ਚੰਡੀਗੜ੍ਹ, 21 ਜਨਵਰੀ, ਦੇਸ਼ ਕਲਿੱਕ ਬਿਓਰੋ :
'ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ ' ਵੱਲੋਂ, ਪੰਜਾਬੀ ਵਿਭਾਗ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਅਨੂ ਬਾਲਾ ਦੇ ਗ਼ਜ਼ਲ ਸੰਗ੍ਰਹਿ 'ਕੱਚ ਦਾ ਅੰਬਰ' 'ਤੇ ਵਿਚਾਰ ਚਰਚਾ ਕਰਵਾਈ ਗਈ।ਸਭ ਤੋਂ ਪਹਿਲਾਂ ਨੌਜਵਾਨ ਸ਼ਾਇਰ ਤੇ ਆਲੋਚਕ ਡਾ. ਜੱਗਦੀਪ ਨੇ ਆਪਣਾ ਪੇਪਰ ਪੜ੍ਹਿਆ; ਉਨ੍ਹਾਂ ਅਨੂ ਬਾਲਾ ਦੀ ਗ਼ਜ਼ਲ ਵਿਚਲੀ ਸਮਾਜਿਕ, ਰਾਜਨੀਤਕ ਚੇਤਨਾ ਨੂੰ ਆਧਾਰ ਬਣਾ ਕੇ ਆਪਣੀ ਗੱਲ ਕੀਤੀ। ਉਨ੍ਹਾਂ ਸਮੁੱਚੀ ਗ਼ਜ਼ਲ ਵਿਚ ਨਾਰੀ ਯੋਗਦਾਨ ਦੀ ਵੀ ਗੱਲ ਕੀਤੀ। ਇਸ ਤੋਂ ਬਾਅਦ ਸ਼ਾਇਰਾ ਅਨੂ ਬਾਲਾ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਦਾ ਪਾਠ ਕੀਤਾ।ਚਰਚਾ ਨੂੰ ਅੱਗੇ ਵਧਾਉਂਦਿਆਂ ਉੱਭਰਦੇ ਆਲੋਚਕ ਡਾ.ਪ੍ਰਵੀਨ ਕੁਮਾਰ ਨੇ ਕਿਹਾ ਕਿ "ਜੱਗਦੀਪ ਹੋਰਾਂ ਵਧੀਆ ਪੇਪਰ ਪੜ੍ਹਿਆ।
ਉਨ੍ਹਾਂ ਇਸ ਤੋਂ ਬਾਅਦ ਕਿਸ਼ਨ ਸਿੰਘ ਦੇ ਹਵਾਲੇ ਨਾਲ ਕਵਿਤਾ ਵਿਚਲੇ ਲਾਅ ਅਤੇ ਉਸ ਦੇ ਰੂਪਕ ਪੱਖ ਅਤੇ ਵਿਸ਼ੇ ਪੱਖ ਤੋਂ ਗੱਲ ਕੀਤੀ।ਇਸ ਤੋਂ ਉਪਰੰਤ ਸੰਸਥਾ ਦੇ ਸੰਸਥਾਪਕ ਡਾ. ਯੋਗਰਾਜ ਅੰਗਰੀਸ਼ ਨੇ ਵਿਸਥਾਰ ਸਹਿਤ ਚਰਚਾ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ " ਗ਼ਜ਼ਲ ਦੇ ਸ਼ਿਅਰ ਵਿਚ ਦੋ ਮਿਸਰਿਆਂ ਵਿਚ ਗੱਲ ਕਹਿਣੀ ਬਹੁਤ ਵੱਡੀ ਚੁਣੌਤੀ ਹੈ। ਆਪਣੀ ਗੱਲ ਨਾਲ ਜੋੜਦਿਆਂ ਉਨ੍ਹਾਂ ਕਿਹਾ " ਵਿਸ਼ੇ ਪੱਖ ਤੋਂ ਅਨੂ ਬਾਲਾ ਦੀ ਗ਼ਜ਼ਲ ਧਿਆਨ ਖਿੱਚਦੀ ਹੈ।ਪਰ ਰੂਪਕ ਪੱਖ ਤੋਂ ਉਸਨੂੰ ਥੋੜ੍ਹੀ ਮਿਹਨਤ ਕਰਨੀ ਪਵੇਗੀ।
ਬਜ਼ੁਰਗ ਸ਼ਾਇਰ ਸ਼੍ਰੀ ਰਾਮ ਅਰਸ਼ ਨੇ ਕਿਤਾਬ ਬਾਬਤ ਕਿਹਾ ਕਿ " ਸ਼ਾਇਰਾ ਕੋਲ਼ ਆਪਣੀ ਗੱਲ ਕਹਿਣ ਦਾ ਹੁਨਰ ਹੈ। ਅਰੂਜ਼ ਦੇ ਸਿਧਾਂਤਾਂ ਬਾਰੇ ਉਨ੍ਹਾਂ ਕਈ ਨੁਕਤੇ ਸਾਂਝੇ।ਡਾ. ਹਰਮੇਲ ਹੋਰਾਂ ਨੇ ਸ਼ਾਇਰਾ ਦੀਆਂ ਮਹੱਤਵਪੂਰਨ ਗ਼ਜ਼ਲਾਂ ਦਾ ਪਾਠ ਕੀਤਾ । ਆਖ਼ਰ ਵਿਚ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਸ਼ਾਇਰ ਤੇ ਆਲੋਚਕ ਪ੍ਰੋ. ਸੁਰਜੀਤ ਜੱਜ ਨੇ ਅਨੂ ਬਾਲਾ ਨੂੰ ਪੰਜਾਬੀ ਦੀਆਂ ਚੋਣਵੀਆਂ ਗ਼ਜ਼ਲ ਲੇਖਕਾਵਾਂ ਵਿਚ ਸ਼ੁਮਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸ਼ਾਇਰ ਨੂੰ ਆਪਣਾ ਤੀਸਰਾ ਨੇਤਰ ਖੁੱਲ੍ਹਾ ਰੱਖਣਾ ਚਾਹੀਦਾ; ਕਿਸੇ ਸ਼ਿਅਰ ਨੂੰ ਕਹਿਣ ਵੇਲੇ ਪੂਰਨ ਰੂਪ ਵਿਚ ਸੁਚੇਤ ਰਹਿੰਦੇ ਹੋਏ ਹੋਰ ਮਹੱਤਵਪੂਰਨ ਪੱਖਾਂ ਨੂੰ ਜ਼ਰੂਰ ਵਿਚਾਰਨਾ ਚਾਹੀਦਾ, ਨਹੀਂ ਤਾਂ ਕਈ ਵਾਰ ਅਰਥਾਂ ਦਾ ਅਨਰਥ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।ਇਸ ਮੌਕੇ ਉੱਘੇ ਕਹਾਣੀਕਾਰ ਬਲੀਜੀਤ, ਸਰਦਾਰਾ ਸਿੰਘ ਚੀਮਾ, ਡਾ. ਰਵੀ ਕੁਮਾਰ, ਡਾ.ਪਵਨ, ਜਸ਼ਨਪ੍ਰੀਤ ਆਦਿ ਹਾਜ਼ਰ ਸਨ। ਮੰਚ ਸੰਚਾਲਨ ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ ਦੇ ਸਾਹਿਤਕ ਪ੍ਰੰਬਧਕ ਜਗਦੀਪ ਸਿੱਧੂ ਨੇ ਨਿਭਾਇਆ।