ਨਵੀਂ ਦਿੱਲੀ, 29 ਜਨਵਰੀ, ਦੇਸ਼ ਕਲਿੱਕ ਬਿਓਰੋ :
ਇਕ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਵੱਖਰਾ ਹੀ ਤਰੀਕਾ ਲੱਭਿਆ ਹੈ। ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਹਜ਼ਾਰਾਂ ਨਹੀਂ, ਕਰੋੜਾਂ ਰੁਪਏ ਦਿੱਤੇ ਗਏ ਹਨ। ਚੀਨ ਵਿੱਚ ਇਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਰੋੜਪਤੀ ਬਣਾ ਦਿੱਤਾ। ਦਫ਼ਤਰ ਦੀ ਪਾਰਟੀ ਦੌਰਾਨ ਕੰਪਨੀ ਦੇ ਪ੍ਰਬੰਧਕਾਂ ਨੇ ਪਹਿਲਾਂ ਸਟੇਜ ਉਤੇ ਨੋਟਾਂ ਦੇ ਢੇਰ ਲਗਾ ਦਿੱਤਾ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਕਰਮਚਾਰੀਆਂ ਨੂੰ ਵੰਡੇ ਗਏ। ਇਸਦੀ ਵੀਡੀਓ ਸੋਸ਼ਲ ਮੀਡੀਆ ਵੀ ਸਾਹਮਣੇ ਆਈ ਹੈ ਜਿਸਦੀ ਚਰਚਾ ਹੈ।
ਸਾਊਣ ਚਾਇਨਾ ਮੋਰਨਿੰਗ ਪੋਸਟ ਦੀ ਖਬਰ ਮੁਤਾਬਕ ਇਹ ਮਾਮਲਾ ਚੀਨ ਦੇ ਹੇਨਾਨ ਸੂਬੇ ਦਾ ਹੈ। ਇੱਥੇ ਕ੍ਰੇਨ ਬਣਾਉਣ ਵਾਲੀ ਕੰਪਨੀ Henan Mine ਨੇ ਆਪਣੇ ਕਰਮਚਾਰੀਆਂ ਨੂੰ 61 ਮਿਲੀਅਨ ਯੁਆਨ (70 ਕਰੋੜ ਰੁਪਏ ਤੋਂ ਵੱਧ) ਦਾ ਬੋਨਸ ਵੰਡਿਆ ਹੈ। ਬੋਨਸ ਦੇਣ ਤੋਂ ਪਹਿਲਾਂ ਕੰਪਨੀ ਨੇ ਸਟੇਜ ਉਤੇ 2 ਮੀਟਰ ਉਚਾ ਨੋਟਾਂ ਦਾ ਢੇਰ ਲਗਾਇਆ। ਫਿਰ ਇੱਕ-ਇੱਕ ਕਰਕੇ ਕਰਮਚਾਰੀਆਂ ਨੂੰ ਵੰਡਿਆ ਗਿਆ।
ਕੰਪਨੀ ਨੇ 17 ਜਨਵਰੀ ਨੂੰ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਸਟੇਜ ਉਤੇ ਨੋਟਾਂ ਦੇ ਢੇਰ ਦਿਖਾਏ ਗਏ ਹਨ। ਇਸ ਦੌਰਾਨ ਕੰਪਨੀ ਦੇ ਤਿੰਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ 5-5 ਮਿਲੀਅਨ ਯੁਆਨ (18-18 ਕਰੋੜ ਰੁਪਏ) ਦਿੱਤੇ ਗਏ। ਇਸ ਤੋਂ ਇਲਾਵਾ 30 ਤੋਂ ਜ਼ਿਆਦਾ ਕਰਮਚਾਰੀਆਂ ਨੂੰ 1-1 ਮਿਲੀਅਨ ਯੁਆਨ ਨਾਲ ਸਨਮਾਨਤ ਕੀਤਾ ਗਿਆ। ਕੁਲ 40 ਕਰਮਚਾਰੀਆਂ ਨੂੰ ਕੰਪਨੀ ਵੱਲੋਂ ਪੈਸੇ ਦਿੱਤੇ ਗਏ। ਇਸ ਤੋਂ ਇਲਾਵਾ ਕੰਪਨੀ ਵੱਲੋਂ ਸਮਾਗਮ ਵਿੱਚ ਪੈਸੇ ਗਿਣਤੀ ਕਰਨ ਦਾ ਮੁਕਾਬਲਾ ਵੀ ਰੱਖਿਆ ਗਿਆ ਸੀ। ਇਸ ਲਈ ਵੀ ਕਰਮਚਾਰੀਆਂ ਨੂੰ ਇਨਾਮ ਦਿੱਤੇ ਗਏ।
ਕੰਪਨੀ ਨੇ ਇਸ ਮੁਕਾਬਲੇ ਵਿੱਚ 12 ਮਿਲੀਅਨ ਯੁਆਨ (14 ਕਰੋੜ ਰੁਪਏ) ਖਰਚ ਕੀਤੇ। ਸਭ ਤੋਂ ਜ਼ਿਆਦਾ ਤੇਜ ਨੋਟ ਗਿਣਨ ਵਾਲੇ ਨੂੰ 157, 000 ਯੁਆਨ ਇਨਾਮ ਵਿੱਚ ਮਿਲੇ।
ਦੱਸਿਆ ਗਿਆ ਹੈ ਕਿ ਕੋਵਿਡ ਦੌਰਾਨ ਵੀ ਇਸ ਵਿੱਤੀ ਸਾਲ ਵਿੱਚ ਕੰਪਨੀ ਨੇ 23 ਫੀਸਦੀ ਜ਼ਿਆਦਾ ਮੁਨਾਫਾ ਕਮਾਇਆ ਹੈ।