15 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਨਾਮ ‘ਤੇ ਰੱਖਿਆ: ਹਰਜੋਤ ਬੈਂਸ

ਪੰਜਾਬ
  • ਸਕੂਲਾਂ ਦਾ ਨਾਂ ਬਦਲਣ ਨਾਲ ਸੁਤੰਤਰਤਾ ਸੰਗਰਾਮੀਆਂ ਤੇ ਸ਼ਹੀਦਾਂ ਦੀ ਮਾਣਮੱਤੀ ਵਿਰਾਸਤ ਬਣੇਗੀ ਰੋਜ਼ਾਨਾ ਸਿੱਖਿਆ ਦਾ ਹਿੱਸਾ: ਹਰਜੋਤ ਸਿੰਘ ਬੈਂਸ
  • ਸਿੱਖਿਆ ਵਿਭਾਗ ਤਸਵੀਰਾਂ ਸਮੇਤ ਇਨ੍ਹਾਂ ਮਹਾਨ ਨਾਇਕਾਂ ਦੇ ਜੀਵਨ ਅਤੇ ਵਡਮੁੱਲੇ ਯੋਗਦਾਨ ਬਾਰੇ ਸਕੂਲਾਂ ਵਿੱਚ ਜਾਣਕਾਰੀ ਪ੍ਰਦਰਸ਼ਿਤ ਕਰੇਗਾ: ਬੈਂਸ
  • ਇਨ੍ਹਾਂ ਸਕੂਲਾਂ ਦੇ ਨਾਮ ਬਦਲਣ ਨਾਲ ਵਿਦਿਆਰਥੀਆਂ ਵਿੱਚ ਪੈਦਾ ਹੋਵੇਗੀ ਦੇਸ਼ ਭਗਤੀ ਤੇ ਨਿਰਸਵਾਰਥ ਸੇਵਾ ਦੀ ਭਾਵਨਾ: ਹਰਜੋਤ ਬੈਂਸ
    •ਸਕੂਲ ਵਿੱਦਿਆ ਦੇ ਮੰਦਿਰ ਜਿਥੇ ਕੁਰਬਾਨੀ ਤੇ ਸੇਵਾ ਭਾਵਨਾ ਲਈ ਪ੍ਰੇਰਿਤ ਕਰਨਾ ਜ਼ਰੂਰੀ: ਸਿੱਖਿਆ ਮੰਤਰੀ

ਚੰਡੀਗੜ੍ਹ, 29 ਜਨਵਰੀ: ਦੇਸ਼ ਕਲਿੱਕ ਬਿਊਰੋ:

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦੇਸ਼ ਦੇ ਮਹਾਨ ਨਾਇਕਾਂ ਦੀ ਵਿਰਾਸਤ ਦੇ ਸਨਮਾਨ ਵਜੋਂ ਸੂਬੇ ਭਰ ਵਿੱਚ 15 ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕਦਮ ਦਾ ਉਦੇਸ਼ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਹੌਸਲੇ, ਕੁਰਬਾਨੀ ਅਤੇ ਦੇਸ਼ ਭਗਤੀ ਦੀਆਂ ਕਦਰਾਂ ਕੀਮਤਾਂ ਭਰਨਾ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ, “ਸਾਡੇ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਂ ਉੱਤੇ ਸਰਕਾਰੀ ਸਕੂਲਾਂ ਦੇ ਨਾਂ ਰੱਖ ਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਵਡਮੁੱਲਾ ਯੋਗਦਾਨ ਵਿਦਿਆਰਥੀਆਂ ਦੇ ਰੋਜ਼ਾਨਾ ਸਿੱਖਿਆ ਦਾ ਅਨਿੱਖੜਵਾਂ ਹਿੱਸਾ ਬਣੇ।”

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਯੋਗਦਾਨ ਨੂੰ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਸਕੂਲਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਕਦਰਾਂ-ਕੀਮਤਾਂ ‘ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਹੋਰ ਨਿਖਾਰ ਕੇ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ, “ਸਕੂਲਾਂ ਨੂੰ ਸਰਗਰਮੀ ਨਾਲ ਇਨ੍ਹਾਂ ਨਾਇਕਾਂ ਦੇ ਜੀਵਨ ਤੇ ਆਦਰਸ਼ਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਮਜ਼ਬੂਤ ਕਿਰਦਾਰ ਅਤੇ ਦ੍ਰਿੜ੍ਹ ਇਰਾਦੇ ਵਾਲੇ ਨਾਗਰਿਕ ਬਣਾਇਆ ਜਾ ਸਕੇ।”

ਨਾਮ ਬਦਲੇ ਗਏ ਸਕੂਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਬੈਂਸ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ, ਸੰਧੂ ਕਲਾਂ (ਬਰਨਾਲਾ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਜਗਦੇਵ ਸਿੰਘ ਸਰਕਾਰੀ ਹਾਈ ਸਕੂਲ ਸੰਧੂ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਗਿਆਣਾ (ਫਰੀਦਕੋਟ) ਦਾ ਨਾਮ ਬਦਲ ਕੇ ਸ਼ਹੀਦ ਨਾਇਕ ਸੁਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ, ਫਤਿਹਪੁਰ (ਮਾਨਸਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸ. ਮੱਘਰ ਸਿੰਘ ਸਰਕਾਰੀ ਹਾਈ ਸਕੂਲ ਫਤਿਹਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਲੇਲ ਸਿੰਘ ਵਾਲਾ ਦਾ ਨਾਮ ਬਦਲ ਕੇ ਕਾਮਰੇਡ ਧਰਮ ਸਿੰਘ ਫੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਲੇਲ ਸਿੰਘ ਵਾਲਾ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਭੀਖੀ (ਮਾਨਸਾ) ਦਾ ਨਾਮ ਬਦਲ ਕੇ ਸ਼ਹੀਦ ਕਾਂਸਟੇਬਲ ਜਸਵੰਤ ਸਿੰਘ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ), ਭੀਖੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਖਸ਼ੀਵਾਲਾ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਅਰਜਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਸ਼ੀਵਾਲਾ, ਸਰਕਾਰੀ ਮਿਡਲ ਸਕੂਲ, ਲੁਬਾਣਿਆਂਵਾਲੀ (ਸ੍ਰੀ ਮੁਕਤਸਰ ਸਾਹਿਬ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸਰਵਣ ਸਿੰਘ ਸਰਕਾਰੀ ਮਿਡਲ ਸਕੂਲ ਲੁਬਾਣਿਆਂਵਾਲੀ, ਸਰਕਾਰੀ ਹਾਈ ਸਕੂਲ, ਹਮੀਰਗੜ੍ਹ (ਸੰਗਰੂਰ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਗਿਆਨੀ ਮੁਕੰਦ ਸਿੰਘ ਸਰਕਾਰੀ ਹਾਈ ਸਕੂਲ ਹਮੀਰਗੜ੍ਹ, ਸਰਕਾਰੀ ਮਿਡਲ ਸਕੂਲ, ਦੁਲੱਦੀ (ਪਟਿਆਲਾ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਪਿਆਰਾ ਸਿੰਘ ਸਰਕਾਰੀ ਮਿਡਲ ਸਕੂਲ ਦੁਲੱਦੀ, ਸਰਕਾਰੀ ਹਾਈ ਸਕੂਲ, ਰਾਜਪੁਰਾ ਟਾਊਨ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੈਰੇ (ਬਰਨਾਲਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸ਼੍ਰੀ ਗੁਰਦਿਆਲ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੈਰੇ ਰੱਖਿਆ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ, ਟੱਲੇਵਾਲ (ਬਰਨਾਲਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸ਼੍ਰੀ ਤਾਰਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ, ਸਰਕਾਰੀ ਐਲੀਮੈਂਟਰੀ ਸਕੂਲ, ਹਰਰੰਗਪੁਰਾ ਪਿੰਡੀ (ਬਠਿੰਡਾ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਬੂਟਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਹਰਰੰਗਪੁਰਾ ਪਿੰਡੀ, ਸਰਕਾਰੀ ਪ੍ਰਾਇਮਰੀ ਸਕੂਲ, ਨੰਗਲ ਫਰੀਦਾ (ਪਠਾਨਕੋਟ) ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਰਾਈਫਲਮੈਨ ਜੈ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਫਰੀਦਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਡਰੋਲੀ ਖੁਰਦ (ਜਲੰਧਰ) ਦਾ ਨਾਮ ਬਦਲ ਕੇ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਡਰੋਲੀ ਖੁਰਦ ਰੱਖਿਆ ਗਿਆ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ਵਿੱਚ ਕੁਰਬਾਨੀ ਅਤੇ ਬਹਾਦਰੀ ਦੀਆਂ ਕਹਾਣੀਆਂ ਦੀ ਸਾਂਝ ਪੈਦਾ ਕਰਨਾ ਅਤੇ ਸਕੂਲ ਦੀ ਪਛਾਣ ਨੂੰ ਦੇਸ਼ ਦੇ ਮਹਾਨ ਨਾਇਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਵਜੋਂ ਪੇਸ਼ ਕਰਨਾ ਹੈ। ਇਹ ਮਿਸਾਲੀ ਪਹਿਲਕਦਮੀ ਇਨ੍ਹਾਂ ਵਿਦਿਅਕ ਸੰਸਥਾਵਾਂ ਦੀ ਪਛਾਣ ਵਿੱਚ ਜਜ਼ਬੇ, ਕੁਰਬਾਨੀ ਅਤੇ ਦੇਸ਼ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਕਹਾਣੀਆਂ ਨੂੰ ਜੋੜੇਗੀ।

ਸ. ਬੈਂਸ ਨੇ ਕਿਹਾ, “ਇਹ ਮਹਿਜ਼ ਨਾਮ ਹੀ ਨਹੀਂ ਬਦਲੇ ਗਏ, ਸਗੋਂ ਇਹ ਯਕੀਨੀ ਬਣਾਉਣ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਹੈ ਕਿ ਇਨ੍ਹਾਂ ਮਹਾਨ ਨਾਇਕਾਂ ਦੀ ਵਿਰਾਸਤ ਹਜ਼ਾਰਾਂ ਵਿਦਿਆਰਥੀਆਂ ਲਈ ਸਿੱਖਣ ਦੇ ਮਾਹੌਲ ਦਾ ਇੱਕ ਜੀਵੰਤ ਅਤੇ ਅਨਿੱਖੜਵਾਂ ਹਿੱਸਾ ਬਣੇ।” ਉਨ੍ਹਾਂ ਕਿਹਾ ਕਿ ਸਾਡੇ ਸਕੂਲ ਸਿੱਖਿਆ ਦੇ ਮੰਦਰ ਹਨ ਜੋ ਪੰਜਾਬ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਨਾਇਕਾਂ ਦੇ ਨਾਮ ‘ਤੇ ਸਕੂਲਾਂ ਦਾ ਨਾਮ ਰੱਖਣ ਨਾਲ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਜੀਵੰਤ ਰਹੇਗੀ ਅਤੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਵਚਨਬੱਧਤਾ ਅਤੇ ਨਿਰਸਵਾਰਥ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।