English Hindi Sunday, October 24, 2021

ਸਾਹਿਤ

ਸੰਘਰਸ਼ ਲਈ ਉਤਸ਼ਾਹਿਤ ਕਰਦੇ ਬਖ਼ਸ਼ ਦੇ ਗੀਤ

August 30, 2021 10:13 AM

ਬਖ਼ਸ਼ ਦੇ ਲਿਖੇ ਪ੍ਰਗਤੀਸ਼ੀਲ ਨਜ਼ਰੀਏ ਤੋਂ ਲਿਖੇ ਗਏ ਇਹ ਗੀਤ ਸਾਡੇ ਲਈ ਮੁੱਖ ਧਾਰਾ ਦੇ ਸੰਗੀਤ ਦਾ ਬਦਲ ਹਨ। ਇਹਨਾਂ ਗੀਤਾਂ ਵਿੱਚ ਕਿਤੇ ਮਾਰੂਥਲ ਦੀ ਥਾਹ ਹੈ ਤੇ ਕਿਤੇ ਚਾਨਣ ਦੀ ਛੋਹ। ਕਦੇ ਇਹ ਸੂਲ਼ ਵਰਗੇ ਤਿੱਖੇ ਲੱਗਦੇ ਹਨ ਤੇ ਕਦੇ ਗੁਲਾਬ ਦੀਆਂ ਪੰਖੜੀਆਂ ਵਰਗੇ ਕੋਮਲ। ਸਮੁੱਚਤਾ ਵਿੱਚ ਗੱਲ ਕਰੀਏ ਤਾਂ ਬਖ਼ਸ਼ ਦੇ ਲਿਖੇ ਗੀਤ ਸਾਨੂੰ ਮੰਜ਼ਿਲ ਵੱਲ ਕਦਮ ਵਧਾਉਣ ਲਈ ਪ੍ਰੇਰਦੇ ਹੈ। ਸੰਘਰਸ਼ ਲਈ ਉਤਸ਼ਾਹਿਤ ਕਰਦੇ ਹਨ ਤਾਂ ਜੋ ਇਸ ਧਰਤੀ ’ਤੇ ਮਨੁੱਖ ਜਾਤੀ ਦਾ ਵਸੇਬਾ ਯਕੀਨੀ ਬਣਾਇਆ ਜਾ ਸਕੇ।

--  ਜਗਤਾਰ ਸਾਲਮ

ਗੀਤ

ਬਲ ਬਲ ਦੀਵੜਿਆ

ਬਲ ਬਲ ਦੀਵੜਿਆ ਜਗ ਮਗ ਕਰਦਾ ਰਹੁ

ਸ਼ਾਹ ਕਾਲੀਆਂ ਰਾਤਾਂ ਵਿੱਚੋਂ ਲੱਭ ਲਿਆਈਏ ਲੋਅ

ਬਾਲੀ ਉਮਰੇ ਵੈਰ ਸਿਖਾਉਂਦੀਆਂ

ਬਦਲੇ ਖੋਰੀਆਂ ਕੁੱਖਾਂ

ਮਾਂ ਆਪਣੀ ਨੂੰ ਗਹਿਣੇ ਧਰ ਕੋਈ

ਕਿੰਝ ਮਿਟਾਵੇ ਭੁੱਖਾਂ

ਸਾਡੇ ਦਿਲ ਨੂੰ ਖਾਂਦਾ ਰਹਿੰਦਾ

ਹਰ ਵੇਲੇ ਇਹ ਖੌਹ

ਵੇ ਬਲ ਬਲ…।

ਐਸੀ ਠਰ ਗਈ ਸੋਚ ਵੇ ਸਾਡੀ

ਗਰਮ ਕਰੇ ਕੀ ਖ਼ੂਨ

ਸਿਰ ਸਾਡੇ `ਚ ਵੜ੍ਹ ਗਿਆ

ਕੋਈ ਨਸਲਾਂ ਦਾ ਜਾਨੂੰਨ

ਟੁਕੜੇ ਟੁਕੜੇ ਹੋ ਕੇ ਬਹਿ ਗਏ

ਪਤਾ ਨਾ ਕੋਈ ਥਹੁ

ਵੇ ਬਲ ਬਲ…।

ਚਾਨਣ ਚਾਨਣ ਫਿਰੇ ਢੂੰਡੇਂਦੇ

ਖ਼ੁਦ ਚਾਨਣ ਨਾ ਕੀਤਾ

ਚਾਰ ਚੁਫ਼ੇਰੇ ਲਾ ਕੇ ਬੱਤੀਆਂ

’ਨੇਰ੍ਹਿਆਂ ਨੇ ਲਹੂ ਪੀਤਾ

ਸਾਡੇ ਨਾਂਵੇਂ ਚਾਨਣ ਲਿਖ ਦੇ

ਜਾ ਸੂਰਜ ਨੂੰ ਕਹੁ

ਵੇ ਬਲ ਬਲ ਦੀਵੜਿਆ…।

  •     

ਕਦੋਂ ਸਵੇਰਾ ਆਵੇ

ਸਮਝ ਸੱਜਣ ਸਾਨੂੰ ਭੋਰਾ ਭੋਰਾ

ਦਿਲ ਦੁਖੀਆ ਡੁੱਬ ਡੁੱਬ ਜਾਵੇ

ਸ਼ਾਮਾਂ ਢਲੀਆਂ ਮੁੱਖੜੇ ਸਾਡੇ

ਕਦੋਂ ਸਵੇਰਾ ਆਵੇ।

ਦਿਨੇ-ਰਾਤ ਸਾਡਾ ਕੰਮ ਨਾਲ ਵਾਅਦਾ

ਨਿੱਤ ਜਗਰਾਤੇ ਝੱਲੇ

ਕਿਰਤ ਦੇ ਰੱਟਣਾਂ ਦਰਦ ਨੇ ਡਾਹਢੇ

ਸੁਪਨੇ ਗਏ ਘਝੱਲੇ

ਬੇਵਸ ਹੋਈ ਪੀੜ ਅਸਾਡੀ

ਨਾਸੂਰ ਨਾ ਬਣ ਜਾਵੇ

ਸਮਝ ਸੱਜਣ ਸਾਨੂੰ ਭੋਰਾ ਭੋਰਾ…।    

ਕਲਮਾਂ ਲਿਖਤੀ ਊਣੀ ਵਿੱਥਿਆ

ਪਏ ਸੋਚਾਂ ਦੇ ਵਿੱਚ ਪਾੜੇ

ਪੱਛੇ ਗਏ ਸਾਡੇ ਮਨ ਵੇ ਕੋਮਲ

ਸੁਣ ਸੁਣ ਝੂਠੇ ਲਾਰੇ

ਵੱਡਿਆਂ ਛਤਰਾਂ ਹੇਠਾਂ ਉੱਗੇ

ਕਿੱਥੋਂ ਕਿਰਨ ਕੋਈ ਆਵੇ

ਸਮਝ ਸੱਜਣ ਸਾਨੂੰ ਭੋਰਾ ਭੋਰਾ…।

ਕਿੱਥੇ ਗਏ ਸਾਡੇ ਹਾਣ ਦੇ ਪਲ ਵੇ

ਆਫਤਾਂ ਬੂਹੇ ਮੱਲੇ

ਆ ਸੱਜਣਾ ਰਲ ਲਹਿਰਾਂ ਬਣੀਏ

ਰਹਿ ਨਾ ਜਾਈਏ ’ਕੱਲੇ

ਪਛੜ ਨਾ ਜਾਏ ਚਾਲ ਅਸਾਡੀ

ਵਕਤੋਂ ਖੁੰਝ ਨਾ ਜਾਵੇ

ਸਮਝ ਸੱਜਣ ਸਾਨੂੰ ਭੋਰਾ ਭੋਰਾ…।

ਤਹਿਜ਼ੀਬ ਤੋਂ ਖਾਲ਼ੀ ਰੋਣ ਕਿਤਾਬਾਂ

ਘੁਣਖਾਧੀਆਂ ਨੇ ਸੋਚਾਂ

ਫਿਰਕੂ ਬੱਦਲ ਛਾ ਗਏ ਸਾਰੇ

ਸਾਝਾਂ ਪਾਉਣੀਆਂ ਲੋਚਾਂ

ਸੂਲੀ ਟੰਗੇ ਪ੍ਰਸ਼ਨਾਂ ਦਾ ਕੋਈ

ਪਾਰਖੂ ਉੱਤਰ ਆਵੇ

ਸਮਝ ਸੱਜਣ ਸਾਨੂੰ ਭੋਰਾ ਭੋਰਾ

ਦਿਲ ਦੁਖੀਆ ਡੁੱਬ ਡੁੱਬ ਜਾਵੇ

ਸ਼ਾਮਾਂ ਢਲੀਆਂ ਮੁੱਖੜੇ ਸਾਡੇ

ਕਦੋਂ ਸਵੇਰਾ ਆਵੇ।

  •  

ਮਾਰੂਥਲ ਦੀਆਂ ਰੇਤਾਂ

ਮਾਹੀ ਵੇ ਅਸੀਂ ਮਾਰੂਥਲ ਦੀਆਂ ਰੇਤਾਂ

ਰੱਜ ਤਰਹਾਈਆਂ ਮਾਰੂਥਲ ਦੀਆਂ ਰੇਤਾਂ

ਨਦੀਆਂ ਤੋਂ ਸਾਡੀ ਪਿਆਸ ਲੰਮੇਰੀ

ਗਰਦਸ਼ ਜੰਮੀਆਂ ਉਮਰ ਛੋਟੇਰੀ

ਸਾਡੇ ਹਿੱਸੇ ਦੋ ਤਿੱਪ ਪਾਣੀ

ਜੋ ਨੈਣਾਂ ਵਿੱਚ ਭਰੇਸਾਂ

ਮਾਹੀ ਵੇ ਅਸੀਂ ਮਾਰੂਥਲ ਦੀਆਂ ਰੇਤਾਂ…।

ਸਾਡੇ ਭਾਅ ਦਾ ਤੱਤੜਾ ਸਾਵਣ

ਮੋਰੀਂ ਰੁਣਝੁਣ ਚਿੱਤ ਜਲਾਵਣ

ਗੱਲਾਂ ਵਫ਼ਾ ਪਿਆਰ ਦੀਆਂ

ਕੀਹਦੇ ਨਾਲ ਕਰੇਸਾਂ

ਮਾਹੀ ਵੇ ਅਸੀਂ ਮਾਰੂਥਲ ਦੀਆਂ ਰੇਤਾਂ…।

ਪੱਥਰ ਹੋਈਆਂ ਹੈਂਕੜ ਸਹਿ ਕੇ

ਅੱਗ ਵਰਸੇ ਪਰਦੇ ’ਚ ਰਹਿ ਕੇ

ਹਉਕਿਆਂ ਦੀ ਧੁੱਪੜੀ ਡਾਢੀ

ਸੂਰਜ ਦੀ ਬੁੱਕਲ ਬਹੇਸਾਂ

ਮਾਹੀ ਵੇ ਅਸੀਂ ਮਾਰੂਥਲ ਦੀਆਂ ਰੇਤਾਂ

ਰੱਜ ਤਰਹਾਈਆਂ ਮਾਰੂਥਲ ਦੀਆਂ ਰੇਤਾਂ....।

  •  

ਜਦੋਂ ਪੈਣ ਰੀਝਾਂ ਨੂੰ ਫੁੱਲ ਵੇ

ਜਦੋਂ ਪੈਣ ਰੀਝਾਂ ਨੂੰ ਫੁੱਲ ਵੇ ਮੇਰੇ ਬਾਬਲਾ

ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਮੇਰੇ ਬਾਬਲਾ

ਜਿਸ ਰੁੱਤੇ ਸਾਡਾ ਸੂਰਜ ਚਮਕੇ

ਨਾ ਚੋਰੀ ਹੋਣ ਦੁਪਹਿਰਾਂ

ਜਿਸ ਰੁੱਤੇ ਕੋਈ ਵਿਤਕਰਾ-ਵਾਦੀ

ਢਾਹ ਨਾ ਸਕੇ ਕਹਿਰਾਂ

ਸਾਂਝਾ ਹੋਵਣ ਗੂੜ੍ਹੀਆਂ

ਰਲ ਕੇ ਬੈਠਣ ਕੁੱਲ ਵੇ ਮੇਰੇ ਬਾਬਲਾ

ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਮੇਰੇ ਬਾਬਲਾ।

ਜਿਸ ਰੁੱਤੇ ਧਰਤ ਹੋਵੇ ਧਰਤ ਦੇ ਹਾਣ ਦੀ

ਔਰਤ ਹੋਵੇ ਆਪਣੀ ਕਦਰ ਪਛਾ’ਣ ਦੀ

ਠਾਣ ਲਵੇ ਜਦ ਮੰਜਿ਼ਲ ਆਪਣੀ

ਜਾਵੇ ਤੀਜਾ ਨੇਤਰ ਖੁੱਲ ਵੇ ਮੇਰੇ ਬਾਬਲਾ

ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਮੇਰੇ ਬਾਬਲਾ।

ਜਿਸ ਰੁੱਤੇ ਬਾਬਲਾ! ਮਾਪੇ ਸਮਝਣ

ਧੀਆਂ ਨੂੰ ਔਲਾਦ ਵੇ

ਸਿਰ ਉੱਚਾ ਕਰ ਜੀਵੀਏ ਬਾਬਲ

ਕਦਰ ਕਰੇ ਸਮਾਜ ਵੇ

ਮੁੱਦਤਾਂ ਤੋਂ ਜੋ ਚੁੱਪ ਹੈ ਧਾਰੀ

ਆਖ਼ਰ ਜਾਵੇ ਖੁੱਲ੍ਹ ਵੇ ਮੇਰੇ ਬਾਬਲਾ

ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਮੇਰੇ ਬਾਬਲਾ

ਜਦੋਂ ਪੈਣ ਰੀਝਾਂ ਨੂੰ ਫੁੱਲ ਵੇ ਮੇਰੇ ਬਾਬਲਾ।

  •  

ਖਿੜੀਆਂ ਦੁਪਹਿਰਾਂ

ਖਿੜੀਆਂ ਦੁਪਹਿਰਾਂ ਮੇਰੇ ਦਿਲ ਦਿਆ ਮਹਿਰਮਾਂ

ਸੂਹੀ ਸੂਹੀ ਧੁੱਪ ਲੱਥੀ ਆ

ਮੁੱਦਤਾਂ ਤੋਂ ਮੇਹਨਤਾਂ ਦਾ ਭਾਰ ਸਾਡੇ ਸਿਰ ਉੱਤੇ

ਲੋਹਾ ਬਣ ਜਿ਼ੰਦ ਕੱਟੀ ਆ।

ਝੁੱਲਦਿਆਂ ਝੱਖੜਾਂ ਦੇ ਮੂਹਰੇ ਸੀਨਾ ਤਾਣ ਲਈਏ

ਲੱਭ ਲਈਏ ਜ਼ਿੰਦਗੀ ਦੀ ਜੂਹ

ਲਟ ਲਟ ਸੜਕਾਂ ’ਤੇ ਲੋਕੀਂ ਵੇਖ ਬਲਦੇ

ਫੁੱਟ ਫੁੱਟ ਰੋਵੇ ਸਾਡੀ ਰੂਹ

ਭੈੜੀ ਨੀਤੀ ਛਲਾਵਾ ਨਿੱਤ ਤੰਗ ਕਰੇ ਸਾਨੂੰ

ਸਾਡੇ ਸਬਰ ਦੀ ਹੱਦ ਟੱਪੀ ਆ

ਖਿੜੀਆਂ ਦੁਪਹਿਰਾਂ ਮੇਰੇ ਦਿਲ ਦਿਆ ਮਹਿਰਮਾਂ

ਸੂਹੀ ਸੂਹੀ ਧੁੱਪ ਲੱਥੀ ਆ।

ਖੁਸ਼ੀਆਂ ਦੇ ਪਲ ਸਾਡੇ ਲੰਘੇ ਵਿੱਚ ਫਰਜ਼ਾਂ ਦੇ

ਕਰਜ਼ੇ ਦਾ ਮੂਲ ਨਾ ਲਹਿਆ

ਸੱਥਰਾਂ ਨੂੰ ਸੇਜਾਂ ਜਾਣ ਝੋਕਾ ਲਿਆ ਨੀਂਦਰੇ ਦਾ

ਕਿਰਤਾਂ ਦਾ ਮੁੱਲ ਨਾ ਪਿਆ

ਭਾਸ਼ਣਾ ਦੀ ਦੋਗਲੀ ਜਿਹੀ ਭਾਸ਼ਾ ਸੁਣ ਅੱਕੇ ਅਸੀਂ

ਸਾਡੀ ਮੰਜ਼ਿਲ ਨਾ ਕਿਸੇ ਦੱਸੀ ਆ

ਖਿੜੀਆਂ ਦੁਪਹਿਰਾਂ ਮੇਰੇ ਦਿਲ ਦਿਆ ਮਹਿਰਮਾਂ

ਸੂਹੀ ਸੂਹੀ…।

ਮੌਤ ਦੇ ਵੀ ਮੂੰਹ ’ਤੇ ਗੀਤ ਜ਼ਿੰਦਗੀ ਦੇ ਗਾਏ ਅਸੀਂ

ਹੱਥਾਂ ਵਿਚ ਫੜ ਕੇ ਚਿਰਾਗ਼

ਬਲ਼ੇ ਹਾਂ ਮਿਸ਼ਾਲਾਂ ਬਣ ਦਿਨ ਦੀਵੀਂ ਹੁੰਦਾ ਵੇਖ

ਜੱਗ ’ਤੇ ਹਨੇਰਿਆਂ ਦਾ ਰਾਜ

ਵੰਡ ਨਾ ਹੋਵਾਂਗੇ ਅਸੀਂ ਨਸਲਾਂ ਤੇ ਧਰਮਾਂ `ਚ

ਠਾਣ ਲਈ ਹੁਣ ਪੱਕੀ ਆ

ਖਿੜਿਆਂ ਦੁਪਹਿਰਾਂ ਮੇਰੇ ਦਿਲ ਦਿਆ ਮਹਿਰਮਾਂ

ਸੂਹੀ ਸੂਹੀ ਧੁੱਪ ਲੱਥੀ ਆ।

  •  

ਫਸਲਾਂ ਦਾ ਭਾਅ

ਜਾਨ ਤੋੜ ਕੰਮ ਕਰਾਂ

ਤੇਰੇ ਨਾਲ ਹਾਣੀਆਂ 

ਮੋਢਾ ਨਾਲ ਮੋਢਾ ਡਾਅ

ਸਾਡੇ ਲਈ ਨਾ ਫੁੱਟੀ ਕੌੜੀ

ਸਾਨੂੰ ਕਾਹਦਾ ਫਸਲਾਂ ਦਾ ਭਾਅ

ਮੇਰੇ ਹਾਣੀਆਂ

ਸਾਨੂੰ ਕਾਹਦਾ ਫਸਲਾਂ ਦਾ ਭਾਅ।

ਬੀਜਾਂ ਜੋਗੀ

ਹੋਵੇ ਫਸਲ ਨੀ

ਨਿੱਤ ਨਵੀਂ ਲਾ ਕੇ

ਦੇਖ ਲਈ ਨਸਲ ਨੀ

ਲੱਗਦਾ ਨਾ ਫਸਲਾਂ ਦਾ ਭਾਅ

ਮੇਰੀ ਹਾਨਣੇ

ਲੱਗਦਾ ਨਾ ਫਸਲਾਂ ਦਾ ਭਾਅ।

ਕਿੱਥੇ ਜਾਂਦੀਆਂ

ਫਸਲਾਂ ਸਾਡੀਆਂ

ਖੇਤਾਂ ਦੇ ਵਿੱਚ

ਲੱਗਣ ਡਾਢੀਆਂ

ਇਹਦੇ ਪਿੱਛੇ ਕੌਣ ਲਾਵੇ ਦਾਅ

ਮੇਰੇ ਹਾਣੀਆਂ

ਇਹਦੇ ਪਿੱਛੇ ਕੌਣ ਲਾਵੇ ਦਾਅ।

ਦਾੜੀ ਨਾਲੋਂ

ਮੁੱਛਾਂ ਵੱਧ ਜਾਣ

ਮੂਲ ਨਾ ਲਹਿੰਦਾ

ਉਮਰਾਂ ਲੱਗ ਜਾਣ

ਲੋਟੂ ਲਾਉਂਦੇ ਦਾਅ

ਮੇਰੀ ਹਾਨਣੇ

ਲੋਟੂ ਲਾਉਂਦੇ ਦਾਅ।

ਕਿੱਥੇ ਜਾਣ ਸਾਡੇ ਚਾਅ

ਮੇਰੇ ਹਾਣੀਆਂ

ਕਿੱਥੇ ਜਾਣ ਸਾਡੇ ਚਾਅ।

ਮਰ ਜਾਣ ਸਾਡੇ ਚਾਅ

ਮੇਰੀ ਹਾਨਣੇ

ਗਲ ਵਿੱਚ ਪਾ ਜਾਣ ਫਾਹ।

ਅਸੀਂ ਕਾਹਤੋਂ ਗਲ ਪਾਈਏ

ਫਾਹ ਜੀਣ ਜੋਗਿਆ

ਬੱਚਿਆਂ ਨੂੰ ਨਾਲ ਰਲਾ

ਲੋਟੂ ਦੇ ਗਲ ਪਾਈਏ ਫਾਹ

ਆਪਾਂ ਰਲ ਕੇ

ਲੋਟੂ ਦੇ ਗਲ ਪਾਈਏ ਫਾਹ।

  

Have something to say? Post your comment

ਸਾਹਿਤ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਕਿਸਾਨਾਂ ਪ੍ਰਤੀ ਅਕੀਦਤ ਪੇਸ਼

ਸਾਹਿਤ ਦਾ ਨੋਬਲ ਪੁਰਸਕਾਰ ਤਨਜਾਨੀਆ ਦੇ ਨਾਵਲਕਾਰ ਅਬਦੁਲਰਜਾਕ ਗੁਰਨਾਹ ਨੂੰ ਮਿਲਿਆ

ਗੱਲ ਸੁਣ ਲਓ ਕੰਨ ਖੋਲ੍ਹ ਕੇ

ਆਰੀਅਨਜ਼ ਵਿਖੇ "ਪੇਂਡੂ ਸਮਾਜ ਦੀ ਉੱਨਤੀ ਲਈ ਖੇਤੀ ਦੀ ਮਹੱਤਤਾ" ਵਿਸ਼ੇ 'ਤੇ ਵੈਬੀਨਾਰ ਆਯੋਜਿਤ

ਲੋਕਪਾਲ ਵੱਲੋਂ ”ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ” ਨੂੰ ਦਰਸਾਉਂਦੀ ਕਿਤਾਬ ਲੋਕ ਅਰਪਣ

ਗੁਰਦੇਵ ਚੌਹਾਨ ਦੀਆਂ ਕਿਤਾਬਾਂ 'ਨਵੀਂ ਵਿਸ਼ਵ ਕਵਿਤਾ' ਅਤੇ 'ਮੱਕੀ ਦਾ ਗੀਤ' ਰੀਲੀਜ਼

ਜੇਲ ਮੰਤਰੀ ਰੰਧਾਵਾ ਵੱਲੋਂ ਬੰਦੀਆਂ ਦੇ ਰਸਾਲੇ ਦਾ ਪਲੇਠਾ ਅੰਕ 'ਸੋਚਾਂ ਦੀ ਉਡਾਣ' ਜਾਰੀ

ਗੁਰੂ ਤੇਗ ਬਹਾਦਰ  ਬਾਰੇ ਰਚਿਤ ਨਾਟਕਾਂ ਸਬੰਧੀ ਸੈਮੀਨਾਰ

ਬੱਚਿਆਂ ਦੀ ਕਵਿਤਾ : ਕਸਰਤ

ਕਵਿਤਾ : ਪੰਜਾਬ - ਦਲਜਿੰਦਰ ਰਹਿਲ