English Hindi Saturday, January 22, 2022
-

ਪੰਜਾਬ

ਕਦੇ ਸਾਡੀ ਵੀ ਬਹਿ ਕੇ ਸੁਣਿਆ ਕਰ ....

January 14, 2022 07:10 PM
ਚੋਣਾਂ ਦੌਰਾਨ ਹਲਕਾ ਡੇਰਾਬੱਸੀ ਦੀਆਂ ਸਮੱਸਿਆਵਾਂ 'ਤੇ ਇੱਕ ਨਜ਼ਰ
 
ਲਾਲੜੂ , 14 ਜਨਵਰੀ (ਚੰਦਰਪਾਲ ਅੱਤਰੀ)   
ਪੰਜਾਬ ਦੇ ਨਾਮਵਰ ਗਾਇਕ ਬੱਬੂ ਮਾਨ ਦਾ ਬਰਫੀਲੀਆਂ ਚੋਟੀਆਂ ਤੇ ਨੀਲੇ ਸਮੁੰਦਰ ਵਿਚਲੇ ਟਾਪੂਆਂ ਉਤੇ ਫਿਲਮਾਇਆ ਗੀਤ "ਮੇਰੇ ਦਿਲ ਵਿੱਚ ਤੇਰਾ ਘਰ ਹੋਵੇ, ਕਦੇ ਆਇਆ ਕਰ-ਕਦੇ ਜਾਇਆ ਕਰ , ਕਦੇ ਸਾਡੀ ਵੀ ਬਹਿ ਕੇ ਸੁਣਿਆ ਕਰ -ਕਦੇ ਆਪਣੀ ਵੀ ਸੁਣਾਇਆ ਕਰ" ਸਿਆਸਤਦਾਨਾਂ ਨੂੰ ਹਾਂਕਾ ਮਾਰ-ਮਾਰ ਕੇ ਹਲਕਾ ਡੇਰਾਬੱਸੀ ਤੇ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਲਈ ਸੱਦਦਾ ਹੈ ਪਰ ਇਸ ਦੇ ਬਾਵਜੂਦ ਸਿਆਸਤਦਾਨਾਂ ਦਾ ਧਿਆਨ  ਬਰਫੀਲੀਆਂ ਚੋਟੀਆਂ ਮੁਕਾਬਲੇ ਖੂਹ ਤੋਂ ਡੂੰਘੀਆਂ ਰੇਤ ਦੀਆਂ ਖੱਡਾਂ, ਪ੍ਰਦੂਸ਼ਣ ਫੱਕਦੇ ਲੋਕਾਂ ਤੇ ਨੀਲੇ ਪਾਣੀ ਦੀ ਥਾਂ ਸਥਾਨਕ ਨਦੀਆਂ -ਨਾਲਿਆਂ ਦੇ ਕਾਲੇ ਪਾਣੀ ਵੱਲ ਕਦੇ ਜਾਂਦਾ ਹੀ ਨਹੀਂ।
ਲਾਲੜੂ -ਡੇਰਾਬੱਸੀ ਖੇਤਰ ਦੇ ਲੋਕ ਕਰੀਬ ਤੀਹ ਸਾਲਾਂ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਰ ਸਿਆਸਤਦਾਨ ਇਨ੍ਹਾਂ ਦਾ ਠੋਸ ਹੱਲ ਤਾਂ ਛੱਡੋ, ਸਾਧਾਰਨ ਹੱਲ ਕੱਢਣ ਵਿੱਚ ਵੀ ਨਾਕਾਮ ਰਹੇ ਹਨ।ਇਸ ਦੇ ਨਾਲ ਹੀ ਸ਼ੂਕਦੇ ਦਰਿਆਵਾਂ ਵਾਂਗ ਚੱਲਦੀਆਂ ਗੱਡੀਆਂ ਵਾਲੇ ਹੁਕਮਰਾਨ ਹਲਕੇ ਨੂੰ ਆਮ ਸਰਕਾਰੀ ਲਾਰੀਆਂ ਦੇਣ ਵਿੱਚ ਵੀ ਕਾਮਯਾਬ ਨਹੀਂ ਹੋਏ।ਹਲਕੇ ਦੇ ਸ਼ਹਿਰ ਜ਼ੀਰਕਪੁਰ 'ਚ ਤਾਂ ਹਾਲਾਤ ਇਹ ਹਨ ਕਿ ਲੋਕ ਘੰਟਿਆਂ-ਬੱਧੀ ਜਾਮ 'ਚ ਫਸ ਰਹੇ ਹਨ ਜਦਕਿ ਦਹਾਕਿਆਂ ਪੁਰਾਣਾ ਡੇਰਾਬੱਸੀ ਦਾ ਹਸਪਤਾਲ ਅਜੇ ਵੀ ਅਲਟਰਾਸਾਊਂਡ ਵਰਗੀ ਜ਼ਰੂਰੀ ਤੇ ਮਾਮੂਲੀ ਸਹੂਲਤ ਤੋਂ ਵਾਂਝਾ ਹੈ।ਇਸ ਦੇ ਬਾਵਜੂਦ ਕੋਈ ਆਖਦੈ ਕਿ ਮੈਂ ਹਲਕੇ ਨੂੰ ਗੇਟਵੇ ਆਫ ਪੰਜਾਬ ਬਣਾ ਦੇਵਾਂਗਾ ਤੇ ਕੋਈ ਕਹਿੰਦਾ ਕਿ ਮੈਂ ਕੁੜੀਆਂ ਦਾ ਕਾਲਜ ਲਿਆਇਆ ਹੀ ਲਿਆਇਆ ਪਰ ਇਨ੍ਹਾਂ ਆਗੂਆਂ ਦੇ ਸਭ ਵਾਅਦੇ ਲਾਰੀਆਂ ਵਾਂਗ ਆਏ ਹੀ ਨਹੀਂ।
ਪੰਜ ਦਰਿਆਵਾਂ ਵਾਲੇ ਪੰਜਾਬ ਦੇ ਇਸ ਹਲਕੇ ਦੇ ਨੱਬੇ ਫੀਸਦੀ ਲੋਕਾਂ ਨੂੰ ਪਹਿਲੀ ਮੰਜਲ ਉਤੇ ਬਿਨਾਂ ਮੋਟਰ ਤੋਂ ਪੀਣ ਵਾਲਾ ਪਾਣੀ ਹੀ ਨਹੀਂ ਮਿਲ ਰਿਹਾ ਜਦਕਿ ਖੇਤੀ ਖੇਤਰ ਵਾਲੇ ਸਿੰਜਾਈ ਟਿਊਬਵੈੱਲ ਸਰਕਾਰੀ ਮਿਹਰ ਨਾ ਹੋਣ ਕਾਰਨ ਸੋਕਾ ਮਾਰੀ ਫਸਲ ਵਾਂਗ ਬੈਠ ਗਏ ਹਨ।ਇਸੇ ਤਰ੍ਹਾਂ ਪੁਆਧ ਦੇ ਇਸ ਖੇਤਰ ਨੂੰ ਹਾਲੇ ਤੱਕ ਕੋਈ ਨਹਿਰ ਤਾਂ ਕੀ ਮਿਲਣੀ ਸੀ ਸੂਆ ਤੱਕ ਨਸੀਬ ਨਹੀਂ ਹੋਇਆ, ਜਿਸ ਕਰਕੇ ਖੇਤੀ ਤੇ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸ਼ਹਿਰੀ ਖੇਤਰ ਨਾਲ ਸਬੰਧਤ ਸਰਕਾਰੀ ਸਕੂਲਾਂ , ਜੋ ਜੀਟੀ ਰੋਡ ਉਤੇ ਹਨ, ਨੂੰ ਛੱਡ ਕੇ ਦਿਹਾਤੀ ਖੇਤਰ ਵਿਚਲੇ ਸਕੂਲ ਰੂੜੀ ਵਾਲੇ ਕੋਠਿਆਂ ਦਾ ਪ੍ਰਭਾਵ ਦੇ ਰਹੇ ਹਨ।ਇਨ੍ਹਾਂ ਸਕੂਲਾਂ ਵਿਚਲੇ ਕਮਰਿਆਂ ਦੀਆਂ ਇਮਾਰਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇੰਝ ਤੱਕਦੀਆਂ ਹਨ, ਜਿਵੇਂ ਕੋਈ ਬਜ਼ੁਰਗ ਵਿਦੇਸ਼ ਗਏ ਪੁੱਤਰ ਦੀ ਉਡੀਕ ਵਿੱਚ ਰਾਹਾਂ ਨੂੰ ਨਿਹਾਰ ਰਿਹਾ ਹੋਵੇ।ਹਲਕੇ ਦੇ ਹਸਪਤਾਲ ਖੁਦ ਬਿਮਾਰ ਹਨ।ਵਿਰੋਧਾਭਾਸ ਇਹ ਹੈ ਕਿ ਸਰਕਾਰੀ ਸਹੂਲਤਾਂ ਮਾਣਦੇ ਤੇ ਖਾਂਦੇ -ਪੀਂਦੇ ਲੋਕ ਤਾਂ ਸਰਕਾਰੀ ਸਕੂਲਾਂ - ਹਸਪਤਾਲਾਂ ਵੱਲ ਮੂੰਹ ਹੀ ਨਹੀਂ ਕਰ ਰਹੇ।ਸੜਕਾਂ ਬਾਰੇ ਹਰ ਸਿਆਸੀ ਆਗੂ ਦੇ ਆਪੋ-ਆਪਣੇ ਦਾਅਵੇ ਹਨ।ਭਾਵੇਂ ਲਾਲੜੂ ਰੇਲਵੇ ਸਟੇਸ਼ਨ ਦੀ ਇਮਾਰਤ ਦੀ ਨੁਹਾਰ ਬਦਲ ਗਈ ਹੈ ਪਰ ਰੇਲ ਮੰਤਰੀ ਇਸ ਖੇਤਰ ਨਾਲ ਸਬੰਧਤ ਰਹਿਣ ਦੇ ਬਾਵਜੂਦ ਇੱਥੇ ਨਵੀਂ ਰੇਲ ਸੇਵਾ ਬਾਰੇ ਕੋਈ ਸੁਧਾਰ ਨਹੀਂ ਹੋਇਆ।ਭਾਵੇ ਇਸ ਰੇਲ ਲਾਈਆਂ ਤੋਂ ਰੇਲਾਂ ਤਾਂ ਬਹੁਤ ਲੰਘਦੀਆਂ ਹਨ, ਪਰ ਰੁਕਦੀਆਂ ਟਾਵੀਂ-ਟਾਵੀਂ ਹਨ।
ਖੁਦ ਨੂੰ ਹਲਕੇ ਦਾ ਵਿਕਾਸ ਪੁਰਸ਼ ਤੇ ਮਸੀਹਾ ਆਖਣ ਵਾਲੇ ਸਿਆਸਤਦਾਨ ਹਲਕੇ ਨੂੰ ਐਨੇ ਬੁਰੀ ਤਰ੍ਹਾਂ ਧਰਮ ਤੇ ਜਾਤ ਦੀਆਂ ਵਲਗਣਾਂ ਵਿੱਚ ਵੰਡ ਰਹੇ ਹਨ ਕਿ ਇਕੱਲੇ ਵਿੱਚ ਦਸ ਵਰਿਆਂ ਦਾ ਕਾਕਾ ਵੀ ਆਪਣੇ ਮਾਪਿਆਂ ਤੇ ਨੇੜਲਿਆਂ ਨੂੰ ਟੋਹ-ਟੋਹ ਕੇ ਆਪਣੇ ਧਰਮ ਤੇ ਜਾਤ ਬਾਰੇ ਪੁੱਛ ਰਿਹਾ ਹੈ।
ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਦਾ ਦਾਅਵਾ ਕਰਨ ਵਾਲੇ ਆਗੂਆਂ ਦੇ ਹੇਠਲੇ ਵਰਕਰ ਇਸ ਗੱਲੋਂ ਚਿੰਤਤ ਹਨ ਕਿ ਲੋਕ ਉਨ੍ਹਾਂ ਨੂੰ ਨਿੱਤ ਆ ਪੁੱਛਦੇ ਹਨ ਕਿ "ਕੋਈ ਨਵੀਂ ਖੈਰਾਤੀ ਸਕੀਮ ਆਈ ਹੈ ਜਾਂ ਨਹੀਂ"।
ਇਹ ਹਾਲ ਉਸ ਪੰਜਾਬ ਦਾ ਹੈ ਜੋ ਆਰਥਿਕਤਾ ਦੇ ਮਾਮਲੇ ਵਿੱਚ ਖੁਦ ਨੂੰ ਬੇਹੱਦ ਮਜ਼ਬੂਤ ਦਰਸਾਉਂਦਾ ਹੈ ਤੇ ਇਸੇ ਤਰ੍ਹਾਂ ਪੈਸੇ ਪੱਖੋਂ ਅਮੀਰ ਹਲਕਿਆਂ ਵਿੱਚ ਸ਼ੁਮਾਰ ਸਾਡਾ ਇਹ ਹਲਕਾ ਆਪਣੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਵਾਉਣ ਦੇ ਮਾਮਲੇ ਵਿੱਚ ਬੇਹੱਦ ਅਵੇਸਲਾ ਹੈ।
ਉਮੀਦ ਹੈ ਕਿ ਇਸ ਚੋਣ ਦੌਰਾਨ ਥੋੜੇ ਹੀ ਸਹੀ ਪਰ ਕੁੱਝ ਲੋਕ ਆਪਣੇ ਹੱਕਾਂ ਪ੍ਰਤੀ ਜਾਗਣਗੇ ਤੇ ਆਪਣੇ ਹੱਕ ਮੰਗਦਿਆਂ ਬੱਬੂ ਮਾਨ ਦੇ ਹੀ ਉਸ ਗੀਤ ਦੀਆਂ ਅੰਤਿਮ ਸਤਰਾਂ  " ਮਾਨ ਰੂਹ ਤੇਰੇ ਨਾਲ ਲਾ ਬੈਠਾ, ਤੂੰ ਐਵੇਂ ਨਾ ਘਬਰਾਇਆ ਕਰ " ਮੁਤਾਬਕ  ਦਲੇਰੀ ਨਾਲ ਆਪਣੇ ਮਸਲੇ ਸਭਨਾਂ ਆਗੂਆਂ ਮੂਹਰੇ ਰੱਖਣਗੇ।
 
 
 
 
ReplyForward

Have something to say? Post your comment

ਪੰਜਾਬ

ਪੰਜਾਬ ਵਿਧਾਨ ਸਭਾ ਚੋਣਾਂ : ਸਰਵਿਆਂ ਮੁਤਾਬਕ ‘ਆਪ’ ਸਭ ਤੋਂ ਅੱਗੇ

ਸਖ਼ਤੀ ਦੇ ਬਾਵਜੂਦ ਪੰਜਾਬ ‘ਚ ਇਕ ਹਫ਼ਤੇ ਦੌਰਾਨ 150 ਲੋਕਾਂ ਦੀ ਕੋਰੋਨਾ ਨਾਲ ਮੌਤ

ਸਾਬਕਾ ਡੀਜੀਪੀ ਚਟੋਪਾਧਿਆਏ ਦੇ ਜਾਅਲੀ ਦਸਤਖਤ ਮਾਮਲੇ ‘ਚ ਪੀਏ ਗ੍ਰਿਫਤਾਰ

ਭਾਜਪਾ ਨੇ ਅਸ਼ਵਨੀ ਸ਼ਰਮਾ ਨੂੰ ਵੀ ਦਿੱਤੀ ਟਿਕਟ

ਬਿਕਰਮ ਮਜੀਠੀਆ ਕੱਲ੍ਹ ਨੂੰ ਕਰਨਗੇ ਮੁੱਖ ਮੰਤਰੀ ਚੰਨੀ ਖਿਲਾਫ ਕਰੋੜਾਂ ਦੇ ਘਪਲਿਆਂ ਦੇ ਖੁਲਾਸੇ

ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਧਿਆਨ ਚ ਰੱਖੇਗਾ ਕਾਂਗਰਸ ਦਾ ਮੈਨੀਫੈਸਟੋ: ਬਾਜਵਾ

ਬੀਕੇਯੂ ਏਕਤਾ (ਡਕੌਂਦਾ) ਦੀ ਜੂਝਾਰ ਰੈਲੀ: ਨਾ-ਖੁਸ਼ਗਵਾਰ ਮੌਸਮ 'ਚ ਵੀ ਠਾਠਾਂ ਮਾਰਦੇ ਇਕੱਠ ਵੱਲੋਂ ਅਥਾਹ ਜੋਸ਼ ਦਾ ਪ੍ਰਗਟਾਵਾ

ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੀਆਂ ਬਦਲੀਆਂ

ਕੱਲ੍ਹ 22 ਜਨਵਰੀ ਨੂੰ ਹੋਵੇਗੀ ਚੋਣ ਅਮਲੇ ਦੀ ਪਹਿਲੀ ਰਿਹਰਸਲ

ਪੰਜਾਬ ਵਾਸੀ ਇਸ ਵਾਰ ਬਣਾਉਣਗੇ ਆਪ ਦੀ ਸਰਕਾਰ: ਨਰਿੰਦਰ ਕੌਰ ਭਰਾਜ