ਦਲਜੀਤ ਕੌਰ
ਬਰਨਾਲਾ, 17 ਮਾਰਚ, 2023: ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਸ਼ਕਤੀਆਂ ਦੇ ਪਿੱਠੂਆਂ ਵੱਲੋਂ, ਉਨ੍ਹਾਂ ਵੱਡੇ ਲੁਟੇਰਿਆਂ ਦੇ ਹਿੱਤੀ ਅਤੇ ਮਨੁੱਖਤਾ ਦੇ ਵਿਰੋਧੀ ਨੀਤੀਆਂ ਤਿਆਰ ਕਰਨ ਲਈ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੀ-20 ਦੇਸ਼ਾਂ ਵੱਲੋਂ ਕੀਤੇ ਜਾ ਰਹੇ ਸੰਮੇਲਨ ਦਾ ਵਿਰੋਧ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਸਮੁੱਚੀ ਸੂਬਾ ਕਮੇਟੀ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ, ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਖੁੱਡੀਕਲਾਂ, ਉੱਪਲੀ, ਭਦੌੜ, ਜੰਗੀਆਣਾ, ਹੰਡਿਆਇਆ, ਹਮੀਦੀ, ਅਮਲਾ ਸਿੰਘ ਵਾਲਾ, ਕੁਰੜ, ਠੁੱਲੀਵਾਲ, ਛੰਨਾਂ ਗੁਲਾਬ ਸਿੰਘ ਵਾਲਾ, ਰਾਏਸਰ, ਦੀਪਗੜ੍ਹ, ਬੱਲੋਕੇ, ਫਰਵਾਹੀ, ਵਿੱਚ, ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਸ਼ਕਤੀਆਂ ਅਤੇ ਭਾਰਤ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ।
ਵੱਖ-ਵੱਖ ਪਿੰਡਾਂ ਵਿੱਚ ਅਰਥੀਆਂ ਫੂਕਣ ਦੇ ਮੌਕੇ ਇਕੱਤਰ ਹੋਏ ਕਿਸਾਨਾਂ ਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਰਾਮ ਸਿੰਘ ਸ਼ਹਿਣਾ, ਸੁਖਮਿੰਦਰ ਸਿੰਘ ਉੱਪਲੀ, ਅਮਰਜੀਤ ਸਿੰਘ ਠੁੱਲੀਵਾਲ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਕਾਲਾ ਜੈਦ, ਅਮਨਦੀਪ ਟਿੰਕੂ, ਅੰਗਰੇਜ਼ ਸਿੰਘ ਰਾਏਸਰ, ਕੁਲਵੰਤ ਸਿੰਘ ਹੰਡਿਆਇਆ, ਜਰਨੈਲ ਸਿੰਘ ਖੁੱਡੀਕਲਾਂ, ਗੋਪਾਲ ਕ੍ਰਿਸ਼ਨ, ਮਹਿੰਦਰ ਸਿੰਘ, ਹਰਦੇਵ ਸਿੰਘ ਪੱਪੂ, ਰਾਜ ਸਿੰਘ ਹਮੀਦੀ, ਭਾਗ ਸਿੰਘ ਕੁਰੜ, ਮਾਸਟਰ ਸੁਖਦੇਵ ਸਿੰਘ, ਬੂਟਾ ਸਿੰਘ ਫਰਵਾਹੀ ਨੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਭਾਰਤ ਦੇ ਵਿੱਦਿਅਕ ਪ੍ਰਬੰਧ ਨੂੰ ਪੂਰੀ ਸੂਰੇ ਤੌਰ ’ਤੇ ਵੱਡੀਆਂ ਬਹੁ-ਕੌਮੀ ਤੇ ਕਾਰਪੋਰੇਟ ਕੰਪਨੀਆਂ ਦੇ ਹਿੱਤਾਂ ਅਨੁਸਾਰ ਢਾਲਣਾ ਚਾਹੁੰਦੀਆਂ ਹਨ ਤਾਂ ਕਿ ਉਨ੍ਹਾਂ ਦੇ ਮੁਨਾਫ਼ੇ ਹਰ ਰੋਜ਼ ਡੇਢੇ-ਸਵਾਏ ਹੁੰਦੇ ਜਾ ਸਕਣ।
ਆਗੂਆਂ ਨੇ ਕਿਹਾ ਕਿ ਹੁਣ ਭਾਰਤ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨ ਜਾਗ ਚੁੱਕੇ ਹਨ ਤੇ ਉਹ ਭਾਰਤ ਦੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਲੋਕ-ਵਿਰੋਧੀ ਨੀਤੀਆਂ ਲਾਗੂ ਨਹੀਂ ਕਰਨ ਦੇਣਗੇ। ਆਗੂਆਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਹ 20 ਮਾਰਚ ਨੂੰ ਦਿੱਲੀ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਵੱਡੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਉਹ ਵੱਡੀ ਗਿਣਤੀ ਵਿੱਚ 19 ਮਾਰਚ ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਣਗੇ।