English Hindi Sunday, October 24, 2021

ਰੁਜ਼ਗਾਰ/ਕਾਰੋਬਾਰ

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਵਿਸ਼ਾਲ ਰੈਲੀ; ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮੁਜ਼ਾਹਰਾ ਕਰਨ ਤੋਂ ਪਹਿਲਾਂ ਹੀ 21 ਨੂੰ ਪੈਨਲ ਮੀਟਿੰਗ ਦਾ ਮਿਲਿਆ ਸੱਦਾ

October 13, 2021 09:22 PM
 
ਮਾਮਲਾ: ਓਨ ਫ਼ੰਡ ਸੁਸਾਇਟੀਆਂ ਦੇ ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ ਨੂੰ ਹੱਲ ਕਰਨ ਦਾ
 
ਦਲਜੀਤ ਕੌਰ ਭਵਾਨੀਗੜ੍ਹ
 
ਮੋਰਿੰਡਾ, 13 ਅਕਤੂਬਰ, 2021: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਬੇਜ਼ਮੀਨੇ ਮਜ਼ਦੂਰਾਂ ਵਲੋਂ ਓਨ ਫ਼ੰਡ ਸੁਸਾਇਟੀਆਂ ਦੀਆਂ ਅਮਾਨਤਾਂ ਚੋਂ ਬੇਜ਼ਮੀਨੇ ਲੋਕਾਂ ਅਤੇ ਔਰਤਾਂ ਸਿਰ ਖੜ੍ਹੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰਜ਼ੇ ਸਮੇਤ ਵਿਆਜ਼ ਮੁਆਫ਼ ਕਰਕੇ ਕਰਜ਼ਾ ਕੁੜਿੱਕੀ ਵਿੱਚੋਂ ਬਾਹਰ ਕੱਢਣ ਅਤੇ ਹੋਰ ਮੰਗਾਂ ਦੇ ਹੱਲ ਲਈ ਵਿਸ਼ਾਲ ਰੈਲੀ ਕੀਤੀ ਗਈ। ਮੁੱਖ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨ ਤੋਂ ਪਹਿਲਾਂ ਹੀ ਜੱਥੇਬੰਦੀ ਦੀ ਮੁੱਖ ਮੰਤਰੀ ਨਾਲ 21 ਅਕਤੂਬਰ ਦੀ ਸਵੇਰੇ 10.30 ਵਜੇ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਤੈਅ ਕਰਵਾ ਦਿੱਤੀ ਗਈ। ਇਸ ਮੀਟਿੰਗ ਦੇ ਸਮਾਂ ਤੇ ਸਥਾਨ ਦਾ ਤਹਿਸੀਲਦਾਰ ਅਮਨ ਚਾਵਲਾ ਵੱਲੋਂ ਐਲਾਨ ਕੀਤਾ ਗਿਆ। ਜਿਸ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨੂੰ ਮੁਜ਼ਾਹਰਾ ਮੁਲਤਵੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
 
 
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਮੰਤਰੀਆਂ, ਵਿਧਾਇਕਾਂ ਰਾਹੀਂ ਸੂਬਾ ਸਰਕਾਰ ਨੂੰ ਮੰਗਾਂ ਦੇ ਹੱਲ ਲਈ ਮੰਗ ਪੱਤਰ ਪਹਿਲਾਂ ਹੀ ਭੇਜ ਚੁੱਕੇ ਹਾਂ। ਅੱਜ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਚ ਇਸ ਉਮੀਦ ਨਾਲ ਕੁੰਡਾ ਖੜਕਾਉਣ ਪਹੁੰਚੇ ਹਾਂ ਕਿ ਲੰਮੇ ਸਮੇਂ ਤੋਂ ਅਣਗੌਲੇ ਬੇਜ਼ਮੀਨੇ ਖ਼ੁਦਕੁਸ਼ੀਆਂ ਦੇ ਰਾਹ ਪਏ ਮਿਹਨਤੀ ਲੋਕਾਂ ਦੀ ਆਵਾਜ਼ ਉੱਤੇ ਜ਼ਰੂਰ ਗੌਰ ਕਰਕੇ ਕਰਜ਼ਾ ਕੁੜਿੱਕੀ ਚੋਂ ਬਾਹਰ ਕੱਢਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੀ ਜਿਹੜੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ, ਉਹਨਾਂ ਵਿੱਚ ਓਨ ਫ਼ੰਡ ਸੁਸਾਇਟੀਆਂ ਨੇ ਲੋਕਾਂ ਦੀਆਂ ਜਮਾਂ ਅਮਾਨਤਾਂ ਚੋਂ ਕਰਜ਼ੇ ਦਿੱਤੇ ਹਨ, ਉਹਨਾਂ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਮੁਆਫ਼ੀ ਦੇ ਘੇਰੇ ਚੋਂ ਬਾਹਰ ਰੱਖਿਆ ਗਿਆ ਹੈ। ਇਹਨਾਂ ਕਰਜ਼ਾ ਕੁੜਿੱਕੀ ਚ ਫਸੇ ਲੋਕਾਂ ਦੇ ਸਿਰ ਉੱਤੇ 62 ਕਰੋੜ 14 ਲੱਖ 89 ਹਜ਼ਾਰ ਰੁਪਏ ਦੇ ਕਰੀਬ ਕਰਜ਼ਾ ਖਡ਼੍ਹਾ ਹੈ।
 
ਇਸ ਦੌਰਾਨ ਯੂਨੀਅਨ ਨੇ ਇੱਕ ਮਤਾ ਪਾਸ ਕਰਦਿਆਂ ਮੋਰਿੰਡਾ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪ੍ਰਦਰਸ਼ਨ ਕਰ ਰਹੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਉੱਤੇ ਲਾਠੀਚਾਰਜ ਕਰਨ ਦੀ ਨਿੰਦਾ ਕੀਤੀ।
 
ਇਸ ਮੌਕੇ ਯੂਨੀਅਨ ਨੇ ਮੰਗ ਕੀਤੀ ਕਿ ਲੋਕਾਂ ਦੀਆਂ ਜਮਾਂ ਅਮਾਨਤਾਂ ਚੋਂ ਕਰਜ਼ਾ ਦੇਣ ਵਾਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਖੇਤ ਮਜ਼ਦੂਰਾਂ ਸਿਰ ਖੜ੍ਹਾ ਕਰਜ਼ਾ ਮਾਫ਼ ਕੀਤਾ ਜਾਵੇ, ਖੇਤੀਬਾੜੀ ਸਭਾਵਾਂ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਸਵੈ-ਸੇਵੀ ਗਰੁੱਪਾਂ ਨੂੰ ਮਾਈ ਭਾਗੋ ਸਕੀਮ ਤਹਿਤ ਦਿੱਤਾ ਕਰਜ਼ਾ ਮਾਫ਼ ਕੀਤਾ ਜਾਵੇ, ਬੇਜ਼ਮੀਨੇ ਕਿਸਾਨਾਂ ਦੇ ਹੱਦ ਕਰਜ਼ੇ ਉੱਪਰ ਲਾਈ ਗਈ ਠੇਕੇ ਉੱਤੇ ਲਈ ਜ਼ਮੀਨ ਗਹਿਣੇ ਕਰਨ ਦੀ ਸ਼ਰਤ ਖ਼ਤਮ ਕੀਤੀ ਜਾਵੇ। ਜਿਹੜੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਉਹਨਾਂ ਸਿਰ ਖੜ੍ਹਾ ਵਿਆਜ਼ ਵੀ ਮੁਆਫ਼ ਕੀਤਾ ਜਾਵੇ, ਲਾਲ ਲਕੀਰ ਹੇਠਲੇ ਘਰਾਂ ਦੇ ਮਾਲਕੀ ਹੱਕ ਦੇਣ ਲਈ ਗ੍ਰਾਮ ਪੰਚਾਇਤਾਂ ਨੂੰ ਗ੍ਰਾਮ ਸਭਾਵਾਂ ਬੁਲਾ ਕੇ ਮਾਲਕੀ ਹੱਕ ਦਿਵਾਉਣ ਲਈ ਮਤੇ ਪਾਸ ਕਰਵਾਏ ਜਾਣ। 
 
ਇਸ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਨੂੰ ਸਮਾਂਬੱਧ ਕਰਕੇ ਲਾਲ ਲਕੀਰ ਵਾਲੀਆਂ ਰਿਹਾਇਸ਼ੀ ਜ਼ਮੀਨਾਂ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਨੂੰ ਦਿੱਤੀਆਂ ਜਾਣ, ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਬਲਾਕ ਦੇ ਮਸਾਣੀਆਂ ਪਿੰਡ ਵਿਚ ਦਲਿਤਾਂ ਤੇ ਅੱਤਿਆਚਾਰ ਕਰਨ ਵਾਲੇ ਲੋਕਾਂ ਤੇ ਦਰਜ ਪਰਚਿਆਂ ਵਿੱਚ ਐੱਸ.ਸੀ., ਐੱਸ.ਟੀ. ਐਕਟ ਤੇ ਇਰਾਦਾ ਕਤਲ ਅਧੀਨ ਜੁਰਮ ਦਾ ਵਾਧਾ ਕਰਕੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।ਪਿੰਡ ਮਸਾਣੀਆਂ ਦੇ ਪੰਚਾਇਤੀ ਜ਼ਮੀਨ ਚ ਦਲਿਤਾਂ ਦੇ ਹਿੱਸੇ ਵਾਲੀ ਜ਼ਮੀਨ ਦੀ ਡੰਮੀ ਬੋਲੀ ਰੱਦ ਕਰਕੇ ਹੱਕਦਾਰ ਐੱਸ ਸੀ ਪਰਿਵਾਰਾਂ ਨੂੰ ਜ਼ਮੀਨ ਦਿੱਤੀ ਜਾਵੇ, ਮਨਰੇਗਾ ਵਰਕਰਾਂ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਰੁਜ਼ਗਾਰ ਦੇਣਾ ਯਕੀਨੀ ਬਣਾਇਆ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਵੀ ਉਸਾਰੀ ਮਜ਼ਦੂਰਾਂ ਦੀ ਪੂੰਜੀਕਰਨ ਵਿੱਚ ਸ਼ਾਮਿਲ ਕੀਤਾ ਜਾਵੇ, ਫਸਲਾਂ ਦੇ ਖਰਾਬੇ ਤੋਂ ਪ੍ਰਭਾਵਿਤ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਪੇਂਡੂ ਸਫ਼ਾਈ ਮਜ਼ਦੂਰਾਂ ਦੇ ਮਾਣ ਭੱਤਾ ਵਿੱਚ ਵਾਧਾ ਕੀਤਾ ਜਾਵੇ ਅਤੇ ਕਈ ਸਾਲਾਂ ਤੋਂ ਰੁਕਿਆ ਮਾਣ ਭੱਤਾ ਜਾਰੀ ਕੀਤਾ ਜਾਵੇ। 
 
ਇਸ ਮੌਕੇ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਂਅ ਯੂਨੀਅਨ ਦਾ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਹਰੀ ਰਾਮ ਰਸੂਲਪੁਰੀ, ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੈਕਟਰੀ ਸਭਾਵਾਂ ਸਹਿਕਾਰੀ ਸਭਾਵਾਂ ਦੇ ਸੂਬਾ ਮੀਤ ਪ੍ਰਧਾਨ ਸ਼ੰਗਾਰਾ ਰਾਮ, ਰਾਜ ਕੁਮਾਰ ਜਾਡਲੀ, ਗਿਆਨ ਚੰਦ ਹੱਪੋਵਾਲ, ਮਹਾਂ ਸਿੰਘ ਹੀਉਂ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਆਗੂ ਮਲਾਗਰ ਸਿੰਘ, ਸੱਤਿਆ ਦੇਵੀ ਤਲਵੰਡੀ ਜੱਟਾਂ ਆਦਿ ਨੇ ਵੀ ਸੰਬੋਧਨ ਕੀਤਾ।

Have something to say? Post your comment

ਰੁਜ਼ਗਾਰ/ਕਾਰੋਬਾਰ

ਟਰਾਂਸਪੋਰਟ ਵਿਭਾਗ ਨੇ 38 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ, ਇੱਕ ਦਾ ਚਲਾਨ ਕੱਟਿਆ

ਮੁੱਖ ਮੰਤਰੀ ਵੱਲੋਂ ਦੁਨੀਆਂ ਦੇ ਨਾਮੀਂ ਉਦਯੋਗਪਤੀਆਂ ਨੂੰ ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਭਾਈਵਾਲ ਬਣਨ ਦਾ ਸੱਦਾ

ਵਿਦੇਸ਼ੀ ਕੰਪਨੀਆਂ ਵਲੋਂ ਨਿਵੇਸ਼ ਕਰਨ ਲਈ ਪੰਜਾਬ ਬਣਿਆ ਪਸੰਦੀਦਾ ਥਾਂ

28 ਅਕਤੂਬਰ ਤੋਂ ਬੇਰੁਜ਼ਗਾਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਉਣਗੇ ਪੱਕਾ ਮੋਰਚਾ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ: ਰਮਨ ਬਹਿਲ

ਪੰਜਾਬ ਸਰਕਾਰ ਨੇ ਕੱਢੀਆਂ ਕਲਰਕਾਂ ਦੀਆਂ ਹਜ਼ਾਰਾਂ ਅਸਾਮੀਆਂ

ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ

ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ

ਈਟੀਟੀ ਸਲ਼ੈਕਟਿਡ 2364 ਅਧਿਆਪਕਾਂ ਵੱਲੋਂ ਖਰੜ ਵਿਖੇ ਜ਼ੋਰਦਾਰ ਰੋਸ-ਪ੍ਰਦਰਸ਼ਨ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੋਰਿੰਡਾ ’ਚ ਚੰਡੀਗੜ੍ਹ-ਲੁਧਿਆਣਾ ਰੋਡ ਕੀਤਾ ਜਾਮ