ਵਸਿੰਗਟਨ/12 ਜੂਨ/ਦੇਸ਼ ਕਲਿਕ ਬਿਊਰੋ:
ਅਮਰੀਕਾ ‘ਚ ਗੰਨ ਕਲਚਰ ਖਿਲਾਫ ਵਾਸ਼ਿੰਗਟਨ ਸਮੇਤ 450 ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।ਅਮਰੀਕਾ 'ਚ ਪਿਛਲੇ ਕੁਝ ਸਾਲਾਂ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। 24 ਮਈ ਨੂੰ ਟੈਕਸਾਸ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਹੋਈ ਸੀ ਜਿਸ ਵਿੱਚ 19 ਬੱਚੇ ਅਤੇ ਦੋ ਅਧਿਆਪਕ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਵਾਸ਼ਿੰਗਟਨ ਸਮੇਤ 450 ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਇਸਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਕਰ ਰਹੇ ਗੰਨ ਸੇਫਟੀ ਗਰੁੱਪ ਮਾਰਚ ਫਾਰ ਅਵਰ ਲਾਈਵਜ਼ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਹੱਥ 'ਤੇ ਹੱਥ ਰੱਖ ਕੇ ਨਹੀਂ ਬੈਠਣ ਦੇਣਗੇ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੇ ਕਿਹਾ ਕਿ ਲੋਕ ਮਰ ਰਹੇ ਹਨ। ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਸਰਕਾਰ ਕੁਝ ਨਹੀਂ ਕਰ ਰਹੀ। ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਹੁਣ ਕਾਨੂੰਨ ਨੂੰ ਬਦਲਣ ਦੀ ਲੋੜ ਹੈ।ਐਜੂਕੇਸ਼ਨ ਵੀਕ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ 2018 ਤੋਂ ਲੈ ਕੇ ਹੁਣ ਤੱਕ 119 ਸਕੂਲਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਇਕੱਲੇ ਸਾਲ 2022 ਵਿਚ ਹੀ ਸਕੂਲਾਂ ਵਿਚ ਗੋਲੀਬਾਰੀ ਦੀਆਂ 27 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ 140 ਮੌਤਾਂ ਹੋਈਆਂ ਹਨ। 2021 ਵਿੱਚ, 250 ਲੋਕਾਂ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ 103 ਲੋਕਾਂ ਦੀ ਮੌਤ ਹੋ ਗਈ ਸੀ।