English Hindi Saturday, January 22, 2022
-

ਸੱਭਿਆਚਾਰ/ਖੇਡਾਂ

ਏਸ਼ੀਅਨ ਗੋਲਡ ਮੈਡਲਿਸਟ ਜਗਦੀਸ਼ ਸਿੰਘ ਨੂੰ ਕਦੋਂ ਮਿਲਣਗੇ ਭਾਰਤ ਤੇ ਪੰਜਾਬ ਦੇ ਖੇਡ ਐਵਾਰਡ

January 04, 2022 01:24 PM

ਫੱਰਾਟਾ ਦੌੜਾਕ ਜਗਦੀਸ਼ ਸਿੰਘ ਨੇ ਜਕਾਰਤਾ ਏਸ਼ੀਅਨ ਖੇਡਾਂ ’ਚ ਜਿੱਤਿਆ ਸੀ ਸੋਨ ਤਗਮਾ
ਚੰਡੀਗੜ੍ਹ: 4 ਜਨਵਰੀ, ਸੁਖਵਿੰਦਰਜੀਤ ਸਿੰਘ ਮਨੌਲੀ
ਫੱਰਾਟਾ ਦੌੜਾਕ ਜਗਦੀਸ਼ ਸਿੰਘ ਦਿਓਲ ਵਲੋਂ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਹਾਸਲ ਕੀਤਾ ਗਿਆ ਸੀ ਪਰ 59 ਸਾਲ ਬੀਤ ਜਾਣ ਤੋਂ ਬਾਅਦ ਜਗਦੀਸ਼ ਸਿੰਘ ਦੀ ਝੋਲੀ ਭਾਰਤ ਸਰਕਾਰ ਦੇ ‘ਪਦਮਸ਼੍ਰੀ ਤੇ ਅਰਜੁਨਾ ਅਵਾਰਡ’ ਤੋਂ ਇਲਾਵਾ ਆਪਣੇ ਰਾਜ ਪੰਜਾਬ ਦੇ ‘ਮਹਾਰਾਜਾ ਰਣਜੀਤ ਸਿੰਘ ਅਵਾਰਡ’ ਤੋਂ ਸੱਖਣੀ ਪਈ ਹੈ। ਆਮ ਕਹਿਦਾ ਹੈ ਕਿ ਰੱਬ ਦੇ ਘਰ ਦੇਰ ਹੈ ਹਨ੍ਹੇਰ ਨਹੀਂ। ਪਰ ਕੌਮੀ ਤੇ ਕੌਮਾਂਤਰੀ ਦੌੜਾਕ ਜਗਦੀਸ਼ ਸਿੰਘ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਅਵਾਰਡਾਂ ਤੋਂ ਕੋਰਾ ਰੱਖਣ ਨੂੰ ਕੀ ਸੰਗਿਆ ਦਿੱਤੀ ਜਾਵੇ। ਕੇਂਦਰ ’ਚ ਬਹੁਤਾ ਸਮਾਂ ਰਾਜ ਕਰਨ ਵਾਲੀ ਤੱਤਕਾਲੀ ਕਾਂਗਰਸ ਦੀਆਂ ਸਰਕਾਰਾਂ ਨੇ ਅਜਿਹੇ ਅਥਲੀਟਾਂ ਦੀ ਕਦਰ ਤੱਕ ਨਹੀਂ ਕੀਤੀ, ਜਿਸ ਦਾ ਸਿੱਟਾ ਇਹ ਹੈ ਕਿ ਜੀਵਨ ਦੇ ਆਖਰੀ ਸਫਰ ’ਤੇ ਪੁੱਜੇ ਜਗਦੀਸ਼ ਸਿੰਘ ਵਰਗੇ ਅਥਲੀਟ ਅੰਦਰ ਅਜੇ ਤੱਕ ਕੋਈ ਅਵਾਰਡ ਨਾ ਮਿਲਣ ਦੀਆਂ ਚੀਸਾਂ ਪਲਸੋਟੇ ਲੈ ਰਹੀਆਂ ਹਨ। ਕਾਂਗਰਸ ਦੀਆਂ ਤੱਤਕਾਲੀ ਕੇਂਦਰੀ ਸਰਕਾਰਾਂ ਤੋਂ ਇਲਾਵਾ ਮੌਜੂਦਾ ਭਾਜਪਾ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਕਿ ਦੋ ਵਾਰ ਏਸ਼ਿਆਈ ਗੇਮਜ਼ ’ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅਥਲੀਟ ਜਗਦੀਸ਼ ਸਿੰਘ ਨੂੰ ਉਸ ਦਾ ਹੱਕ ਭਾਵ ਅਵਾਰਡ ਹੁਣ ਤੱਕ ਕਿਉਂ ਨਹੀਂ ਦਿੱਤਾ ਗਿਆ। ਕੀ ਜਗਦੀਸ਼ ਸਿੰਘ ਦਿਓਲ ਨੇ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਕੌਮੀ ਤਿਰੰਗੇ ਦੀ ਆਨ-ਸ਼ਾਨ ’ਚ ਵਾਧਾ ਕਰਕੇ ਕੋਈ ਗੁਨਾਹ ਕੀਤਾ ਹੈ। ਏਸ਼ੀਆ ’ਚ ਗੋਲਡ ਮੈਡਲ ਜੇਤੂ ਅਥਲੀਟ ਜਗਦੀਸ਼ ਸਿੰਘ ਨੂੰ ਕੋਈ ਖੇਡ ਅਵਾਰਡ ਦੇਣਾ ਨਾ ਦੇਣਾ ਕੇਂਦਰ ਸਰਕਾਰ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ। ਪਰ ਜਗਦੀਸ਼ ਸਿੰਘ ਨੂੰ ਅਵਾਰਡ ਨਾ ਦੇਣ ਦਾ ਕਸੂਰ ਤਾਂ ਜ਼ਰੂਰ ਦੱਸ ਦੇਣਾ ਚਾਹੀਦਾ ਹੈ। ਸਥਿਤੀ ਦਾ ਆਲਮ ਇਹ ਹੈ ਕਿ ਜਗਦੀਸ਼ ਸਿੰਘ ਤੋਂ ਘੱਟ ਖੇਡ ਪ੍ਰਾਪਤੀਆਂ ਵਾਲੇ ਅਥਲੀਟਾਂ ਨੂੰ ਭਾਰਤ ਸਰਕਾਰ ਵਲੋਂ ‘ਅਰਜੁਨਾ ਅਵਾਰਡ’ ਤਾਂ ਕੀ ‘ਪਦਮਸ਼੍ਰੀ ਅਵਾਰਡ’ ਤੱਕ ਦੇ ਦਿੱਤੇ ਗਏ ਹਨ ਪਰ ਜਗਦੀਸ਼ ਸਿੰਘ ਦੀ ਵਾਰੀ ਨੂੰ ਮਾਂਹ ਵਾਦੀ ਕਿਉਂ ਹਨ?
ਸਹੇ ਦੀ ਛੱਡੋ ਹੁਣ ਪਏ ਦੀ ਗੱਲ ਕਰਦੇ ਹਾਂ। ਜਗਦੀਸ਼ ਸਿੰਘ ਨੂੰ ਭਾਰਤ ਸਰਕਾਰ ਵਲੋਂ ਤਾਂ ਅਣਗੋਲਿਆ ਕੀਤਾ ਹੀ ਗਿਆ ਹੈ ਪਰ ਪੰਜਾਬ ਦੀਆਂ ਤੱਤਕਾਲੀ ਤੇ ਮੌਜੂਦਾ ਸਰਕਾਰਾਂ ਨੇ ਜਗਦੀਸ਼ ਸਿੰਘ ਵਲੋਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਜਿੱਤੇ ਤਗਮਿਆਂ ਦੀ ਅਵਾਰਡ ਦੇਣ ਦੇ ਰੂਪ ’ਚ ਕਦਰ ਕਿਉਂ ਨਹੀਂ ਪਾਈ। ਪੰਜਾਬ ਦੀਆਂ ਸਰਕਾਰਾਂ ਦੱਸ ਦੇਣ ਕੀ ਜਗਦੀਸ਼ ਸਿੰਘ ਪੰਜਾਬ ਦਾ ਅਥਲੀਟ ਨਹੀਂ ਸੀ? ਕੀ ਉਸ ਨੇ ਕੌਮੀ ਤੇ ਕੌਮਾਂਤਰੀ ਲੈਵਲ ’ਤੇ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਕੋਈ ਵੱਡਾ ਗੁਨਾਹ ਕੀਤਾ ਹੈ? ਜਦਕਿ ਇਸ ਦੇ ਉਲਟ ਪੰਜਾਬ ’ਚ ਵਾਰੀ ਸਿਰ ਰਾਜ ਕਰਨ ਵਾਲੀਆਂ ਦੋ ਪਾਰਟੀਆਂ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਆਪਣੇ ਚਹੇਤੇ ਲੀਡਰਾਂ ਨੂੰ ਫਖਰ-ਏ-ਕੌਮ, ਪੰਥ ਰਤਨ, ਪਦਮਸ਼੍ਰੀ ਆਦਿ ਨਾਮੀਂ-ਗਰਾਮੀਂ ਅਵਾਰਡਾਂ ਨਾਲ ਸਨਮਾਨ ਰਹੀਆਂ ਹਨ। ਟਿੱਕ-ਟਾਕ ਵਾਲਿਆਂ ਤੇ ਡੇਰਿਆਂ ਦੇ ਸਾਧਾਂ ਨੂੰ ਦੇਣ ਲਈ ਪੰਜਾਬ ਸਰਕਾਰ ਕੋਲ ਬੇਸ਼ੁਮਾਰ ਧਨ-ਦੌਲਤ ਹੈ ਪਰ 59 ਸਾਲ ਪਹਿਲਾਂ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ ’ਚ ਨਵੇਂ ਰਿਕਾਰਡ ਏਸ਼ੀਅਨ ਨਾਲ ਗੋਲਡ ਮੈਡਲ ਜਿੱਤਣ ਵਾਲੇ ਜਗਦੀਸ਼ ਸਿੰਘ ਦਿਓਲ ਨੂੰ ‘ਮਹਾਰਾਜਾ ਰਣਜੀਤ ਸਿੰਘ ਅਵਾਰਡ’ ਦੇਣ ਲਈ ਪੰਜਾਬ ਸਰਕਾਰ ਕਿਉਂ ਖਾਮੋਸ਼ ਹੈ। ਸਵਾਲ ਜਵਾਬ ਮੰਗਦੇ ਹਨ ਕੀ ਕਦੋਂ ਜਗਦੀਸ਼ ਸਿੰਘ ਦਿਓਲ ’ਤੇ ਅਵਾਰਡਾਂ ਦਾ ਬਰਸਾਤ ਹੋਵੇਗੀ ਜਾਂ ਸੋਕੇ ਮਾਰੀ ਫਸਲ ਵਾਂਗ ਜਗਦੀਸ਼ ਸਿੰਘ ਦੀਆਂ ਸਧਰਾਂ ਵੀ ਸਦਾ ਲਈ ਮਰ ਜਾਣਗੀਆਂ?
ਕੌਮੀ ਤੇ ਕੌਮਾਂਤਰੀ ਖੇਡ ਕਰੀਅਰ: ਜ਼ਿਲ੍ਹਾ ਜਲੰਧਰ ’ਚ ਮੇਵਾ ਸਿੰਘ ਦਿਓਲ ਦੇ ਘਰ ਜਨਮੇ ਜਗਦੀਸ਼ ਸਿੰਘ ਨੂੰ ਜਕਾਰਤਾ-1962 ਦੀਆਂ ਚੌਥੀਆਂ ਏਸ਼ਿਆਈ ਖੇਡਾਂ ’ਚ 4100 ਮੀਟਰ ਰੀਲੇਅ ਰੇਸ ’ਚ ਨਵੇਂ ਏਸ਼ਿਆਈ ਮੀਟ ਰਿਕਾਰਡ ਨਾਲ ਗੋਲਡ ਮੈਡਲ ਜਿੱਤਣ ਦਾ ਹੱਕ ਹਾਸਲ ਹੋਇਆ। ਇਸ ਗੋਲਡ ਮੈਡਲ ਜਿੱਤਣ ਵਾਲੀ ਰੀਲੇਅ ਰੇਸ ਟੀਮ ’ਚ ਜਗਦੀਸ਼ ਸਿੰਘ ਤੋਂ ਇਲਾਵਾ ਦੂਜੇ ਅਥਲੀਟ ਮਿਲਖਾ ਸਿੰਘ, ਮੱਖਣ ਸਿੰਘ ਤੇ ਦਲਜੀਤ ਸਿੰਘ ਸ਼ਾਮਲ ਸਨ। ਦੌੜਾਕ ਹੋਣ ਦੇ ਨਾਲ-ਨਾਲ ਜਗਦੀਸ਼ ਸਿੰਘ ਫੁਟਬਾਲ ਦੇ ਚੰਗੇ ਖਿਡਾਰੀ ਸਨ। ਜਕਾਰਤਾ ’ਚ ਗੋਲਡ ਮੈਡਲ ਜਿੱਤਣ ਤੋਂ ਦੋ ਸਾਲ ਬਾਅਦ ਟੋਕੀਓ-1964 ਦੀਆਂ ਓਲੰਪਿਕ ਖੇਡਾਂ ’ਚ ਜਗਦੀਸ਼ ਸਿੰਘ ਇਸ ਕਰਕੇ ਨਹੀਂ ਸਨ ਖੇਡ ਸਕੇ ਕਿਉਂਕਿ ਫੁਟਬਾਲ ਖੇਡਦੇ ਸਮੇਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਚਾਰ ਜਕਾਰਤਾ ਏਸ਼ੀਅਨ ਖੇਡਾਂ ਤੋਂ ਚਾਰ ਸਾਲ ਬਾਅਦ ਬੈਂਕਾਕ-1966 ਦੀਆਂ ਏਸ਼ੀਅਨ ਖੇਡਾਂ ’ਚ 4100 ਮੀਟਰ ’ਚ ਜਗਦੀਸ਼ ਸਿੰਘ ਦੀ ਨੁਮਾਇੰਦਗੀ ਰੀਲੇਅ ਟੀਮ ਨੂੰ ਚੌਥਾ ਰੈਂਕ ਹਾਸਲ ਹੋਇਆ ਸੀ।
ਫੱਰਾਟਾ ਦੌੜਾਕ ਜਗਦੀਸ਼ ਸਿੰਘ ਦਿਓਲ ਨੇ 1959 ਤੋਂ 1964 ਤੱਕ ਪੰਜਾਬ ’ਚ ਖੇਡੀਆਂ 6 ਅਥਲੈਟਿਕਸ ਮੀਟਾਂ ’ਚ 4 ਮੀਟਰ ’ਚ ਦੋ ਨਵੇਂ ਸਟੇਟ ਰਿਕਾਰਡਾਂ ਨਾਲ 3 ਗੋਲਡ, 200 ਮੀਟਰ ’ਚ 2 ਗੋਲਡ ਤੇ 800 ਮੀਟਰ ’ਚ ਇਕ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਸੀ। ਕੌਮੀ ਪੱਧਰ ’ਤੇ ਜਗਦੀਸ਼ ਸਿੰਘ ਨੂੰ 1963 ਤੋਂ 1965 ਤੱਕ 7 ਵਾਰ ਦੌੜਨ ਦਾ ਸੁਭਾਗ ਹਾਸਲ ਹੋਇਆ, ਜਿਸ ’ਚ ਉਸ ਨੇ 4 ਸੌ ਮੀਟਰ ਰੇਸ ’ਚ ਇਕ ਗੋਲਡ ਤੇ ਤਿੰਨ ਸਿਲਵਰ ਮੈਡਲ ਜਿੱਤਣ ਤੋਂ ਇਲਾਵਾ 200 ਮੀਟਰ ’ਚ ਦੋ ਚਾਂਦੀ ਤਗਮੇ ਹਾਸਲ ਕੀਤੇੇ ਸਨ।
ਕੌਮਾਂਤਰੀ ਪੱਧਰ ’ਤੇ ਦੋ ਏਸ਼ੀਅਨ ਮੁਕਾਬਲੇ ਖੇਡਣ ਵਾਲੇ ਜਗਦੀਸ਼ ਸਿੰਘ ਨੇ ਹੈਦਰਾਬਾਦ-1962 ਇੰਡੋ-ਜਰਮਨੀ ਅਥਲੈਟਿਕਸ ਮੀਟ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਹਿੰਦ-ਚੀਨ ਵਾਰ ਕਾਰਨ 1962 ਦੀਆਂ ਕਾਮਨਵੈਲਥ ਖੇਡਾਂ ’ਚ ਭਾਗ ਨਾ ਸਕਣ ਵਾਲੇ ਜਗਦੀਸ਼ ਸਿੰਘ ਨੇ 1964 ’ਚ ਜਰਮਨੀ ਦੇ ਮੈਦਾਨਾਂ ’ਤੇ ਖੇਡੀ ਗਈ ਇੰਟਰਨੈਸ਼ਨਲ ਮੀਟ ’ਚ 400 ਮੀਟਰ ਫੱਰਾਟਾ ਰੇਸ ’ਚ ਚਾਂਦੀ ਦਾ ਤਗਮਾ ਹਾਸਲ ਕਰਕੇ ਵੱਡਾ ਨਾਮਣਾ ਖੱਟਿਆ ਹੋਇਆ ਹੈ।
ਫੋਟੋ ਕੈਪਸ਼ਨ: (੨੨੫੦) ਏਸ਼ਿਆਈ ਗੋਲਡ ਮੈਡਲਿਸਟ ਅਥਲੀਟ ਜਗਦੀਸ਼ ਸਿੰਘ ਦਿਓਲ।

Have something to say? Post your comment

ਸੱਭਿਆਚਾਰ/ਖੇਡਾਂ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ

ਕੋਹਲੀ ਨੇ ਟੈਸਟ ਕਪਤਾਨੀ ਛੱਡੀ: 'ਉਸਨੇ ਅਸਤੀਫਾ ਦਿੱਤਾ, ਜਾਂ ਦੇਣ ਲਈ ਕਿਹਾ ਗਿਆ.?'

ਬਲੂਮਿੰਗ ਬੱਡਜ਼ ਸਕੂਲ ਚੰਦ ਨਵਾਂ ਦੀਆਂ 5ਵੀਆਂ ਖੇਡਾਂ ਆਪਣੀਆਂ ਅਮਿੱਟ ਛਾਪ ਛੱਡਦੀਆਂ ਹੋਈਆਂ ਸਮਾਪਤ

ਭਾਰਤ ਨੇ ਪਹਿਲੇ ਟੈਸਟ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 113 ਦੌੜਾਂ ਨਾਲ ਹਰਾਇਆ

ਅੰਮ੍ਰਿਤਸਰ ਦਾ ਅਭਿਸ਼ੇਕ ਕਰੇਗਾ ਰਣਜੀ ਟਰਾਫੀ ‘ਚ ਪੰਜਾਬ ਦੀ ਕਪਤਾਨੀ

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ 14ਵੀਆਂ ਸਲਾਨਾ ਬੀ. ਬੀ. ਐਸ. ਖੇਡਾਂ ਦੀ ਧਮਾਕੇਦਾਰ ਸ਼ੁਰੂਆਤ

ਰਣਬੀਰ ਕਾਲਜ ’ਚ 50 ਲੱਖ ਦੀ ਲਾਗਤ ਨਾਲ ਨਵਿਆਏ ਆਡੀਟੋਰੀਅਮ ਦਾ ਵਿਜੈ ਇੰਦਰ ਸਿੰਗਲਾ ਨੇ ਕੀਤਾ ਉਦਘਾਟਨ

ਏਸ਼ੀਅਨ ਚੈਂਪੀਅਨਜ਼ ਟਰਾਫੀ: ਆਤਮਵਿਸ਼ਵਾਸ ਨਾਲ ਭਰਿਆ ਭਾਰਤ ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਜਾਪਾਨ ਨਾਲ ਭਿੜੇਗਾ

ਭਾਰਤ ਨੇ ਕ੍ਰਿਕਟ ਦੀ ਹਾਰ ਦਾ ਬਦਲਾ ਹਾਕੀ ‘ਚ ਲਿਆ

ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ