English Hindi Saturday, January 28, 2023
 

ਸਾਹਿਤ

'ਸਾਰੀ ਧਰਤੀ ਮੇਰੀ' : ਗੁਰਭਜਨ ਗਿੱਲ

January 25, 2023 07:42 AM

ਸਾਰੀ ਧਰਤੀ ਮੇਰੀ,
ਕਿਉਂ ਮਹਿਮਾਨ ਬਣਾਂ?
ਮੈਂ ਤਾਂ ਏਥੇ ਆਇਆਂ, ਡੇਰਾ ਲਾਵਾਂਗਾ।
ਕਬਜ਼ੇ ਲਈ, ਇਕ ਗਿੱਠ ਵੀ ਮੈਨੂੰ ਲੋੜ ਨਹੀਂ,
ਮੈਂ ਤਾਂ ਤੇਰੇ ਦਿਲ ਅੰਦਰ ਬਹਿ ਜਾਵਾਂਗਾ।

ਜੀਕਣ ਫੁੱਲ ਵਿਚ ਰੰਗ ਤੇ ਖ਼ੁਸ਼ਬੂ ਵੱਸਦੀ ਹੈ।
ਕਦਰਦਾਨ ਨੂੰ ਸਭ ਸਿਰਨਾਵੇਂ ਦੱਸਦੀ ਹੈ।
ਕੱਲ-ਮੁ-ਕੱਲੀ ਰੋਂਦੀ, ਨਾਲੇ ਹੱਸਦੀ ਹੈ।
ਮੈਂ ਵੀ ਤੇਰੇ ਅੰਗ ਸੰਗ ਏਦਾਂ ਚਾਹਵਾਂਗਾ।

ਜਿਸ ਧਰਤੀ ਤੇ ਬਿਰਖ਼ ਬਰੂਟੇ ਦਿਸਦੇ ਨਹੀਂ।
ਅੱਖੀਆਂ ਵਿਚੋਂ ਅੱਥਰੂ ਚਸ਼ਮੇ ਰਿਸਦੇ ਨਹੀਂ।
ਦਰਦ ਵੇਖ ਕੇ ਦਿਲ ਦੇ ਛਾਲੇ ਫਿਸਦੇ ਨਹੀਂ।
ਮਾਰੂਥਲ ਨੂੰ ਮੈਂ ਹੁਣ ਜੀਉਣ ਸਿਖਾਵਾਂਗਾ।

ਚੱਲ ਧਰਤੀ ਨੂੰ ਕਹੀਏ, ਦਿਲ ਨਾ ਛੱਡ ਮਾਏ।
ਕੀ ਹੋਇਆ? ਜੇ ਪੁੱਤਰ ਤੇਰੇ ਨਹੀਂ ਆਏ।
ਹਰ ਸਾਹ ਵਿਚ ਹਟਕੋਰੇ ਹਿੱਸੇ ਜੇ ਆਏ।
ਮੈਂ ਤੇਰੇ ਘਰ ਵੇਖੀਂ ਰੌਣਕ ਲਾਵਾਂਗਾ।

ਰਾਤੀਂ ਬੋਲਣ ਬੀਂਡੇ ਜੋ ਗ਼ਮਗੀਨ ਜਹੇ।
ਨਾ ਰੋਂਦੇ ਨਾ ਹੱਸਦੇ ਨਿਰੇ ਮਸ਼ੀਨ ਜਹੇ।
ਬੇਕਦਰਾਂ ਨੇ ਚੁੱਲ੍ਹੇ ਡਾਹੀ ਬੀਨ ਜਹੇ।
ਮੈਂ ਇਨ੍ਹਾਂ ਵਿਚ ਸੱਜਰੀ ਜਿੰਦ ਧੜਕਾਵਾਂਗਾ।

ਮੈਂ ਪਰਵਾਸੀ ਪੰਛੀ ਵਾਂਗ ਉਦਾਸ ਨਹੀਂ।
ਮੇਰੀਆਂ ਲੋੜਾਂ ਜੇ ਪੁੱਛਦੇ ਹੋ, ਖ਼ਾਸ ਨਹੀਂ।
ਪਰ ਇਹ ਘੋਰ ਉਦਾਸੀ ਮੈਨੂੰ ਰਾਸ ਨਹੀਂ।
ਮੈਂ ਪੌਣਾਂ ਦੇ ਪੈਰੀਂ ਝਾਂਜਰ ਪਾਵਾਂਗਾ।

ਖ਼ਾਰੇ ਪਾਣੀ, ਅੱਥਰੂ ਦੇ ਵਿਚ ਅੰਤਰ ਹੈ।
ਹਰ ਹਾਉਕੇ ਦੀ ਆਪਣੀ ਹੋਂਦ ਸੁਤੰਤਰ ਹੈ।
ਜ਼ਿੰਦਗੀ ਨੂੰ ਪਹਿਚਾਨਣ ਦਾ ਇਹ ਮੰਤਰ ਹੈ।
ਇਸ ਧਰਤੀ ਦੇ ਲੋਕਾਂ ਨੂੰ ਸਮਝਾਵਾਂਗਾ।

ਚਾਰਦੀਵਾਰੀ ਅੰਦਰ ਪੰਛੀ ਵੱਸਦੇ ਨੇ ।
ਸੁਪਨ ਵਿਹੂਣੇ ਭੇਤ ਨਾ ਦਿਲ ਦਾ ਦੱਸਦੇ ਨੇ।
ਧਰਤ ਬਰੇਤੀ ਤਪਦੀ, ਫਿਰ ਵੀ ਨੱਸਦੇ ਨੇ।
ਮੈਂ ਹੀ ਏਥੇ ਪਹਿਲਾ ਬਿਰਖ਼ ਲਗਾਵਾਂਗਾ।

ਅੰਬਰ ਗੰਗਾ ਸੋਹਣੀ, ਜਲ ਦੀ ਆਸ ਨਹੀਂ।
ਸਦੀਆਂ ਤੋਂ ਜਿਸ ਦਿੱਤੀ ਕੋਈ ਧਰਵਾਸ ਨਹੀਂ।
ਸੱਜਣਾਂ ਬਾਝੋਂ ਫੁੱਲਾਂ ਵਿਚ ਵੀ ਬਾਸ ਨਹੀਂ।
ਸਾਥ ਦਏਂ ਤਾਂ ਫੁੱਲ ਵੀ ਮਹਿਕਣ ਲਾਵਾਂਗਾ।

ਦੂਰ ਦੂਰ ਤਕ ਰਾਤ ਵਿਛਾਈਆਂ ਚਾਨਣੀਆਂ।
ਤੇਰੇ ਮੇਰੇ ਬਾਝੋਂ ਕਿਸ ਨੇ ਮਾਨਣੀਆਂ।
ਕਿਸਨੇ ਰੀਝਾਂ ਵਾਂਗ ਚੰਦੋਏ ਤਾਨਣੀਆਂ।
ਸਾਹ-ਸੁਰ ਕਰਕੇ ਐਸੀ ਤਾਨ ਸੁਣਾਵਾਂਗਾ।

ਮਾਰੂਥਲ ਦੀ ਪੀੜਾ ਕਿਸਨੇ ਜਾਣੀ ਹੈ।
ਇਸ ਦੀ ਪਿਆਸ ਨਿਰੰਤਰ ਲੱਭਦੀ ਪਾਣੀ ਹੈ।
ਹਰ ਧਰਤੀ ਦੀ ਵੱਖਰੀ ਦਰਦ ਕਹਾਣੀ ਹੈ।
ਇਸ ਦੀ ਗਾਥਾ ਸਾਗਰ ਨੂੰ ਸਮਝਾਵਾਂਗਾ।

ਰਾਂਝਾ ਵੰਝ ਨੂੰ ਵੰਝਲੀ ਜਿਵੇਂ ਬਣਾਉਂਦਾ ਹੈ।
ਸੁਰ ਸ਼ਹਿਜਾਦੀ ਹੋਠਾਂ ਨਾਲ ਛੁਹਾਉਂਦਾ ਹੈ।
ਉਸ ਪਲ ਮੈਨੂੰ ਤੇਰਾ ਚੇਤਾ ਆਉਂਦਾ ਹੈ।
ਪੱਥਰਾਂ ਨੂੰ ਵੇਖੀਂ ਮੈਂ ਬੋਲਣ ਲਾਵਾਂਗਾ।

Have something to say? Post your comment

ਸਾਹਿਤ

‘ਸ਼ਬਦਾਂ ਦੇ ਸੂਰਜ’ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ

ਪੰਜ ਪੰਜਾਬੀ ਲੇਖਕਾਂ/ ਵਿਦਵਾਨਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਫੈਲੋਸ਼ਿਪ ਦੇਣਾ ਸੁਯੋਗ ਫ਼ੈਸਲਾ: ਡਾ. ਜੌਹਲ

ਨਾਮਵਰ ਲੇਖਕ ਡਾ: ਕੇਵਲ ਧੀਰ ਦੀ ਪੁਸਤਕ ਕਥਾ ਯਾਤਰਾ ਪੰਜਾਬੀ ਭਵਨ ਚ ਪਾਠਕਾਂ ਨੂੰ ਭੇਂਟ

ਸਤਵਿੰਦਰ ਸਿੰਘ ਮੜੌਲਵੀ ਵਲੋਂ ਆਪਣਾ ਪਲੇਠਾ ਨਾਵਲ ਸਕੂਲ ਲਾਇਬ੍ਰੇਰੀਆਂ ਲਈ ਕੀਤਾ ਭੇਟ

ਵਿਆਹ ਨਾਲ ਸਬੰਧਿਤ ਰੀਤਾਂ ਰਸਮਾਂ ਦੇ ਬਦਲਦੇ ਸਰੂਪ ਬਾਰੇ ਮਨਜੀਤ ਕੌਰ ਸੇਖੋਂ ਦੀ ਖੋਜ ਪੁਸਤਕ ਲੋਹੜੀ ਦੇ ਸ਼ਗਨ ਵਜੋਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਭੇਂਟ

ਜੜ੍ਹਾਂ ਤੋਂ ਬਿਨ੍ਹਾਂ ਬੂਟੇ ਦਾ ਦਰਖ਼ਤ ਬਣਨਾ ਸੰਭਵ ਨਹੀਂ

ਗੁਰਪ੍ਰੀਤ ਸਿੰਘ ਨਿਆਮੀਆਂ ਦੁਆਰਾ ਰਚਿਤ ਪੁਸਤਕ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ 'ਤੇ ​ਵਿਚਾਰ ਚਰਚਾ

ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਸੰਧੂ ਦਾ ਉਸ ਦੀ ਜਨਮ ਭੂਮੀ ਮਾਣੂਕੇ ਵਿਖੇ ਹੋਇਆ ਸਨਮਾਨ

ਜਗਦੀਪ ਸਿੱਧੂ ਦੁਆਰਾ ਅਨੁਵਾਦਿਤ ਪੁਸਤਕ ‘ਕਵੀ ਫੁੱਟਪਾਥ ਤੇ ਚੱਲ ਰਿਹਾ ਹੈ’ ਨੂੰ ਕੀਤਾ ਲੋਕ ਅਰਪਣ

ਭੇਤੀ ਬੰਦੇ