ਚੰਡੀਗੜ੍ਹ: 18 ਮਾਰਚ, ਦੇਸ਼ ਕਲਿੱਕ ਬਿਓਰੋ
ਅੱਜ ਸਵੇਰ ਤੋਂ ਅੰਮ੍ਰਿਤਪਾਲ ਸਿੰਘ ਦੇ ਗ੍ਰਿਫਤਾਰ ਹੋਣ ਜਾਂ ਨਾ ਹੋਣ ਦੀਆਂ ਚੱਲ ਰਹੀਆਂ ਖਬਰਾਂ ਦਾ ਪੰਜਾਬ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਨਾ ਕਰਨ ਦੇ ਬਿਆਨ ਨਾਲ ਅੰਤ ਹੋ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ। ਜਦੋਂ ਕਿ ਉਸ ਦੇ 78 ਸਮਰਥਕਾਂ ਨੂੰ ਗ੍ਰਿਫਤਾਰ ਲਿਆ ਗਿਆ ਹੈ, ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੂਬਾ ਪੱਧਰੀ ਕਾਰਵਾਈ ਦੌਰਾਨ ਹੁਣ ਤੱਕ 9 ਹਥਿਆਰ ਜਿਨ੍ਹਾਂ ਵਿੱਚ ਇੱਕ .315 ਬੋਰ ਦੀ ਰਾਈਫਲ, 12 ਬੋਰ ਦੀਆਂ ਸੱਤ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਜਿੰਦਾ ਕਾਰਤੂਸ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਵਾਰਿਸ ਪੰਜਾਬ ਦੇ‘ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਵਰਗਾਂ ਵਿੱਚ ਅਸ਼ਾਂਤੀ ਫੈਲਾਉਣ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਰੁਕਾਵਟਾਂ ਪੈਦਾ ਕਰਨ ਦੇ ਮਾਮਲੇ ਸ਼ਾਮਲ ਹਨ। ਉਸਨੇ ਅੱਗੇ ਕਿਹਾ ਕਿ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਲਈ ਵਾਰਿਸ ਪੰਜਾਬ ਦੇ‘ ਅਨਸਰਾਂ ਵਿਰੁੱਧ ਮੁਕੱਦਮਾ ਨੰਬਰ 39 ਮਿਤੀ 24-02-2023 ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਪਰਾਧਿਕ ਅਪਰਾਧਾਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਕਾਨੂੰਨ ਅਨੁਸਾਰ ਨਿਪਟਿਆ ਜਾਵੇਗਾ ਅਤੇ ਪੁਲਿਸ ਨੂੰ ਲੋੜੀਂਦੇ ਸਾਰੇ ਵਿਅਕਤੀ ਆਪਣੇ ਆਪ ਨੂੰ ਕਾਨੂੰਨ ਦੀ ਪ੍ਰਕਿਰਿਆ ਲਈ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨੀ ਬਚਾਅ ਦੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਾਰੇ ਆਮ-ਓ-ਖ਼ਾਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ। ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸ਼ਰਾਰਤੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।