ਗੁਰਦਾਸਪੁਰ, 29 ਜਨਵਰੀ, ਜਤਿੰਦਰ ਕੁੰਡਲ :
ਆਪਣੇ ਚੰਗਾ ਭਵਿੱਖ ਦੇ ਲਈ ਨੌਜਵਾਨ ਆਪਣਾ ਘਰ ਪਰਿਵਾਰ ਛੱਡ ਕੇ ਵਿਦੇਸ਼ ਵਿੱਚ ਜਾਣ ਲਈ ਮਜ਼ਬੂਰ ਹੁੰਦੇ ਹਨ। ਵਿਦੇਸ਼ ਵਿੱਚ ਮਿਹਨਤ ਦੇ ਚੰਗੇ ਪੈਸੇ ਮਿਲਣ ਜਾਂ ਫਿਰ ਚੰਗੀ ਪੜ੍ਹਾਈ ਦੇ ਲਾਲਚ ਵਿਚ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਿਹਾ ਹੈ। ਪਰ ਉਥੇ ਜਾ ਕੇ ਵੀ ਪੈਸੇ ਕਮਾਉਣ ਲਈ ਉਨ੍ਹਾਂ ਨੂੰ ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਹੈ। ਪਰਿਵਾਰ ਤੋਂ ਦੂਰ ਉਨ੍ਹਾਂ ਦਾ ਧਿਆਨ ਰੱਖਣ ਵਾਲਾ ਵੀ ਕੋਈ ਨਹੀਂ ਹੁੰਦਾ। ਪਿਛਲੇ ਦਿਨੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਦੋਂ ਵਿਦੇਸ਼ ਵਿੱਚ ਗਏ ਨੌਜਵਾਨਾਂ ਦੀ ਹਾਦਸੇ ਦਾ ਸ਼ਿਕਾਰ ਹੋ ਕੇ ਜਾਂ ਫਿਰ ਬਿਮਾਰੀ ਦੀ ਚਪੇਟ ਵਿਚ ਆ ਕੇ ਕਈ ਨੌਜਵਾਨਾਂ ਦੀ ਮੌਤ ਹੋ ਗਈ। ਬਹੁਤ ਨੌਜਵਾਨ ਅਜਿਹੇ ਵੀ ਹਨ ਉਹ ਬਿਸਤਰੇ ਉਤੇ ਪੈ ਗਏ। ਇੱਧਰ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਉਨ੍ਹਾਂ ਨੂੰ ਵਾਪਸ ਲਿਆਉਣ ਦੀਆਂ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਪਿੰਡ ਢੇਸੀਆ ਤੋਂ ਜਿਥੋਂ ਦਾ ਇਕ 25 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਜੋ ਕਿ ਚਾਰ ਸਾਲ ਪਹਿਲਾਂ ਜੋਰਡਨ ਦੇਸ਼ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ। ਪੰਜ ਦਿਨ ਪਹਿਲਾਂ ਪਰਿਵਾਰ ਦੀ ਉਸ ਨਾਲ ਗੱਲ ਹੋਈ ਸੀ। ਉਸ ਵੱਲੋਂ ਬਿਮਾਰ ਹੋਣ ਦੀ ਗੱਲ ਕਹੀ ਗਈ ਸੀ। ਉਸ ਤੋਂ ਬਾਅਦ ਉਸ ਦੀ ਆਪਣੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਹੋਈ। ਪਰਿਵਾਰ ਨੂੰ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਬੇਟਾ ਕਿਸੇ ਹਸਪਤਾਲ ਵਿੱਚ ਦਾਖਲ ਹੈ। ਉਸ ਦੀ ਵੀਡੀਓ ਕਿਸੇ ਵੱਲੋਂ ਪਰਿਵਾਰ ਨੂੰ ਭੇਜੀ ਗਈ ਜਿਸ ਨੂੰ ਦੇਖ ਕੇ ਪਰਿਵਾਰ ਵਿੱਚ ਪਰੇਸ਼ਾਨੀ ਦਾ ਮਾਹੌਲ ਪੈਦਾ ਹੋ ਗਿਆ।
ਇਸ ਵੀਡੀਓ ਵਿੱਚ ਹੀ ਦੱਸਿਆ ਗਿਆ ਕਿ ਉਨ੍ਹਾਂ ਦਾ ਬੇਟਾ ਕੌਮਾ ਵਿੱਚ ਚਲਾ ਗਿਆ ਹੈ। ਉੱਥੇ ਹੀ ਨੌਜਵਾਨ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਸ ਦੇ ਨਾਲ ਵਿਦੇਸ਼ ਗਏ ਅੰਮ੍ਰਿਤਸਰ ਦੇ ਇਕ ਨੌਜਵਾਨ ਦੀ ਵੀ ਬਿਮਾਰੀ ਕਾਰਨ ਮੌਤ ਹੋ ਚੁਕੀ ਹੈ ਜਦ ਕਿ ਗੁਰਵਿੰਦਰ ਸਿੰਘ ਵੀ ਕੌਮਾਂ ਵਿੱਚ ਹੈ। ਸਰਪੰਚ ਅਤੇ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਕਿ ਗੁਰਵਿੰਦਰ ਸਿੰਘ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸਦਾ ਇੱਥੇ ਚੰਗੇ ਢੰਗ ਨਾਲ ਦੇਖਭਾਲ ਅਤੇ ਇਲਾਜ ਹੋ ਸਕੇ।