ਜ਼ਮੀਨਾਂ ਦੀ ਵਾਜਿਬ ਕੀਮਤ ਨਾ ਮਿਲਣ ’ਤੇ ਪਿੰਡਾਂ ‘ਚ ਅਧਿਕਾਰੀਆਂ ਦੇ ਵਿਰੋਧ ਅਤੇ 22 ਨੂੰ ਤਲਵਾੜਾ ‘ਚ ਚੱਕਾ ਜਾਮ ਕਰਨ ਦਾ ਐਲਾਨ
ਤਲਵਾੜਾ, 12 ਜੁਨ, ਦੇਸ਼ ਕਲਿੱਕ ਬਿਓਰੋ :
ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ, ਤਲਵਾਡ਼ਾ ਨੇ ਤਜਵੀਜ਼ਤ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨਾਂ ਦੇ ਸਰਕਾਰੀ ਰੇਟਾਂ ਤੋਂ ਵੀ ਘੱਟ ਭਾਅ ਮਿਲਣ ਦੇ ਵਿਰੋਧ ‘ਚ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪਿੰਡ ਬਟਵਾੜਾ ‘ਚ ਸੁਨੀਲ ਪਰਮਾਰ ਦੀ ਪ੍ਰਧਾਨਗੀ ਹੇਠ ਸੰਘਰਸ਼ ਕਮੇਟੀ ਦੀ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਅਤੇ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਵੀ ਸ਼ਾਮਲ ਹੋਏ। ਮੀਟਿੰਗ ‘ਚ ਬੋਲਦਿਆਂ ਸੁਸ਼ੀਲ ਕੁਮਾਰ, ਵਿਨੋਦ ਕੁਮਾਰ, ਸ਼ਮਿੰਦਰ ਸਿੰਘ ਆਦਿ ਨੇ ਕਿਹਾ ਕਿ ਜਿਨ੍ਹਾਂ ਜ਼ਮੀਨਾਂ ਦੀ ਸਰਕਾਰੀ ਕੀਮਤ 54 ਤੋਂ 70 ਹਜ਼ਾਰ ਰੁਪਏ ਪ੍ਰਤੀ ਮਰਲਾ ਹੈ, ਉਸਦਾ ਸਰਕਾਰ ਮਹਿਜ਼ 18 ਤੋਂ 22 ਹਜ਼ਾਰ ਰੁਪਏ ਪ੍ਰਤੀ ਮਰਲਾ ਭਾਅ ਜ਼ਮੀਨ ਮਾਲਕਾਂ ਨੂੰ ਦੇ ਰਹੀ ਹੈ। ਜ਼ਮੀਨ ਦੇ ਯੋਗ ਮੁਆਵਜੇ ਲਈ ਸੰਘਰਸ਼ ਕਮੇਟੀ ਮੈਂਬਰ ਐਸਡੀਐਮ ਮੁਕੇਰੀਆਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਮਿਲ ਚੱੁਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸੰਘਰਸ਼ ਕਮੇਟੀ ਨੇ ਵਾਜਿਬ ਭਾਅ ਨਾ ਮਿਲਣ ਤੱਕ ਅਧਿਕਾਰੀਆਂ ਦਾ ਪਿੰਡਾਂ ‘ਚ ਵਿਰੋਧ ਕਰਨ ਅਤੇ 22 ਤਾਰੀਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤਲਵਾੜਾ ਵਿਖੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।