ਨਵੀਂ ਦਿੱਲੀ/23 ਜੂਨ/ਦੇਸ਼ ਕਲਿਕ ਬਿਊਰੋ:
ਦਿੱਲੀ ਪੁਲਿਸ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਦਿੱਲੀ ਸਥਿਤ ਰਿਹਾਇਸ਼ ਦੇ ਬਾਹਰ ਅੱਗ ਲਗਾਉਣ ਦੇ ਦੋਸ਼ ਵਿੱਚ ਕਾਂਗਰਸ ਦੇ ਯੂਥ ਵਿੰਗ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਦੇ ਚਾਰ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਘਟਨਾ 21 ਜੂਨ ਨੂੰ ਸ਼ਾਮ 4.30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਨੱਡਾ ਦੀ ਰਿਹਾਇਸ਼ ਦੇ ਬਾਹਰ 8-10 ਲੋਕ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪ੍ਰਦਰਸ਼ਨਕਾਰੀ ਹਮਲਾਵਰ ਹੋ ਗਏ ਅਤੇ ਉਨ੍ਹਾਂ ਨੇ ਇੱਕ ਡੰਡੇ 'ਤੇ ਦੋ ਖਾਕੀ ਨਿੱਕਰਾਂ ਬੰਨ੍ਹ ਕੇ ਅੱਗ ਲਗਾ ਦਿੱਤੀ।ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਘਰ ਦੇ ਗੇਟ 'ਤੇ ਸੁਰੱਖਿਆ ਰੂਮ 'ਚ ਬਲਦੀ ਲੱਕੜ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਅਜਿਹਾ ਹੋਣ ਤੋਂ ਰੋਕ ਦਿੱਤਾ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ 10-12 ਲੋਕ ਦੋ ਵਾਹਨਾਂ ਵਿੱਚ ਆਏ ਸਨ। ਇਹ ਵਾਹਨ ਹਰਿਆਣਾ ਦੇ ਰੋਹਤਕ ਅਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਰਜਿਸਟਰਡ ਹਨ।ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ, ਸਰਵਉਤਮ ਰਾਣਾ, ਪ੍ਰਣਵ ਪਾਂਡੇ ਅਤੇ ਵਿਸ਼ਾਲ ਵਜੋਂ ਹੋਈ ਹੈ। ਸਾਰੇ NSUI ਵਰਕਰ ਹਨ।