ਬਰਨਾਲਾ, 22 ਜਨਵਰੀ: ਦੇਸ਼ ਕਲਿੱਕ ਬਿਉਰੋ:
ਬਰਨਾਲਾ ਜ਼ਿਲ੍ਹੇ ਵਿੱਚ ਮਹਿਲ ਖੁਰਦ ਪਿੰਡ ਨੇੜੇ ਇੱਕ ਖੇਤ ਵਿੱਚ ਇੱਕ ਨਿੱਜੀ ਬੱਸ ਪਲਟ ਗਈ, ਜਿਸ ਕਾਰਨ 15 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਜ਼ਿਆਦਾਤਰ ਨਰਸਿੰਗ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਣਾਂ ਦੱਸੀਆਂ ਜਾ ਰਹੀਆਂ ਹਨ।
ਸਾਰੇ ਜ਼ਖਮੀ ਯਾਤਰੀਆਂ ਨੂੰ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੰਭੀਰ ਸੱਟਾਂ ਕਾਰਨ ਦੋ ਨੂੰ ਬਰਨਾਲਾ ਰੈਫਰ ਕਰ ਦਿੱਤਾ ਗਿਆ। ਬਾਕੀ ਜ਼ਖਮੀਆਂ ਦਾ ਐਕਸ-ਰੇ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਬੱਸ ਵਿੱਚ ਸਵਾਰ ਇੱਕ ਜ਼ਖਮੀ ਯਾਤਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰਾਈਵਰ ਨੇ ਪਹਿਲਾਂ ਇੱਕ ਮੋੜ ‘ਤੇ ਦਰੱਖਤ ਨਾਲ ਟੱਕਰ ਹੋਣ ਤੋਂ ਬਚਾਈ, ਪਰ ਥੋੜ੍ਹੀ ਦੂਰੀ ‘ਤੇ ਖੇਤਾਂ ਵਿੱਚ ਜਾ ਕੇ ਬੱਸ ਫੇਰ ਪਲਟ ਗਈ। ਉਸਨੇ ਇਸ ਹਾਦਸੇ ਦਾ ਕਾਰਨ ਡਰਾਈਵਰ ਦੀ ਲਾਪਰਵਾਹੀ ਦੱਸਿਆ।
ਉੱਥੇ ਹੀ ਬੱਸ ਕੰਡਕਟਰ ਨੇ ਇਸ ਹਾਦਸੇ ਦਾ ਕਾਰਨ ਸਵੇਰ ਦੀ ਸੰਘਣੀ ਧੁੰਦ ਦੱਸਿਆ। ਉਸਨੇ ਕਿਹਾ ਕਿ ਧੁੰਦ ਕਾਰਨ ਵਿਜ਼ੀਵੀਲਟੀ ਘੱਟ ਸੀ, ਅਤੇ ਇੱਕ ਟਿੱਪਰ ਟਰੱਕ ਨੂੰ ਓਵਰਟੇਕ ਕਰਦੇ ਸਮੇਂ, ਬੱਸ ਨੇ ਕੰਟਰੋਲ ਗੁਆ ਦਿੱਤਾ ਅਤੇ ਖੇਤਾਂ ਵਿੱਚ ਪਲਟ ਗਈ।
ਸਰਕਾਰੀ ਹਸਪਤਾਲ ਮਹਿਲ ਕਲਾਂ ਦੀ ਡਾ. ਤੇਜਿੰਦਰ ਕੌਰ ਨੇ ਪੁਸ਼ਟੀ ਕੀਤੀ ਕਿ ਲਗਭਗ 14 ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਲਗਭਗ 15 ਨਰਸਿੰਗ ਅਤੇ ਸਕੂਲੀ ਵਿਦਿਆਰਥੀ ਜ਼ਖਮੀ ਹੋਏ ਹਨ। ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ, ਹਾਲਾਂਕਿ ਕਿਸੇ ਦੀ ਮੌਤ ਨਹੀਂ ਹੋਈ।
ਥਾਣਾ ਮਹਿਲ ਕਲਾਂ ਦੇ ਐਸਐਚਓ ਸਰਬਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।



