- ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਦੀ ਵਿਸਤ੍ਰਿਤ ਸਮੀਖਿਆ, ਸਰਧਾਲੂਆਂ ਦੀ ਸਹੂਲਤ ਨੂੰ ਪਹਿਲ
- ਐੱਸ.ਐੱਸ.ਪੀ. ਨੇ ਕਿਹਾ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਪੁਖ਼ਤਾ ਇੰਤਜ਼ਾਮ, ਸੀ.ਸੀ.ਟੀ.ਵੀ. ਨਾਲ ਰਹੇਗੀ ਨਿਗਰਾਨੀ
ਮਾਲੇਰਕੋਟਲਾ, 15 ਜਨਵਰੀ: ਦੇਸ਼ ਕਲਿੱਕ ਬਿਊਰੋ:
17 ਜਨਵਰੀ 2026 ਨੂੰ 66 ਕੂਕਾ ਸਿੱਖ ਸ਼ਹੀਦਾਂ ਦੀ ਅਮਰ ਯਾਦ ਨੂੰ ਸਮਰਪਿਤ ਸਥਾਨਕ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 66 ਕੂਕਾ ਸਿੱਖ ਸ਼ਹੀਦਾਂ ਦੀ ਕੁਰਬਾਨੀ ਭਾਰਤੀ ਇਤਿਹਾਸ ਦਾ ਸੁਨਹਿਰਾ ਅਧਿਆਇ ਹੈ ਅਤੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਰਧਾਲੂਆਂ ਲਈ ਸਾਰੇ ਪ੍ਰਬੰਧ ਸਮੇਂ ਸਿਰ, ਸੁਚੱਜੇ ਅਤੇ ਸਰਧਾ ਭਾਵਨਾ ਨਾਲ ਮੁਕੰਮਲ ਕੀਤੇ ਜਾਣ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਆਵੇ।
ਉਨ੍ਹਾਂ ਬਿਜਲੀ ਦੀ ਨਿਰਵਿਘਨ ਸਪਲਾਈ, ਪਾਰਕਿੰਗ,ਪੀਣਯੋਗ ਪਾਣੀ, ਸਾਫ-ਸਫਾਈ, ਆਰਜ਼ੀ ਪਾਖਾਨੇ, ਮੈਡੀਕਲ ਟੀਮਾਂ, ਐਂਬੂਲੈਂਸ ਸੇਵਾਵਾਂ, ਟੈਂਟ ਅਤੇ ਬੈਠਕ ਪ੍ਰਬੰਧਾਂ ਦੀ ਵੱਖ-ਵੱਖ ਤੌਰ ‘ਤੇ ਸਮੀਖਿਆ ਕੀਤੀ ਅਤੇ ਆਪਣੀ ਜਿੰਮੇਵਾਰੀ ਧਾਰਮਿਕ ਅਤੇ ਸਰਧਾ ਭਾਵਨਾਂ ਨਾਲ ਮੁਕੰਮਲ ਕਰਨ ਦੀ ਪ੍ਰਰਿਤ ਕੀਤਾ ।
ਇਸ ਮੌਕੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਗਮ ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਰਹੇਗੀ। ਇਸ ਤੋਂ ਇਲਾਵਾ, ਸਮਾਗਮ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਗਮ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ, ਸਗੋਂ ਸ਼ਹੀਦਾਂ ਨੂੰ ਨਿਮਰ ਸ਼ਰਧਾਂਜਲੀ ਹੈ, ਜਿਸਨੂੰ ਪੂਰੀ ਇੱਜ਼ਤ ਅਤੇ ਗੌਰਵ ਨਾਲ ਆਯੋਜਿਤ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੌਂ. ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਐਸ.ਡੀ.ਐਮ ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ,ਐੱਸ.ਪੀ (ਡੀ) ਸੱਤਪਾਲ ਸ਼ਰਮਾਂ, ਚੇਅਰਮੈਨ ਟਰੱਸਟ ਕੂਕਾ ਸਮਾਰਕ ਸੁਰਿੰਦਰ ਸਿੰਘ ਨਾਮਧਾਰੀ, ਗੁਰਸੇਵਕ ਸਿੰਘ ਨਾਮਧਾਰੀ, ਡੀ.ਐਫ.ਪੀ.ਓ ਡਾ. ਸੀਮਾਂ ਜੱਸਲ, ਐਕਸ਼ੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜੀ. ਆਦਰਸ਼ ਨਿਰਮਲ, ਐਕਸ਼ੀਅਨ ਪੀ.ਐਸ.ਪੀ.ਸੀ.ਐਲ ਹਰਵਿੰਦਰ ਸਿੰਘ,ਐਸ.ਡੀ.ਓ.ਇੰਜ ਯੁਦਵੀਰ ਸਿੰਘ, ਐਸ.ਡੀ.ਈ ਸੀਵਰੇਜ ਬੋਰਡ ਪਰਮਿੰਦਰ ਸਿੰਘ ਤੋਂ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ ।



