*ਸਰਕਾਰ ਪੱਖੀ ਲੋਕਾਂ ਦਾ ਵੀ ਮੋਹ ਇਸ ਵਾਰ ਆਪ ਦੇ ਉਮੀਦਵਾਰ ਵੱਲ ਮੱਠਾ ਸੀ
ਪ੍ਰਵੀਨ
ਸੰਗਰੂਰ 23 ਜੂਨ- ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਉਪਰੰਤ ਸੰਗਰੂਰ ਪਾਰਲੀਮੈਂਟ ਸੀਟ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਜਿਮਨੀ ਚੋਣ ਲਈ ਵੋਟਰਾਂ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਨਜਰ ਆਇਆ। ਇੱਕ ਮੌਸਮ ਦੀ ਗਰਮਾਹਟ, ਦੂਸਰੇ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਤੋਂ ਲੋਕਾਂ ਦੀ ਨਾਰਾਜਗੀ, ਤੀਸਰੇ ਗਾਇਕ ਮੂਸੇ ਵਾਲੇ ਦੇ ਦਿਨ ਦਿਹਾੜੇ ਹੋਏ ਕਤਲ ਜਿਹੀਆਂ ਵਾਰਦਾਤਾਂ ਕਾਰਨ ਹਲਕਾ ਸੰਗਰੂਰ ਦੇ ਵੋਟਰਾਂ ਦੀ ਵੋਟਾਂ ਵਿੱਚ ਰੂਚੀ ਨਾਂ ਦੇ ਬਰਾਬਰ ਰਹੀ। ਸਵੇਰੇ ਮੱਠੀ ਚਾਲ ਨਾਲ ਸ਼ੁਰੂ ਹੋਈ ਵੋਟਾਂ ਦੀ ਰਫਤਾਰ ਬੜੀ ਮੁਸ਼ਕਲ ਨਾਲ ਸ਼ਾਮ ਢਲਦਿਆਂ 35 ਤੋਂ 40% ਤੱਕ ਮਸਾ ਅਪੜਦੀ ਲਗ ਰਹੀ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਜਦੋਂ ਕਦੇ ਵੀ ਕਿਸੇ ਜਿਮਨੀ ਚੋਣ ਦੌਰਾਨ ਵੋਟਰਾਂ ਦੀ ਰੂਚੀ ਵੋਟ ਪਾਉਂਣ ਵੱਲ ਘੱਟਦੀ ਹੈ ਤਾਂ ਇਸ ਦਾ ਸਿੱਧਾ ਸੰਕੇਤ ਹੁੰਦਾ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਨਾ-ਖੁਸ਼ ਹਨ।
ਪਿੰਡਾਂ ਅਤੇ ਸ਼ਹਿਰਾਂ ਦਾ ਸਰਵੇ ਕਰਨ ਉਪਰੰਤ ਸ਼ਹਿਰੀ ਵੋਟਰ ਤੇ ਪੇਂਡੂ ਵੋਟਰ ਕਿਸੇ ਦੀ ਵੀ ਰੂਚੀ ਵੋਟ ਪਾੳਂੁਣ ਵੱਲ ਪਹਿਲਾਂ ਦੇ ਮੁਕਾਬਲੇ ਕਿੱਤੇ ਘੱਟ ਨਜਰ ਆ ਰਹੀ ਸੀ। ਮੌਸਮ ਦੀ ਗਰਮਾਹਟ ਵੀ ਵੋਟ ਪ੍ਰਤੀਸ਼ਤ ਘੱਟਣ ਦਾ ਇੱਕ ਵੱਡਾ ਕਾਰਨ ਨਜਰ ਆ ਰਿਹਾ ਹੈ। ਖੇਤਾਂ ਵਿੱਚ ਚੱਲ ਰਹੇ ਕੰਮਾਂ ਕਾਰਨ ਵੀ ਲੋਕਾਂ ਪਾਸ ਵਿਹਲ ਨਹੀਂ ਸੀ। ਦੂਸਰੇ ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਤਿੰਨ ਕੁ ਮਹੀਨਿਆਂ ਦੇ ਰਾਜ ਭਾਰ ਤੋਂ ਇਲਾਕੇ ਦੇ ਵੋਟਰ ਪੂਰੀ ਤਰ੍ਹਾਂ ਨਾਂ ਖੁਸ਼ ਨਜਰ ਆ ਰਹੇ ਹਨ। ਇਸ ਕਾਰਨ ਵੀ ਵੋਟ ਪ੍ਰਤੀਸ਼ਤ ਘੱਟ ਰਹੇਗੀ। ਜਿਥੇ ਤੱਕ ਭਾਜਪਾ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੀ ਚਰਚਾ ਵੋਟਰਾਂ ਵਿੱਚ ਚੱਲਦੀ ਹੈ ਤਾਂ ਉਥੇ ਸਭ ਤੋਂ ਵੱਧ ਨਾਂ ਸਾਬਕਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦਾ ਬੋਲਦਾ ਹੈ। ਜਿਥੋ ਤੱਕ ਭਾਜਪਾ ਦੇ ਉਮੀਦਵਾਰ ਦਾ ਸਵਾਲ ਹੈ ਭਾਵੇਂ ਉਸ ਨੇ ਬਹੁਤ ਸਾਰੇ ਕਾਂਗਰਸੀ ਆਗੂਆਂ ਨੂੰ ਆਪਣੇ ਵਾਂਗ ਭਾਜਪਾ ਵਿੱਚ ਰਲਾਇਆ ਹੈ ਪਰ ਉਹਨਾਂ ਨੂੰ ਇਲਾਕੇ ਦੇ ਵੋਟਰਾਂ ਨੇ ਬਹੁਤਾ ਹੁੰਗਾਰਾ ਨਹੀਂ ਦਿੱਤਾ। ਉਂਝ ਭਾਵੇਂ ਜਿਮਨੀ ਚੋਣ ਵਿੱਚ 16 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਪਰ ਅਸਲ ਚਰਚਾ ਪੂਰੇ ਚੋਣ ਮੁਹਿੰਮ ਪ੍ਰਚਾਰ ਦੌਰਾਨ ਸ੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਆਪ ਦੇ ਉਮੀਦਵਾਰ ਸ. ਗੁਰਮੇਲ ਸਿੰਘ, ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ, ਅਕਾਲੀ ਦਲ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ, ਭਾਜਪਾ ਵੱਲੋਂ ਸ. ਕੇਵਲ ਸਿੰਘ ਢਿਲੋਂ ਵਿਚਾਲੇ ਰਹੀ ਹੈ। ਹੁਣ ਦੇਖੋਂ ਆਉਂਣ ਵਾਲੀ 26 ਜੂਨ ਦਿਨ ਐਤਵਾਰ ਨੂੰ ਵੋਟਾਂ ਦੀ ਗਿਣਤੀ ਉਪਰੰਤ ਪਤਾ ਲਗੇਗਾ ਕਿ ਇਲਾਕੇ ਦੇ ਵੋਟਰਾਂ ਨੇ ਕਿਸ ਪਾਰਟੀ ਜਾਂ ਕਿਸ ਉਮੀਦਵਾਰ ਤੇ ਭਰੋਸਾ ਜਤਾਇਆ ਹੈ।