English Hindi Sunday, October 24, 2021

ਲੇਖ

ਹੀਰੋਸੀਮਾ ਤੇ ਨਾਗਾਸਾਕੀ: ਆਧੁਨਿਕ ਤਕਨਾਲੋਜੀ ਦਾ ਮਨੁੱਖਤਾ ਉੱਪਰ ਪਹਿਲਾ ਵੱਡਾ ਹਮਲਾ, ਇਤਿਹਾਸ 'ਚ ਕਾਲਾ ਦਿਨ

August 06, 2021 12:42 PM

ਰਵਿੰਦਰ ਕੌਰ
6 ਤੇ 9 ਅਗਸਤ 1945, ਦੇ ਦਿਨ ਸੰਸਾਰ ਇਤਿਹਾਸ ’ਚ ਭਿਆਨਕ ਸੁਪਨੇ ਵਰਗੇ ਕਾਲ਼ੇ ਦਿਨ ਸਨ, ਸਾਮਰਾਜੀ ਮੁਲਕ ਦੇ ਇਰਾਦਿਆਂ ਦਾ, ਪ੍ਰਮਾਣੂ ਬੰਬਾਂ ਦਾ ਕਹਿਰ ਬੇਦੋਸ਼ੇ ਲੱਖਾਂ ਲੋਕਾਂ ’ਤੇ ਵਰਿਆ। ਉਸ ਦਿਨ ਅੱਗ ਵਿੱਚ ਧਰਤੀ ਤਪੀ, ਪ੍ਰਮਾਣੂ ਬੰਬ ਫਟਣ ਨਾਲ਼ ਧਰਤੀ ਦਾ ਤਾਪਮਾਨ 4000 ਡਿਗਰੀ ਸੈਂਟੀਗ੍ਰੇਡ ਹੋ ਗਿਆ, ਇਨਸਾਨ ਰਾਖ਼ ਹੋ ਗਏ, ਮਨ-ਮੋਹਣੇ ਦਿ੍ਰਸ਼ ਧਰਤ ਤੋਂ ਲਾਪਤਾ ਹੋ ਗਏ, ਮੁਨਾਫ਼ੇ ਦੇ ਦੈਂਤ ਨੇ ਅੱਗ ਉਗਲੀ, ਸਮਾਜ ਦੇ ਮੱਥੇ ’ਤੇ ਕਾਲ਼ਾ ਠੱਪਾ ਜੜਿਆ ਗਿਆ।


6 ਅਗਸਤ ਨੂੰ ਹੀਰੋਸ਼ੀਮਾ ਸ਼ਹਿਰ ਵਿੱਚ ਗਰਮੀ ਦੀ ਸਵੇਰ ਦੇ ਸਵਾ ਅੱਠ ਵੱਜੇ ਸਨ। ਸੜਕਾਂ ਉੱਤੇ ਬੱਚੇ ਸਕੂਲ ਜਾ ਰਹੇ ਸਨ, ਲੋਕ ਕੰਮਾਂ ਉੱਤੇ ਨਿੱਕਲ ਚੁੱਕੇ ਸਨ ਤੇ ਔਰਤਾਂ ਘਰ ਦਾ ਕੰਮ ਮੁਕਾ ਰਹੀਆਂ ਸਨ। ਦੂਰ ਉੱਪਰ ਅਕਾਸ਼ ਵਿੱਚ ਇੱਕ ਮਸ਼ੀਨੀ ਗਿਰਝ ਉੱਡਦੀ ਦਿਸੀ ਤੇ ਇਹ ਲਗਾਤਾਰ ਵੱਡੀ ਹੁੰਦੀ ਗਈ। ਘਰਾਂ ਵਿੱਚੋਂ ਬੱਚੇ ਇਸਨੂੰ ਦੇਖਣ ਲਈ ਬਾਹਰ ਭੱਜੇ। ਸ਼ਹਿਰ ਵਿਚਕਾਰ ਆ ਕੇ ਇਸਨੇ ਆਪਣੇ ਖੰਭਾਂ ਵਿੱਚੋਂ ਇੱਕ ਕਾਲਾ ਅੰਡਾ ਹੇਠਾਂ ਸੁੱਟਿਆ ਜੋ ਅਚਾਨਕ ਹਵਾ ਵਿੱਚ ਫਟ ਗਿਆ ਤੇ ਇਸਨੇ ਸ਼ਹਿਰ ਵਿੱਚ ਅੱਗ ਖਲੇਰ ਦਿੱਤੀ। ਇਹ ਅਮਰੀਕੀ ਬੰਬਰ ਜਹਾਜ ਬੀ-29 ਸੀ ਜਿਸਨੇ ਸੰਸਾਰ ਦਾ ਯੂਰੇਨੀਅਮ ਵਾਲ਼ਾ ਪਹਿਲਾ ਪ੍ਰਮਾਣੂ ਬੰਬ ‘ਲਿਟਲ ਬੁਆਏ’ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਪਰ ਸੁੱਟਿਆ ਤੇ ਇਸਨੇ ਫਟਣ ਸਾਰ 1 ਮੀਲ ਤੱਕ ਦੇ ਘੇਰੇ ਨੂੰ ਅੱਗ ਦੇ ਗੋਲ਼ੇ ਵਿੱਚ ਬਦਲ ਦਿੱਤਾ। ਇਸ ਅੱਗ ਨੇ ਅੱਗੇ ਵਧਕੇ 13 ਵਰਗ ਕਿਲੋਮੀਟਰ ਤੱਕ ਦੀ ਹਰ ਚੀਜ਼ ਨੂੰ ਆਪਣੇ ਘੇਰੇ ਵਿੱਚ ਲੈ ਲਿਆ। 90 ਫੀਸਦੀ ਸ਼ਹਿਰ ਇਸ ਬੰਬ ਦੇ ਪ੍ਰਭਾਵ ਅਧੀਨ ਆਇਆ। ਪੂਰਾ ਸ਼ਹਿਰ ਧੂੰਏਂ, ਧੂੜ ਤੇ ਮਿੱਟੀ ਦੇ ਗਲਾਫ ਵਿੱਚ ਲਪੇਟਿਆ ਗਿਆ। ਇਸਨੇ ਪਲਕ ਝਪਕਦਿਆਂ ਲੱਖਾਂ ਲੋਕਾਂ, ਜਾਨਵਰਾਂ, ਪਸ਼ੂ-ਪੰਛੀਆਂ, ਇਮਾਰਤਾਂ ਨੂੰ ਸੁਆਹ ਦੇ ਢੇਰ ਵਿੱਚ ਬਦਲ ਦਿੱਤਾ। ਬਹੁਤ ਨੇੜੇ ਦੇ ਲੋਕਾਂ ਨੂੰ ਤਾਂ ਕੁੱਝ ਸੋਚ-ਸਮਝ ਸਕਣ ਤੇ ਇੱਥੋਂ ਤੱਕ ਕਿ ਚੀਕ ਸਕਣ ਦਾ ਮੌਕਾ ਵੀ ਨਾ ਮਿਲ਼ਿਆ। ਅੰਦਾਜਨ 1, 50, 000 ਲੋਕ ਇਸ ਬੰਬ ਧਮਾਕੇ ਵਿੱਚ ਮਾਰੇ ਗਏ ਤੇ ਲੱਖਾਂ ਜਖ਼ਮੀ ਹੋ ਗਏ। ਸ਼ਹਿਰ ਦੀਆਂ ਦੋ-ਤਿਹਾਈ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਵਾਪਰਿਆ। ਜਪਾਨ ਦੇ ਫੌਜੀ ਮਾਹਰ, ਵਿਗਿਆਨੀ ਸਭ ਹੈਰਾਨ ਤੇ ਡਰੇ ਹੋਏ ਸਨ। 16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੂਮੈਨ ਦੇ ਰੇਡੀਓ ’ਤੇ ਦਿੱਤੇ ਸੁਨੇਹੇ ਤੋਂ ਪਤਾ ਲੱਗਿਆ ਕਿ ਅਮਰੀਕਾ ਨੇ ਜਪਾਨ ਉੱਤੇ ਪ੍ਰਮਾਣੂ ਬੰਬ ਸੁੱਟਿਆ ਸੀ। ਜਪਾਨ ਨੂੰ ਆਤਮ-ਸਪਰਮਣ ਕਰਨ ਲਈ ਕਿਹਾ ਗਿਆ ਤੇ ਧਮਕੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਪਾਨ ਉੱਤੇ ਅਜਿਹੇ ਹੋਰ ਬੰਬ ਸੁੱਟੇ ਜਾਣਗੇ। ਜਪਾਨ ਦੇ ਲੋਕ ਹਫੜਾ-ਦਫੜੀ ਵਿੱਚ ਸਨ ਤੇ ਹਾਕਮ ਦੁਚਿੱਤੀ ਵਿੱਚ। ਇਸੇ ਸਮੇਂ ਅਮਰੀਕਾ ਨੇ ਜਪਾਨ ਉੱਤੇ ਇੱਕ ਹੋਰ ਹਮਲਾ ਕਰਕੇ ਪਲੂਟੋਨੀਅਮ ਵਾਲ਼ੇ ਪ੍ਰਮਾਣੂ ਬੰਬ ਨੂੰ ਵੀ ਪਰਖਣ ਦਾ ਫੈਸਲਾ ਲਿਆ। 9 ਅਗਸਤ ਨੂੰ ਜਪਾਨ ਦੇ ਸ਼ਹਿਰ ਨਾਗਾਸਾਕੀ ਉੱਤੇ ਸਵੇਰ 11 ਵਜੇ ਇੱਕ ਹੋਰ ਪ੍ਰਮਾਣੂ ਬੰਬ ‘ਫੈਟ ਬੁਆਏ’ ਸੁੱਟਿਆ ਗਿਆ ਜਿਸਨੇ ਲਗਭਗ 5 ਵਰਗ ਕਿਲੋਮੀਟਰ ਦੇ ਘੇਰੇ ਤੱਕ ਸ਼ਹਿਰ ਵਿੱਚ ਮੌਤ ਵਿਛਾ ਦਿੱਤੀ। ਇਸ ਵਿੱਚ ਵੀ 80, 000 ਦੇ ਲਗਭਗ ਲੋਕ ਮਾਰੇ ਗਏ। ਦੋਵਾਂ ਬੰਬ ਧਮਕਾਇਆ ਵਿੱਚ ਜਖ਼ਮੀਆਂ ਦੀ ਹਾਲਤ ਬਹੁਤ ਦਰਦਨਾਕ ਸੀ। ਲੋਕਾਂ ਦੀ ਚਮੜੀ ਪਿਘਲ ਰਹੀ ਸੀ, ਸਰੀਰ ਵਿੱਚ ਕੱਚ ਦੇ ਟੁਕੜੇ ਖੁੱਭ ਗਏ, ਅੰਗ ਜਲ਼ ਗਏ ਤੇ ਅੱਖਾਂ, ਮੂੰਹ, ਨੱਕ ਆਦਿ ਚੋਂ ਖੂਨ ਵਹਿ ਰਿਹਾ ਸੀ।


ਦੋਵਾਂ ਬੰਬ ਧਮਾਕਿਆਂ ਵਿੱਚੋਂ ਮੌਤ ਦੇ ਮੂੰਹੋਂ ਬਚ ਕੇ ਆਏ ਲੋਕਾਂ ਦੀ ਜ਼ਿੰਦਗੀ ਮੌਤ ਨਾਲ਼ੋਂ ਵੀ ਭੈੜੀ ਹੋ ਗਈ। ਕੁੱਝ ਲੋਕ ਦਿਨਾਂ ਵਿੱਚ ਤੇ ਕੁੱਝ ਮਹੀਨਿਆਂ ਵਿੱਚ ਤੜਫ-ਤੜਫ ਕੇ ਮਰ ਗਏ ਤੇ ਕਈ ਸਾਲਾਂਬੱਧੀ ਰੇਡੀਏਸ਼ਨਾਂ ਦੇ ਪ੍ਰਭਾਵ ਨਾਲ਼ ਜੂਝਦੇ ਰਹੇ। ਲੋਕਾਂ ਦੇ ਸਰੀਰ ਵਿੱਚ ਖੁੱਭੇ ਕੱਚ ਦੇ ਟੁਕੜੇ ਕਈ ਸਾਲਾਂ ਤੱਕ ਨਿੱਕਲਦੇ ਰਹੇ। ਕਈਆਂ ਨੂੰ ਅਪਾਹਜਾਂ ਦੀ ਜ਼ਿੰਦਗੀ ਬਤੀਤ ਕਰਨੀ ਪਈ। ਚਮੜੀ ਰੋਗ, ਕੈਂਸਰ ਅਤੇ ਲਿਊਕੈਮੀਆ ਦੇ ਮਰੀਜਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਗਿਆ। ਮਾਵਾਂ ਦੀਆਂ ਕੁੱਖਾਂ ਵਿੱਚ ਪਲ਼ ਰਹੇ ਬੱਚੇ ਰੇਡੀਏਸ਼ਨਾਂ ਦੇ ਅਸਰ ਨਾਲ਼ ਜਾਂ ਤਾਂ ਸਰੀਰਕ ਤੌਰ ’ਤੇ ਅਵਿਕਸਿਤ ਪੈਦਾ ਹੋਏ ਜਾਂ ਜਮਾਂਦਰੂ ਦੋਸ਼ਪੂਰਨ ਸਰੀਰਕ ਬਣਤਰ ਨਾਲ਼ ਜਨਮੇ ਤੇ ਜਾਂ ਦਿਮਾਗੀ ਤੌਰ ’ਤੇ ਅਵਿਕਸਿਤ ਰਹਿ ਗਏ। ਕਈਆਂ ਵਿੱਚ ਰੇਡੀਏਸ਼ਨ ਦੇ ਪ੍ਰਭਾਵ ਇੱਕ ਜਾਂ ਦੋ ਪੀੜੀਆਂ ਛੱਡ ਕੇ ਅਗਲੀਆਂ ਪੀੜੀਆਂ ਵਿੱਚ ਪ੍ਰਗਟ ਹੁੰਦੇ ਰਹੇ। ਇਹਨਾਂ ਲੋਕਾਂ ਨੂੰ ਨਾ ਸਿਰਫ ਸਰੀਰਕ ਤੇ ਆਰਥਿਕ ਨੁਕਸਾਨ ਹੋਇਆ ਸਗੋਂ ਉਹ ਇੱਕ ਬੇਰਹਿਮ ਮਾਨਸਕ ਸੰਤਾਪ ਹੰਢਾਉਣ ਲਈ ਮਜ਼ਬੂਰ ਹੋ ਗਏ। ਰੇਡੀਏਸ਼ਨ ਦੇ ਡਰ ਤੋਂ ਬਾਕੀ ਲੋਕ ਉਹਨਾਂ ਨਾਲ਼ੋਂ ਦੂਰੀ ਬਣਾ ਕੇ ਰੱਖਣ ਲੱਗੇ।


ਇਹਨਾਂ ਪ੍ਰਮਾਣੂ ਬੰਬ ਧਮਾਕਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਹੀਰੋਸ਼ੀਮਾ ਸ਼ਹਿਰ ਵਿੱਚ ‘ਅਮਨ ਅਜਾਇਬ ਘਰ’ ਸਥਾਪਿਤ ਕੀਤਾ ਗਿਆ ਹੈ ਜਿੱਥੇ ਇਹਨਾਂ ਬੰਬ ਧਮਾਕਿਆਂ ਦੀਆਂ ਭਿਆਨਕਤਾਵਾਂ ਨਾਲ਼ ਜੁੜੀਆਂ ਯਾਦਾਂ ਮੌਜੂਦ ਹਨ। ਇਸ ਅਜਾਇਬ ਘਰ ਵਿੱਚ ਸਕੂਲੀ ਬੱਚਿਆਂ ਦੇ ਪਿਘਲੇ ਸਾਈਕਲ, ਟਿਫਨ, ਬੱਕਲ ਅਤੇ ਹੋਰ ਯਾਦਾਂ ਇਹਨਾਂ ਧਮਾਕਿਆਂ ਪ੍ਰਤੀ ਨਫ਼ਰਤ ਤੇ ਰੋਸ ਪੈਦਾ ਕਰਦੀਆਂ ਹਨ। ਇਸਦੇ ਪਾਰਕ ਵਿੱਚ 25 ਅਕਤੂਬਰ 1955 ਨੂੰ 10 ਸਾਲ 10 ਮਹੀਨੇ ਅਤੇ ਅਠਾਰਾਂ ਦਿਨ ਜਿਊਣ ਵਾਲੀ ਕੁੜੀ ‘ਸਦਾਕੋ’ ਦਾ ਬੁੱਤ ਹੈ। ਇਹ 2 ਸਾਲ ਦੀ ਕੁੜੀ ਬੰਬ ਵਿਸਫੋਟ ਤੋਂ ਕਾਫੀ ਦੂਰ ਆਪਣੇ ਮਾਪਿਆਂ ਦੀ ਕੁੱਛੜ ਵਿੱਚ ਸੀ ਜਿਸ ’ਤੇ ਰੇਡੀਆਈ ਕਿਰਨਾਂ ਦਾ ਅਸਰ 8 ਸਾਲ ਪਿੱਛੋਂ ਹੋਇਆ ਸੀ।


ਹੀਰੋਸ਼ੀਮਾ-ਨਾਗਾਸਾਕੀ ’ਤੇ ਹਮਲਾ ਕਿਉਂ :-


ਹੀਰੋਸੀਮਾ-ਨਾਗਾਸਾਕੀ ਦੇ ਦਿਲ-ਕੰਬਾਊ ਕਾਰੇ ਦੀਆਂ ਜੜ੍ਹਾਂ 1930ਵਿਆਂ ਦੇ ਸਰਮਾਏਦਾਰੀ ਦੇ ਵੱਡੇ ਆਰਥਿਕ ਸੰਕਟ ਨਾਲ ਜੁੜੀਆਂ ਹੋਈਆਂ ਹਨ ਜਿਸਨੇ ਅਮਰੀਕਾ ਤੇ ਯੂਰਪ ਸਮੇਤ ਸੰਸਾਰ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਸੰਕਟ ਵਿੱਚੋਂ ਨਿਕਲਣ ਲਈ ਸਰਮਾਏ ਨੂੰ ਨਿਵੇਸ਼ ਕਰਨ ਲਈ ਜਿਣਸਾਂ ਦੀ ਨਵੀਂ ਮੰਗ ਤੇ ਨਵੀਆਂ ਮੰਡੀਆਂ ਪੈਦਾ ਕਰਨ ਦੀ ਲੋੜ ਸੀ। ਇਹ ਮੰਗ ਭਿਆਨਕ ਤਬਾਹੀ ਨਾਲ਼ ਪਹਿਲਾਂ ਸਭ ਕੁੱਝ ਤਬਾਹ ਕਰਕੇ ਫਿਰ ਉਸਨੂੰ ਮੁੜ ਉਸਾਰਨ ਲਈ ਸਰਮਾਇਆ ਨਿਵੇਸ਼ ਲਈ ਥਾਂ ਤੇ ਮੰਡੀ ਪੈਦਾ ਕਰਕੇ ਪੂਰੀ ਕੀਤੀ ਜਾਣੀ ਸੀ। ਇਸੇ ਉਦੇਸ਼ ਲਈ ਦੂਜੀ ਸੰਸਾਰ ਜੰਗ ਲੱਗੀ। ਇਸ ਜੰਗ ਵਿੱਚ ਇੱਕ ਪਾਸੇ ਜਰਮਨੀ, ਜਪਾਨ ਤੇ ਇਟਲੀ ਜਿਹੇ ਦੇਸ਼ ਸਨ ਜਿਨ੍ਹਾਂ ਨੂੰ ਧੁਰੀ ਸ਼ਕਤੀਆਂ ਆਖਿਆ ਗਿਆ ਤੇ ਦੂਜੇ ਪਾਸੇ ਸੋਵੀਅਤ ਯੂਨੀਅਨ, ਇੰਗਲੈਂਡ, ਅਮਰੀਕਾ, ਚੀਨ ਜਿਹੇ ਕਈ ਦੇਸ਼ ਸਨ ਜਿਨ੍ਹਾਂ ਨੂੰ ਮਿੱਤਰ ਦੇਸ਼ ਆਖਿਆ ਗਿਆ। ਇਸ ਵਿੱਚ ਵੀ ਅਮਰੀਕਾ ਤੇ ਯੂਰਪੀ ਦੇਸ਼ਾਂ ਦੀ ਇੱਛਾ ਇਹੋ ਸੀ ਕਿ ਸੋਵੀਅਤ ਯੂਨੀਅਨ ਤੇ ਜਰਮਨੀ ਨੂੰ ਆਪਸ ਵਿੱਚ ਭਿੜਣ ਦਿੱਤਾ ਜਾਵੇ ਤੇ ਮੁੜ ਜੇਤੂ ਤੇ ਕਮਜ਼ੋਰ ਹੋ ਚੁੱਕੀ ਧਿਰ ਉੱਤੇ ਹਮਲਾ ਕਰਕੇ ਦੋਵਾਂ ਨੂੰ ਹੀ ਜਿੱਤਿਆ ਜਾ ਸਕੇ। ਇਸੇ ਲਈ ਅਮਰੀਕਾ ਨੇ ਪੂਰੀ ਤਰ੍ਹਾਂ ਇਸ ਜੰਗ ਤੋਂ ਟਾਲਾ ਵੱਟੀ ਰੱਖਿਆ, ਇੰਗਲੈਂਡ, ਫਰਾਂਸ ਜਿਹੇ ਦੇਸ਼ਾਂ ਨੂੰ ਵੀ ਜਰਮਨੀ ਵੱਲੋਂ ਹਮਲਾ ਕੀਤੇ ਜਾਣ ਦੀ ਮਜ਼ਬੂਰੀ ਕਾਰਨ ਲੜਨਾ ਪਿਆ। ਪਰ ਸਮਾਜਵਾਦੀ ਸੋਵੀਅਤ ਯੂਨੀਅਨ ਨੇ ਸਾਮਰਾਜੀ ਹਾਕਮਾਂ ਦੀ ਇੱਛਾਵਾਂ ਨੂੰ ਬੂਰ ਨਾ ਪੈਣ ਦਿੱਤਾ ਤੇ 1943 ਵਿੱਚ ਜਰਮਨ ਫੌਜਾਂ ਦੇ ਬਖੀਏ ਉਧੇੜਦੇ ਹੋਏ ਉਹਨਾਂ ਨੂੰ ਬਰਲਿਨ ਤੱਕ ਛੱਡਣ ਨਿੱਕਲ ਤੁਰੇ। ਇੱਥੇ ਆ ਕੇ ਅਮਰੀਕਾ ਨੇ ਆਪਣੀ ਤਾਕਤ ਦਾ ਮੁਜਾਹਰਾ ਕਰਨ ਤੇ ਆਪਣੀ ਧੌਂਸ ਜਮਾਉਣ ਲਈ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਬੰਬ ਸੁੱਟਣ ਦਾ ਫੈਸਲਾ ਲਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਦਾ ਬਿਆਨ ‘ਜੰਗ ਤਾਂ ਪਹਿਲਾਂ ਹੀ ਜਿੱਤੀ ਜਾ ਚੁੱਕੀ ਸੀ। ਬੰਬ ਸੁੱਟਣਾ ਤਾਂ ਜ਼ਰੂਰੀ ਸੀ ਕਿ ਅਸੀਂ ਇਹ ਦੱਸ ਦਈਏ, ਜਿਸ ਨੇ ਇਸ ਧਰਤੀ ਤੇ ਰਹਿਣਾ ਹੈ, ਸਾਡੇ ਤੋਂ ਦਬ ਕੇ ਰਹਿਣਾ ਹੋਵੇਗਾ।’ ਚਿੱਟੇ ਦਿਨ ਵਾਂਗੂੰ ਸਾਫ਼ ਕਰ ਦਿੰਦਾ ਹੈ ਕਿ ਇਹ ਹਮਲਾ ਸਿਰਫ਼ ਤੇ ਸਿਰਫ਼ ਅਮਰੀਕਾ ਦੁਆਰਾ ਚੌਧਰ ਸਥਾਪਿਤ ਕਰਨ ਲਈ ਸੀ।


ਅਮਰੀਕਾ ਨੇ 1939-40 ਤੋਂ ਹੀ ਇਹਨਾਂ ਪ੍ਰਮਾਣੂ ਹਥਿਆਰਾਂ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਹਥਿਆਰਾਂ ਦੀ ਖੋਜ ਉੱਤੇ ਕੰਮ ਕਰਨ ਵਾਲ਼ੇ ਵਿਗਿਆਨੀਆਂ ਨੇ ਇਹ ਕੰਮ ਸਿਰਫ਼ ਇਸ ਲਈ ਕੀਤਾ ਸੀ ਕਿਉਂਕਿ ਜਰਮਨੀ ਵੱਲੋਂ ਅਜਿਹੇ ਬੰਬ ਤਿਆਰ ਕੀਤੇ ਜਾਣ ਦਾ ਖਦਸਾ ਸੀ, ਅਜਿਹੀ ਹਾਲਤ ਵਿੱਚ ਜੁਆਬੀ ਕਾਰਵਾਈ ਲਈ ਜਾਂ ਤਾਕਤਾਂ ਦਾ ਬਰਾਬਰ ਤੋਲ ਵਿਖਾ ਕੇ ਜਰਮਨੀ ਨੂੰ ਪ੍ਰਮਾਣੂ ਬੰਬ ਵਰਤਣੋਂ ਵਰਜਣ ਲਈ ਅਜਿਹੇ ਬੰਬਾਂ ਦੀ ਲੋੜ ਮਹਿਸੂਸ ਹੋਈ। ਜਦੋਂ ਬੰਬ ਤਿਆਰ ਕੀਤੇ ਗਏ ਤਾਂ ਜੰਗ ਖਤਮ ਹੋਣ ਕੰਢੇ ਸੀ, ਜਰਮਨੀ ਵੱਲੋਂ ਪ੍ਰਮਾਣੂ ਬੰਬਾਂ ਦੀ ਵਰਤੋਂ ਦਾ ਖਦਸਾ ਖਤਮ ਹੋ ਚੁੱਕਾ ਸੀ। ਧੁਰੀ ਸ਼ਕਤੀਆਂ ਦੀ ਹਾਰ ਅਟੱਲ ਹੋ ਚੁੱਕੀ ਸੀ। ਅਮਰੀਕੀ ਹਾਕਮਾਂ ਨੇ ਨਾ ਸਿਰਫ ਆਪਣੀ ਤਾਕਤ ਦਿਖਾਉਣੀ ਤੇ ਦਹਿਸ਼ਤ ਪੈਦਾ ਕਰਨੀ ਸੀ ਸਗੋਂ ਉਸਨੇ ਇਹਨਾਂ ਪ੍ਰਮਾਣੂ ਹਥਿਆਰਾਂ ਨੂੰ ਪਰਖਣਾ ਵੀ ਸੀ। ਅਮਰੀਕੀ ਹਾਕਮ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਸ ਬੰਬ ਦੀ ਤਬਾਹੀ ਏਨੀ ਭਿਆਨਕ ਹੋਵੇਗੀ ਜਿੰਨੀ ਮਨੁੱਖਤਾ ਨੇ ਅੱਜ ਤੱਕ ਨਹੀਂ ਦੇਖੀ, ਕਿ ਕੁੱਝ ਪਲਾਂ ਵਿੱਚ ਹੀ ਲੱਖਾਂ ਬੇਦੋਸ਼ੇ ਆਮ ਲੋਕ, ਔਰਤਾਂ, ਬੱਚੇ, ਬੁੱਢੇ ਸੁਆਹ ਹੋ ਜਾਣਗੇ। ਪਰ ਤਾਕਤ ਦੇ ਨਸ਼ੇ ਵਿੱਚ ਚੂਰ ਹਾਕਮਾਂ ਨੂੰ ਮਨੁੱਖੀ ਜਾਨਾਂ ਦੀ ਕਿੱਥੇ ਪ੍ਰਵਾਹ ਸੀ।


ਵਿਗਿਆਨ ਮੁਨਾਫ਼ੇ ਦੀ ਜਕੜ ਵਿੱਚ:-


ਅੱਜ ਪ੍ਰਮਾਣੂ ਊਰਜਾ ਦੇ ਵਿਗਿਆਨ ਹੀ ਨਹੀਂ ਸਗੋਂ ਸਮੁੱਚਾ ਵਿਗਿਆਨ ਹੀ ਮਨੁੱਖਤਾ ਦੀ ਸੇਵਾ ਦੀ ਥਾਂ ਮੁੱਠੀ ਭਰ ਮੁਨਾਫੇਖੋਰਾਂ ਦੇ ਹੱਥ, ਲੋਕਾਂ ਦੀ ਹੋਰ ਬੇਰਹਿਮੀ ਨਾਲ਼ ਲੁੱਟ ਕਰਨ, ਮਨੁੱਖਤਾ ਦਾ ਹੋਰ ਲਹੂ ਵਹਾਉਣ, ਲਾਸ਼ਾਂ ਦੇ ਹੋਰ ਮਹਿਲ ਉਸਾਰਨ ਦਾ ਸਾਧਨ ਬਣਕੇ ਰਹਿ ਗਿਆ ਹੈ। ਹਥਿਆਰਾਂ ਤੋਂ ਲੈ ਕੇ ਦਵਾਈਆਂ ਤੱਕ, ਕਾਰਖਾਨਿਆਂ ਦੀਆਂ ਮਸ਼ੀਨਾਂ ਤੋਂ ਲੈ ਕੇ ਖੇਤਾਂ ਤੱਕ ਹਰ ਥਾਂ ਵਿਗਿਆਨ ਦੀ ਵਰਤੋਂ ਇਸੇ ਰੂਪ ਵਿੱਚ ਹੀ ਹੋ ਰਹੀ ਹੈ। ਅੱਜ ਦੁਨੀਆਂ ਦੇ 20% ਵਿਗਿਆਨੀ ਹਥਿਆਰਾਂ ਦੇ ਖੋਜ ਕਾਰਜ ਵਿੱਚ ਜੁੱਟੇ ਹੋਏ ਹਨ। ਦੂਸਰੀ ਸੰਸਾਰ ਜੰਗ ਇਤਿਹਾਸ ਦੇ ਸਫ਼ਿਆ ’ਤੇ ਦਰਜ਼ ਹੈ, ਪਰ ਉਸ ਦਾ ਸੰਤਾਪ ਲੋਕਾਈ ਆਪਣੇ ਪਿੰਡਿਆਂ ਤੇ ਹੰਢਾ ਰਹੀ ਹੈ, ਮੁੱਕਦੀ ਗੱਲ 2020 ਵਿੱਚ ਹਥਿਆਰਾਂ ਦੀ ਜ਼ਖ਼ੀਰੇਬਾਜ਼ੀ ਜ਼ੋਰਾ-ਸ਼ੋਰਾ ’ਤੇ ਹੈ, 1945 ਦੇ ਮੁਕਾਬਲੇ ਪ੍ਰਮਾਣੂ ਬੰਬਾਂ ਦੇ ਅੰਬਾਰ ਹਨ। ਪ੍ਰਮਾਣੂ ਊਰਜਾ ਦੇ ਵਿਗਿਆਨ ਦੀ ਵਰਤੋਂ ਬਿਜਲੀ ਬਣਾਉਣ, ਇਲਾਜ ਪ੍ਰਣਾਲੀਆਂ ਵਿਕਸਤ ਕਰਨ, ਲੋਕਾਂ ਦੇ ਜੀਵਨ ਨੂੰ ਬਿਹਤਰ ਤੇ ਸੁਖਾਲਾ ਬਣਾਉਣ ਤੇ ਕੁਦਰਤ ਨੂੰ ਮਨੁੱਖਤਾ ਦੀ ਸੇਵਾ ਵਿੱਚ ਲਾਉਣ ਲਈ ਵਰਤਿਆ ਜਾ ਸਕਦਾ ਹੈ, ਪਰ ਉਸਨੂੰ ਲੋਕਾਂ ਦੀਆਂ ਕਬਰਾਂ ਉਸਾਰ ਕੇ ਕੁੱਝ ਲੋਕਾਂ ਦੇ ਮੁਨਾਫੇ ਕਮਾਉਣ ਦਾ ਸਾਧਨ ਬਣਾ ਦਿੱਤਾ ਗਿਆ ਹੈ। ਉਦੋਂ ਤੋਂ ਸੰਸਾਰ ਦੇ ਚੌਧਰੀਆਂ ਵਿੱਚ ਵੱਧ ਤੋਂ ਵੱਧ ਪ੍ਰਮਾਣੂ ਤਾਕਤ ਹਾਸਲ ਕਰਨ ਤੇ ਹਥਿਆਰ ਬਣਾਉਣ ਦਾ ਮੁਕਾਬਲਾ ਹੈ ਜਿਸ ਜਰੀਏ ਮੁੱਠੀਭਰ ਲੋਕ ਅਰਬਾਂ-ਖਰਬਾਂ ਦਾ ਕਾਰੋਬਾਰ ਕਰ ਰਹੇ ਹਨ।


ਨਾ ਪਹਿਲੀ, ਨਾ ਆਖਰੀ ਦਰਦਨਾਕ ਦਾਸਤਾਨ :-


ਹੀਰੋਸ਼ੀਮਾ-ਨਾਗਾਸਾਕੀ ਦਾ ਦਰਦਨਾਕ ਕਾਂਡ ਸਾਮਰਾਜੀ ਜੁਲਮਾਂ ਦੀ ਸਭ ਤੋਂ ਘਨਾਉਣੀ ਦਾਸਤਾਨ ਹੈ। ਇਹ ਦਿਖਾਉਂਦਾ ਹੈ ਕਿ ਕਿਵੇਂ ਮੁੱਠੀ ਭਰ ਲੋਕਾਂ ਦੇ ਮੁਨਾਫਿਆਂ ਲਈ ਕਰੋੜਾ ਬੇਕਸੂਰ ਲੋਕਾਂ ਨੂੰ ਕਤਲ ਕੀਤਾ ਜਾਂਦਾ ਹੈ। ਹੀਰੋਸ਼ੀਮਾ-ਨਾਗਾਸਾਕੀ ਹੀ ਨਹੀਂ ਸਗੋਂ ਦੂਜੀ ਸੰਸਾਰ ਜੰਗ ਦਾ ਪੂਰਾ ਘਟਨਾਕ੍ਰਮ ਹੀ ਅਜਿਹੇ ਦਿਲ-ਕੰਬਾਊ ਕਾਰਿਆਂ ਦੀ ਦਾਸਤਾਨ ਹੈ ਜਿਨ੍ਹਾਂ ਵਿੱਚ 60 ਲੱਖ ਯਹੂਦੀਆਂ ਨੂੰ ਜਿਉਂਦੇ ਸਾੜੇ ਜਾਣਾ, ਨਾਜ਼ੀਆਂ ਦੇ ਤਸੀਹਾ ਕੈਂਪ, ਪੁੱਛ-ਗਿੱਛ ਤੇ ਤਸੀਹਾ ਕੇਂਦਰ, ਕਰੋੜਾ ਮਨੁੱਖੀ ਜਾਨਾਂ ਤੇ ਕਈ ਦੇਸ਼ਾਂ ਦੀ ਤਬਾਹੀ ਆਦਿ ਸ਼ਾਮਲ ਹੈ ਜਿਸਨੂੰ ਰੋਕਣ ਲਈ ਸਮਾਜਵਾਦੀ ਸੋਵੀਅਤ ਯੂਨੀਅਨ ਦੇ 2 ਕਰੋੜ ਬਹਾਦਰ ਲੋਕਾਂ ਨੇ ਆਪਣੀ ਜਾਨ ਕੁਰਬਾਨ ਕੀਤੀ। ਅਜਿਹੇ ਹਮਲਿਆਂ ਪਿੱਛੇ ਕਿਸੇ “ਸਮੁੱਚੇ ਦੇਸ਼” ਦੇ ਹਿੱਤ ਨਹੀਂ ਹੁੰਦੇ ਜਿਵੇਂ ਕਿ ਅਕਸਰ ਸਾਮਰਾਜੀ ਦੇਸ਼ ਜਾਂ ਉਹਨਾਂ ਦੇ ਬੌਧਿਕ ਚਮਚੇ ਪ੍ਰਚਾਰਦੇ ਹਨ, ਸਗੋਂ ਇੱਕ ਜਾਂ ਕਈ ਦੇਸ਼ਾਂ ਦੀਆਂ ਸਰਮਾਏਦਾਰਾ ਜੁੰਡੀਆਂ ਦੇ ਹੀ ਹਿੱਤ ਹੁੰਦੇ ਹਨ। ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਮਾਰੇ ਗਏ ਲੋਕ ਸਿਰਫ ਜਪਾਨੀ ਹੀ ਨਹੀਂ ਸਨ ਸਗੋਂ ਉੱਥੇ ਅਮਰੀਕਾ ਸਮੇਤ ਸੰਸਾਰ ਦੇ ਹੋਰ ਵੀ ਕਈ ਦੇਸ਼ਾਂ ਦੇ ਲੋਕ ਮੌਜੂਦ ਸਨ ਤੇ ਉਹ ਵੀ ਉਸੇ ਹੋਣੀ ਦੇ ਭਾਈਵਾਲ ਬਣੇ।


ਹੀਰੋਸ਼ੀਮਾ-ਨਾਗਾਸਾਕੀ ਦਾ ਇਹ ਬਰਬਰ ਕਾਰਾ ਨਾ ਤਾਂ ਸਾਮਰਾਜੀ ਜੁਲਮਾਂ ਦੀ ਕੋਈ ਪਹਿਲੀ ਦਰਦਨਾਕ ਦਾਸਤਾਨ ਸੀ ਤੇ ਨਾ ਹੀ ਆਖਰੀ। ਇਸ ਕਾਰੇ ਨਾਲ਼ ਅਮਰੀਕੀ ਹਾਕਮਾਂ ਨੇ ਸਾਮਰਾਜੀ ਬਰਬਰਤਾ ਨੂੰ ਇੱਕ ਹੋਰ ਉੱਚੇ, ਘਿਨਾਉਣੇ ਤੇ ਮਨੁੱਖਦੋਖੀ ਮੁਕਾਮ ਉੱਤੇ ਪਹੁੰਚਾ ਦਿੱਤਾ। ਜਿੱਥੇ ਇੱਕ ਆਮ ਬੰਦਾ ਕਿਸੇ ਨੂੰ ਕਤਲ ਕਰਨ ਬਾਰੇ ਸੋਚਕੇ ਹੀ ਦਹਿਲ ਜਾਂਦਾ ਹੈ ਉੱਥੇ ਦੌਲਤ ਦੇ ਹਾਬੜੇ ਬਘਿਆੜਾਂ ਨੇ ਕੁੱਝ ਪਲਾਂ ਵਿੱਚ ਬੱਚਿਆਂ, ਬਜ਼ੁਰਗਾਂ, ਔਰਤਾਂ, ਅਪਾਹਜਾਂ ਸਮੇਤ ਲੱਖਾਂ ਲੋਕਾਂ ਨੂੰ ਸਾੜ ਦਿੱਤਾ।


ਇਹ ਸਭ ਘਨਾਉਣੇ ਕਾਰੇ, ਜੰਗਾਂ, ਬੇਦੋਸ਼ਿਆਂ ਦਾ ਵਹਿੰਦਾ ਲਹੂ ਸਭ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਦੇ ਮਨੁੱਖਦੋਖੀ ਕਿਰਦਾਰ ਦੇ ਚਸ਼ਮਦੀਦ ਗਵਾਹ ਹਨ ਜੋ ਇਸ ਢਾਂਚੇ ਦੀ ਤਬਾਹੀ ਲਈ ਸਮਾਜ ਦੇ ਅਗਾਂਹਵਧੂ, ਇਨਸਾਫ ਪਸੰਦ, ਸੰਵੇਦਨਸ਼ੀਲ ਤਬਕੇ ਨੂੰ ਵੰਗਾਰ ਰਹੇ ਹਨ। ਅੱਜ ਸੰਸਾਰ ਨੂੰ “ਸੰਸਾਰ ਸ਼ਾਂਤੀ” ਤੇ “ਭਾਈਚਾਰੇ” ਦੀ ਖੋਖਲੀ ਲੱਫਾਜੀ ਦੀ ਲੋੜ ਨਹੀਂ, ਸਗੋਂ ਨਫ਼ਰਤ, ਗੁੱਸੇ ਤੇ ਸੰਘਰਸ਼ਾਂ ਦੀ ਲੋੜ ਹੈ ਤਾਂ ਜੋ ਮਨੁੱਖਾਂ ਦੇ ਭੇਸ ਵਿੱਚ ਮਾਸਖੋਰੇ ਬਘਿਆੜਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਸਮੁੱਚੇ ਸਰਮਾਏਦਾਰਾ ਢਾਂਚੇ ਨੂੰ ਤਬਾਹ ਕੀਤਾ ਜਾ ਸਕੇ ਅਤੇ ਸੱਚੇ ਅਰਥਾਂ ਵਿੱਚ ਅਮਨ ਤੇ ਭਾਈਚਾਰੇ ਦੀ ਬਹਾਲੀ ਕੀਤੀ ਜਾ ਸਕੇ। (ਧੰਨਵਾਦ ਸਾਹਿਤ ‘ਲਲਕਾਰ’ 'ਚੋਂ)

Have something to say? Post your comment