ਨੇਫੀਦਾ, 14 ਮਾਰਚ, ਦੇਸ਼ ਕਲਿਕ ਬਿਊਰੋ:
ਮਿਆਂਮਾਰ ਦੀ ਫੌਜ ਨੇ ਇਕ ਬੋਧੀ ਮੱਠ 'ਤੇ ਹਮਲਾ ਕਰਕੇ 28 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇੱਕ ਪਿੰਡ ਵਿੱਚ ਕੀਤਾ ਗਿਆ। ਇੱਕ ਬਾਗੀ ਸੰਗਠਨ ਕਰੇਨੀ ਨੈਸ਼ਨਲਿਸਟ ਡਿਫੈਂਸ ਫੋਰਸ (ਕੇਐਨਡੀਐਫ) ਨੇ ਇਹ ਦਾਅਵਾ ਕੀਤਾ ਹੈ। ਮਿਆਂਮਾਰ 'ਚ ਫੌਜੀ ਤਖ਼ਤਾ ਪਲਟ ਨੂੰ ਕਰੀਬ ਦੋ ਸਾਲ ਹੋ ਗਏ ਹਨ ਅਤੇ ਉਦੋਂ ਤੋਂ ਭਾਰਤ ਦੇ ਇਸ ਗੁਆਂਢੀ ਦੇਸ਼ 'ਚ ਫੌਜ ਅਤੇ ਬਾਗੀ ਸੰਗਠਨਾਂ ਵਿਚਾਲੇ ਹਿੰਸਾ ਜਾਰੀ ਹੈ। ਹਾਲ ਹੀ ਦੇ ਦਿਨਾਂ 'ਚ ਫੌਜ ਅਤੇ ਬਾਗੀ ਸਮੂਹਾਂ ਵਿਚਾਲੇ ਲੜਾਈ ਵਧ ਗਈ ਹੈ।KNDF ਨੇ ਦੱਸਿਆ ਕਿ ਸ਼ਨੀਵਾਰ ਨੂੰ ਮਿਆਂਮਾਰ ਦੀ ਫੌਜ ਨੇ ਸ਼ਾਨ ਸੂਬੇ ਦੇ ਇੱਕ ਪਿੰਡ 'ਤੇ ਹਮਲਾ ਕੀਤਾ। ਮਿਆਂਮਾਰ ਦੀ ਏਅਰਫੋਰਸ ਅਤੇ ਆਰਮੀ ਦੋਵਾਂ ਨੇ ਇਸ ਹਮਲੇ ਵਿੱਚ ਸਾਂਝੀ ਕਾਰਵਾਈ ਕੀਤੀ। ਫੌਜ ਦੇ ਹਮਲੇ ਤੋਂ ਬਚਣ ਲਈ ਲੋਕ ਪਿੰਡ ਦੇ ਬੋਧੀ ਮੱਠ ਵਿੱਚ ਲੁਕ ਗਏ ਪਰ ਉਥੇ ਵੀ ਫੌਜ ਨੇ ਉਨ੍ਹਾਂ ਦੀ ਜਾਨ ਨਹੀਂ ਬਖਸ਼ੀ। ਕੇਐਨਡੀਐਫ ਦਾ ਕਹਿਣਾ ਹੈ ਕਿ ਫੌਜ ਦੇ ਹਮਲੇ ਵਿੱਚ 28 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਿਆਂਮਾਰ ਦੇ ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਫੌਜ ਨੇ ਲੋਕਾਂ ਨੂੰ ਮੱਠ ਦੀ ਕੰਧ ਦੇ ਸਾਹਮਣੇ ਖੜ੍ਹਾ ਕਰ ਕੇ ਗੋਲੀ ਮਾਰ ਦਿੱਤੀ। ਮਰਨ ਵਾਲਿਆਂ ਵਿੱਚ ਮੱਠ ਦੇ ਬੋਧੀ ਵੀ ਸ਼ਾਮਲ ਹਨ।