ਦੋ ਔਰਤਾਂ ਨੂੰ ਉਸਨੇ ਆਪਣੇ ਪਰਿਵਾਰ ਸਮੇਤ ਕਾਬੂ ਕਰ ਲਿਆ, ਜਦਕਿ ਦੋ ਜਵਾਨ ਔਰਤਾਂ ਉਸਦੇ ਸੋਨੇ ਦੇ ਕੜੇ ਸਮੇਤ ਭੀੜ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਈਆਂ। ਚਰਨਜੀਤ ਸਿੰਘ ਅਨਸਾਰ ਜਦੋਂ ਉਸ ਨੇ ਫੜੀਆਂ ਗਈਆਂ ਔਰਤਾਂ ਤੋਂ ਨਾਮ ਪਤਾ ਪੁੱਛਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਆਪਣਾ ਨਾਮ ਨੱਥੋ ਉਰਫ ਜਸਪਾਲ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਘੇਰੂ ,ਥਾਣਾ ਸਦਰ ਧੂਰੀ, ਜਿਲਾ ਸੰਗਰੂਰ ਅਤੇ ਦੂਜੀ ਨੇ ਆਪਣਾ ਨਾਮ ਸ਼ਿੰਦਰ ਕੌਰ ਉਰਫ ਪਰਮਜੀਤ ਕੌਰ ਪਤਨੀ ਨਿਸ਼ਾਨ ਸਿੰਘ ਉਰਫ ਕਾਲਾ ਵਾਸੀ ਪਿੰਡ ਤਰਖਾਣ ਮਾਜਰਾ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਦੱਸਿਆ।
ਉਹਨਾਂ ਨੂੰ ਦੱਸਿਆ ਕਿ ਇਹਨਾਂ ਔਰਤਾਂ ਦੇ ਗ੍ਰੋਹ ਵੱਲੋਂ ਸ਼ਹੀਦੀ ਜੋੜ ਮੇਲੇ ਤੇ ਆਏ ਹੋਰ ਵੀ ਬਹੁਤ ਸਾਰੇ ਸ਼ਰਧਾਲੂਆਂ ਦਾ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ। ਚਰਨਜੀਤ ਸਿੰਘ ਵੱਲੋਂ ਇਹਨਾਂ ਦੋਨੋਂ ਔਰਤਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਏਐਸਆਈ ਰਣਜੀਤ ਸਿੰਘ ਨੇ ਦੱਸਿਆ ਚਰਨਜੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਨੱਥੋ ਉਰਫ ਜਸਪਾਲ ਕੌਰ ਅਤੇ ਸ਼ਿੰਦਰ ਕੌਰ ਉਰਫ ਪਰਮਜੀਤ ਕੌਰ ਸਮੇਤ 2 ਨਾ ਮਾਲੂਮ ਔਰਤਾਂ ਖਿਲਾਫ ਬੀਐਨਐਸ ਦੀਆਂ ਵੱਖ ਵਖ ਧਰਾਵਾਂ ਦੀ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




