English Hindi Friday, January 21, 2022
-

ਸਾਹਿਤ

ਮੈਂ ਨਵੇਂ ਰੁਬਾਈ ਸੰਗ੍ਰਹਿ ਦਾ ਨਾਮ ਜਲ ਕਣ ਰੱਖ ਰਿਹਾਂ- ਗੁਰਭਜਨ ਗਿੱਲ

December 13, 2021 02:58 PM

ਲੁਧਿਆਣਾ : 13 ਦਸੰਬਰ

ਮੈਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਕਵਿਤਾ ਵਿੱਚੋਂ ਕੁਝ ਪੁਰਾਣੇ ਕਾਵਿ ਰੂਪ ਗ਼ੈਰਹਾਜ਼ਰ ਹੋ ਰਹੇ ਨੇ। ਇਹ ਮਹਿਸੂਸ ਕਰਦਿਆਂ ਮੈਂ 2018 ‘ਚ ਪਹਿਲਾ ਰੁਬਾਈ ਸੰਗ੍ਰਹਿ ਸੰਧੂਰਦਾਨੀ ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਛਾਪਿਆ ਸੀ।
ਫਿਰ 2021 ‘ਚ ਬਿਲਕੁਲ ਵੱਖਰੇ ਮੁਹਾਵਰੇ ਵਾਲੀ ਰਚਨਾ ਪੱਤੇ ਪੱਤੇ ਲਿਖੀ ਇਬਾਰਤ ਵਿੱਚ ਵੀ 103 ਰੁਬਾਈਆਂ ਹਨ ਤੇਜ ਪਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ। ਇਹ ਕਿਤਾਬ ਸੁਚਿਤਰ ਛਪੀ ਹੈ। ਸਾਲ ਵਿੱਚ ਹੀ ਲਗਪਗ ਸੱਤ ਸੌ ਕਾਪੀ ਵਿਕ ਗਈ ਹੈ। ਕੌਫੀ ਟੇਬਲ ਰੂਪ ਚ ਆਰਟ ਪੇਪਰ ਤੇ ਛਪੀ ਇਸ ਕਿਤਾਬ ਦੀ ਭਰਵੀਂ ਸ਼ਲਾਘਾ ਵੀ ਹੋਈ ਹੈ।ਪਰਿੰਟਵੈੱਲ ਤੋਂ ਛਪਵਾਈ ਹੈ ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਨੇ। ਸਿੰਘ ਬਰਦਰਜ਼ ਵੱਲੋਂ ਵਿਤਰਣ ਕੀਤਾ ਗਿਆ ਹੈ। ਐਮਾਜ਼ੋਨ ਤੇ ਵੀ ਮਿਲ ਰਹੀ ਹੈ।
ਹੁਣ ਫਿਰ ਅਗਲਾ ਰੁਬਾਈ ਸੰਗ੍ਰਹਿ ਤਿਆਰ ਹੈ। ਇਸ ਦਾ ਨਾਮ ਜਲ ਕਣ ਸੋਚ ਰਿਹਾਂ। ਤਰੇਲ ਮੋਤੀਆਂ ਜਹੇ ਵਿਚਾਰ ਸਵੇਰ ਸਾਰ ਰੂਹ ਤੇ ਤਾਰੀ ਹੋ ਜਾਂਦੇ ਨੇ।
ਇਹ ਕਿਤਾਬ ਵੀ ਅਗਲੇ ਸਾਲ ਚ ਤੁਹਾਡੇ ਹੱਥਾਂ ‘ ਚ ਹੋਵੇਗੀ।
ਨਾਲੋ ਨਾਲ ਹੀ ਫ਼ਸਲ ਸਾਂਭਣੀ ਜ਼ਰੂਰੀ ਹੈ। ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸਨ ਕਿ ਨਿਕੰਮੇ ਜੱਟ ਦੀ ਕਣਕ ਪੈਲੀ ਚ ਹੀ ਕਿਰ ਜਾਂਦੀ ਹੈ, ਵੱਢਣ ਖੁਣੋਂ। ਨਾਮ ਬਾਰੇ ਤੁਹਾਡੇ ਸੁਝਾਅ ਤੇ ਹੁੰਗਾਰੇ ਦੀ ਉਡੀਕ ਕਰਾਂਗਾ।
ਗੁਰਭਜਨ ਗਿੱਲ

ਕੁਝ ਵੰਨਗੀਆਂ ਪੇਸ਼ ਨੇ

1.
ਪੁੱਤਰ ਧੀਆਂ ਘੱਟ ਨਾ ਕੀਤੀ, ਧੰਨ ਨੇ ਸਾਡੀਆਂ ਮਾਈਆਂ , ਰੱਬ ਰਜਾਈਆਂ।
ਸਬਰ ਸਿਦਕ ਸੰਤੋਖ ਨਾਲ ਜੋ , ਦੇਸ ਪੰਜਾਬੇ ਆਈਆਂ ਫ਼ਤਹਿ ਲਿਆਈਆਂ।
ਜਬਰ ਜ਼ੁਲਮ ਦੇ ਅੱਗੇ ਹੋ ਕੇ , ਹਰ ਵੰਗਾਰ ਨੂੰ ਝੱਲਿਆ ਜ਼ਾਲਮ ਠੱਲ੍ਹਿਆ,
ਉਹ ਧਰਤੀ ਨਾ ਹਾਰੇ ਜਿੱਥੇ, ਮਾਂ ਭਾਗੋ ਦੀਆਂ ਜਾਈਆਂ ਰਣ ਵਿੱਚ ਆਈਆਂ।
2.
ਕੂੰਡੇ ਵਿੱਚ ਹੰਕਾਰ ਰਗੜ ਕੇ ਮੁੜ ਆਏ ਨੇ ਦਿੱਲੀਉਂ ਸੂਰੇ।
ਸਬਰ ਸਿਦਕ ਦੀ ਪਰਖੋਂ ਜੇਤੂ ਕਹਿਣੀ ਤੇ ਕਰਨੀ ਦੇ ਪੂਰੇ।
ਮੁੱਛ ਫੁੱਟ ਗੱਭਰੂ, ਗਹਿਰ ਗੰਭੀਰੇ ਬਾਬੇ, ਬੇਬੇ ਤੇ ਮੁਟਿਆਰਾਂ,
ਜਗਦੇ ਮੱਥੇ ਵਾਲਿਆਂ ਕਰਨੇ ਰਹਿ ਗਏ ਨੇ ਜੋ ਕਾਜ ਅਧੂਰੇ।
3.
ਇੱਕ ਲੜਾਈ ਜਿੱਤੀ ਭਾਵੇਂ ਲੰਮੀ ਜੰਗ ਤਾਂ ਲੜਨੀ ਹਾਲੇ।
ਖ਼ੁਦਕੁਸ਼ੀਆਂ ਦੀ ਅਸਲ ਇਬਾਰਤ ਨਿੱਠ ਕੇ ਬਹਿ ਕੇ ਪੜ੍ਹਨੀ ਹਾਲੇ।
ਟੋਏ ਟਿੱਬੇ ਸਮਤਲ ਕਿੱਦਾਂ ਹੋਣੇ, ਅਸਲੀ ਯੁੱਧ ਵੀ ਬਾਕੀ, ਸਾਹ ਗਿਰਵੀ ਕਿੰਜ ਮੁਕਤ ਕਰਾਉਣੇ,
ਉਹ ਸੂਰਤ ਵੀ ਘੜਨੀ ਹਾਲੇ।
4.
ਆਨੰਦਪੁਰ ਤੋਂ ਚੌਂਕ ਚਾਂਦਨੀ ਹੁਣ ਵੀ ਬਹੁਤਾ ਦੂਰ ਨਹੀਂ ਹੈ।
ਪਰ ਗ਼ਰਜਾਂ ਨੇ ਧਰਮ ਭੁਲਾਇਆ ਤਾਂ ਹੀ ਚਿੱਤ ਸਰੂਰ ਨਹੀਂ ਹੈ।
ਹੇ ਗੁਰੂਦੇਵ ਪਿਆਰੇ!ਸਾਡੇ ਕਦਮ ਕੁਰਾਹੇ ਕਿੱਧਰ ਤੁਰ ਪਏ,
ਹੱਕ ਸੱਚ ਦੀ ਰਖ਼ਵਾਲੀ ਖ਼ਾਤਰ ਸਿਰ ਦੇਣਾ ਮਨਜ਼ੂਰ ਨਹੀਂ ਹੈ।
5.
ਖ਼ੁਦ ਨੂੰ ਆਪ ਕਦੇ ਨਾ ਮਿਲੀਏ ਚਾਰ ਚੁਫ਼ੇਰੇ ਗੱਲਾਂ ਕਰੀਏ।
ਰੂਹ ਦੇ ਨਾਲ ਗੁਫ਼ਤਗੂ ਬੰਦ ਹੈ, ਕਿਸ ਨੂੰ ਰੋਜ਼ ਹੁੰਗਾਰੇ ਭਰੀਏ।
ਮੇਰੇ ਮੁਰਸ਼ਦ ਲਿਖ ਸਮਝਾਇਆ ਮਨ ਹੀ ਜੋਤ ਸਰੂਪ ਸਮਝਿਉ,
ਅਸਲੀ ਸਬਕ ਵਿਸਾਰ ਲਿਆ ਹੈ ਤਾਂ ਹੀ ਝੁਰੀਏ ਪਲ ਪਲ ਮਰੀਏ।
6.
ਹੱਸ ਕੇ ਓਸ ਕਿਹਾ ਵੀ ਕੁਝ ਨਾ ਫਿਰ ਵੀ ਮਹਿਕ ਗਿਆ ਏ ਕਣ ਕਣ।
ਓਸੇ ਪਲ ਤੋਂ ਬਾਦ ਅਜੇ ਵੀ ਦਿਲ ਦੇ ਅੰਦਰ ਘੁੰਗਰੂ ਛਣਕਣ।
ਇਉਂ ਲੱਗਿਆ ਉਸ ਮੇਰੇ ਹੱਥ ਨੂੰ ਛੋਹਿਆ ਮੈਂ ਮਹਿਸੂਸ ਕਰ ਲਿਆ,
ਅਣ ਕਹੀਆਂ ਹੀ ਬਣਦੀਆਂ ਏਦਾਂ ਫੁੱਲਾਂ ਦੇ ਚਿਹਰੇ ਤੇ ਜਲਕਣ।
7.
ਹਰ ਵੇਲੇ ਚੁਸਤੀ ਦਰ ਚੁਸਤੀ ਛੱਡ ਦੇ ਸ਼ਬਦ- ਚਲਾਕੀ।
ਅੱਧਿਓਂ ਬਹੁਤਾ ਮੁੱਕ ਚੱਲਿਆ ਹੈਂ, ਪਤਾ ਨਹੀਂ ਕੀ ਬਾਕੀ।
ਸਰਲ ਸਹਿਜ ਸੰਤੋਖ ਸਮਰਪਣ ਸੇਵਾ ਸਿਮਰਨ ਵੇਚੇਂ,
ਖੋਲ੍ਹ ਕਦੇ ਤਾਂ ਮਨ ਦੇ ਬੂਹੇ ਬੰਦ ਰੱਖਦੈਂ ਹਰ ਤਾਕੀ।
8.
ਬੀਬਾ ਦੱਸ ਤੂੰ ਅੰਬਰੋਂ ਲਾਹ ਕੇ ਚੁੰਨੀ ਤੇ ਕਿੱਦਾਂ ਜੜੇ ਸਿਤਾਰੇ।
ਚੰਨ ਮੁੱਖੜੇ ਨੂੰ ਵੇਖਦਿਆਂ ਹੀ ਤੇਰੀ ਬੁੱਕਲ ਬਹਿ ਗਏ ਸਾਰੇ।
ਤੂੰ ਇਨ੍ਹਾਂ ਨੂੰ ਇਹ ਸਮਝਾਵੀਂ, ਅੰਬਰ ਸੁੰਨਾ ਹੋ ਨਾ ਜਾਵੇ,
ਸਭਨਾਂ ਨਾਲ ਇਹ ਕਰਨ ਗੁਫ਼ਤਗੂ,
ਤੈਨੂੰ ਹੀ ਨਾ ਭਰਨ ਹੁੰਗਾਰੇ।

ਗੁਰਭਜਨ ਗਿੱਲ

Have something to say? Post your comment

ਸਾਹਿਤ

ਪੰਜਾਬੀ ਸਾਹਿਤ ਅਕਾਦਮੀ ਚੋਣਾਂ 30 ਜਨਵਰੀ ਨੂੰ,ਨਾਮਜ਼ਦਗੀਆਂ ਭਲਕੇ

ਚੰਡੀਗਡ਼੍ਹ ਪੰਜਾਬੀ ਮੰਚ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਵੇਗੀ

ਸ਼ਿਵ ਕੁਮਾਰ ਬਟਾਲਵੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ‘ਜਨਮ ਦਿਹਾੜੇ’ ‘ਤੇ ਲਿਖੀ ਕਵਿਤਾ

ਹੂੰ! ਮੁਲਾਜ਼ਮ ਤਾਂ ਰੱਜਦੇ ਨਈਂ ….

ਮਹਾਨ ਵਿਦਵਾਨ ਪ੍ਰੋ: ਕਰਤਾਰ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਡਿਪਟੀ ਕਮਿਸ਼ਨਰ ਰਾਹੀਂ ਹਸਪਤਾਲ ਪੁੱਜ ਕੇ ਭੇਂਟ

ਸਿਰਮੌਰ ਪੰਜਾਬੀ ਚਿੰਤਕ ਡਾ. ਸੁਰਿੰਦਰ ਸਿੰਘ ਦੁਸਾਂਝ ਨਹੀਂ ਰਹੇ

ਡਿਪਟੀ ਕਮਿਸ਼ਨਰ ਵੱਲੋਂ ‘ਰਣਯੋਧੇ-2021’ ਰਸਾਲਾ ਜਾਰੀ

ਤੈਨੂੰ ਚੋਣਾਂ ਨੇੜੇ ਧਿਰਾਂ ਬਦਲਦੇ, ਸਿਆਸਤਦਾਨ ਕਿਹੋ ਜਹੇ ਲੱਗਦੇ?- ਗੁਰਭਜਨ ਗਿੱਲ

ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣਾ ਦਾ ਲੋਕ ਵਿਰਾਸਤ ਅਕਾਦਮੀ ਵੱਲੋਂ ਸਤਿਕਾਰ

ਰਾਜ ਭਾਸ਼ਾ ਕਮਿਸ਼ਨ ਦੀ ਸਥਾਪਤੀ ਅਤੇ ਲਾਇਬ੍ਰੇਰੀ ਐਕਟ ‘ਤੇ ਅਮਲ ਜਲਦ: ਪਰਗਟ ਸਿੰਘ