ਸਰਕਾਰੀ ਸਕੂਲਜ ਗਜਟਿਡ ਆਫੀਸਰਜ਼ ਐਸੋਸੀਏਸ਼ਨ ਨੇ ਭੇਜਿਆ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਪੱਤਰ
ਮੋਰਿੰਡਾ 18 ਜੂਨ ( ਭਟੋਆ)
ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਰਾਜ ਦੇ
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਤੇ ਇਨ੍ਹਾਂ ਸਕੂਲਾਂ ਵਿੱਚ ਪੜਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਬੇਹਤਰ ਗੁਣਾਤਮਿਕ ਸਿੱਖਿਆ ਪ੍ਦਾਨ ਕਰਨ ਲਈ ਸਰਕਾਰ ਨੂੰ ਤੁਰੰਤ ਵੱਡੇ ਫੈਸਲੇ ਲੈਣੇ ਚਾਹੀਦੇ ਹਨ।
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜੇ ਪੱਤਰ ਦੀਆਂ ਕਾਪੀਆਂ ਸਥਾਨਕ ਪੱਤਰਕਾਰਾਂ ਨੂੰ ਦਿੰਦਿਆਂ ਸਰਕਾਰੀ ਸਕੂਲਜ ਗਜਟਿਡ ਆਫੀਸਰਜ਼ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਆਗੂ ਸ: ਅਵਤਾਰ ਸਿੰਘ ਅਤੇ ਹਰਿੰਦਰ ਸਿੰਘ ਹੀਰਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਸਕੂਲਾਂ ਵਿੱਚੋਂ ਕੱਢਕੇ ਪੜੋ ਪੰਜਾਬ ਤਹਿਤ ਕੰਮ ਕਰ ਰਹੇ ਲੱਗਭੱਗ 4000 ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਸ ਭੇਜ ਕੇ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਤੁਰੰਤ ਰੋਕਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਪਰੋਜੈਕਟ ਤਹਿਤ ਲਗਾਏ ਅਧਿਆਪਕਾਂ ਨੂੰ 70-80 ਹਜ਼ਾਰ ਰੁਪਏ ਪ੍ਰਤੀ ਮਹੀਨੇ ਹਰੇਕ ਨੂੰ ਤਨਖਾਹ ਮਿਲਦੀ ਹੈ, ਜਦਕਿ ਪੜੋ ਪੰਜਾਬ ਤਹਿਤ ਉਹ ਟੀਏ/ਡੀਏ ਵੱਖਰਾ ਵਸੂਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਪਰੋਜੈਕਟ ਅਧੀਨ ਡਾਇਰੈਕਟਰ ਪੱਧਰ ਤੋਂ ਲੈਕੇ ਜਿਲਾ/ਬਲਾਕ ਪੱਧਰ ਤੇ ਡੀਐਮ/ਬੀਐਮ ਦੀ ਇੱਕ ਵੱਖਰੀ ਤਰ੍ਹਾਂ ਦੀ ਅਫਸਰਸ਼ਾਹੀ ਦੀ ਫ਼ੌਜ ਖੜੀ ਕੀਤੀ ਹੋਈ ਹੈ, ਜੋ ਆਪਣੇ ਆਪ ਨੂੰ ਡੀਈਓ/ਸਕੂਲ ਮੁੱਖੀਆਂ ਤੋਂ ਵੀ ਉੱਪਰ ਸਮਝਦੀ ਹੈ ਅਤੇ ਸਕੂਲਾਂ/ਦਫਤਰਾਂ ਵਿੱਚ ਧੜੇਬੰਦੀ ਨੂੰ ਉਤਸਾਹਿਤ ਕਰਦੀ ਹੈ। ਜਿਸ ਨਾਲ ਸਕੂਲਾਂ ਵਿੱਚ ਵਿੱਦਿਅਕ ਮਹੌਲ ਪ੍ਭਾਵਿਤ ਹੁੰਦਾ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਹਰ ਜਿਲ੍ਹੇ ਵਿੱਚ ਪ੍ਰਿੰਸੀਪਲਾਂ ਦੀ ਅਗਵਾਈ ਹੇਠਾਂ 5-6 ਮੈਂਬਰਾਂ ਦੀਆਂ ਸਿੱਖਿਆ ਸੁਧਾਰ ਟੀਮਾਂ ਨੂੰ ਤੁਰੰਤ ਆਪਣੇ ਸਕੂਲਾਂ ਵਿੱਚ ਭੇਜੀਆਂ ਜਾਣ ਅਤੇ ਜੇਕਰ ਸਰਕਾਰ ਪੜੋ ਪੰਜਾਬ ਪਰੋਜੈਕਟ ਨੂੰ ਪੜਾਈ ਨਾਲੋਂ ਵੀ ਜਿਆਦਾ ਅਹਿਮ ਸਮਝਦੀ ਹੈ, ਤਾਂ ਇਸਦੀ ਮੋਨੀਟਰਿੰਗ ਡੀਈਓ/ਡਿਪਟੀ ਡੀਈਓ ਨੂੰ ਸੌਂਪੀ ਜਾਵੇ ਅਤੇ ਹਰੇਕ ਜਿਲ੍ਹੇ ਵਿੱਚ ਤਾਇਨਾਤ ਦੋ ਦੋ ਡਿਪਟੀ ਡੀਈਓਜ ਨੂੰ ਹਰ ਹਫ਼ਤੇ 15-15 ਸਕੂਲ ਚੈਕ ਕਰਨ ਦੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦੀ ਰਿਪੋਰਟ ਡੀਪੀਆਈ ਪੱਧਰ ਤੇ ਮੰਗਵਾਈ ਜਾਵੇ।
ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਨੂੰ ਪਹਿਲਾਂ ਦੀ ਤਰ੍ਹਾਂ ਚਾਲੂ ਕਰਕੇ ਸਮੇਂ ਦੀ ਮੰਗ ਅਨੁਸਾਰ ਟਰੇਡਾਂ ਅਲਾਟ ਕਰਕੇ ਸਿਲੇਬਸ ਨੂੰ ਉਦਯੋਗਿਕ ਇਕਾਈਆਂ ਦੀ ਮੰਗ ਅਨੁਸਾਰ ਕੀਤਾ ਜਾਵੇ ਅਤੇ ਵੋਕੇਸ਼ਨਲ ਵਰਕਸ਼ਾਪਾਂ ਆਧੁਨਿਕ ਸਾਜੋ ਸਮਾਨ ਸਪਲਾਈ ਕੀਤਾ ਜਾਵੇ, ਤਾਂ ਜੋ ਉਦਯੋਗਿਕ ਅਦਾਰਿਆਂ ਵਿਚਲੀ ਤਕਨੀਕੀ ਕਾਮਿਆਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਆਗੂਆਂ ਨੇ ਵਿਭਾਗ ਵੱਲੋਂ ਹਰ ਬਲਾਕ ਵਿੱਚ ਪ੍ਰਿੰਸੀਪਲਾਂ ਵਿੱਚੋਂ ਲਗਾਏ ਬਲਾਕ ਨੋਡਲ ਅਫ਼ਸਰ ਨੂੰ ਵੀ ਆਪੋ ਆਪਣੇ ਸਕੂਲਾਂ ਵਿੱਚ ਭੇਜਣ ਅਤੇ ਪੀਟੀਆਈ ਅਧਿਆਪਕਾਂ ਜੋ ਬਲਾਕ ਪੱਧਰ ਤੇ ਲਗਾ ਰੱਖੇ ਹਨ ਉਨ੍ਹਾਂ ਨੂੰ ਵੀ ਸਕੂਲਾਂ ਵਿੱਚ ਭੇਜਣ ਲਈ ਕਿਹਾ ਹੈ । ਐਸੋਸੀਏਸ਼ਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਅਤੇ ਹਰ ਕੇਡਰ ਦੀਆਂ ਤਰੱਕੀਆਂ ਕਰਨ ਦੀ ਵੀ ਸਰਕਾਰ ਨੂੰ ਅਪੀਲ ਕੀਤੀ ਹੈ।