ਮੋਰਿੰਡਾ, 22 ਜਨਵਰੀ ( ਭਟੋਆ )
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਾਲਜ ਦੇ ਜਰੂਰਤਮੰਦ, ਪਿਤਾ ਹੀਣ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ 3 ਲੱਖ 25 ਹਜ਼ਾਰ ਰੁਪਏ ਦੀ ਵਜੀਫਾ ਰਾਸ਼ੀ ਦਾ ਚੈੱਕ ਟਰੱਸਟ ਦੇ ਡਾਇਰੈਕਟਰ ਸਿੱਖਿਆ ਇੰਦਰਜੀਤ ਕੌਰ ਗਿੱਲ ਅਤੇ ਸਲਾਹਕਾਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਨੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਭੇਂਟ ਕੀਤਾ। ਇਹ ਵਜੀਫਾ ਵੱੱਖੋ-ਵੱਖਰੇ ਵਿਭਾਗਾਂ ਦੇ ਲਗਭਗ 43 ਵਿਦਿਆਰਥੀਆਂ ਵਿੱਚ ਤਕਸੀਮ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਕਾਲਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਰਿਣੀ ਹੈ ਜੋ ਕਿ ਹਰ ਸਾਲ ਕਾਲਜ ਦੇ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਵਿੱਚ ਵਡਮੁੱਲੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਹੀ ਵਿਭਾਗਾਂ ਵਿੱਚ ਪਹਿਲ ਦੇ ਅਧਾਰ ਤੇ ਇਸ ਵਜੀਫੇ ਲਈ ਲੋੜਵੰਦ ਵਿਦਿਆਰਥੀਆਂ ਕੋਲੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਆਰਥਿਕ ਸਹਾਇਤਾ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਓਬਰਾਏ ਨੇ ਲੋਕ ਭਲਾਈ ਵਿੱਚ ਪ੍ਰੋਫੈਸਰਸ਼ਿਪ ਦੀ ਮੁਹਾਰਤ ਹਾਸਿਲ ਕੀਤੀ ਹੈ ਅਤੇ ਉਨ੍ਹਾਂ ਅਨੇਕਾਂ ਹੀ ਲੈਬਾਰਟਰੀਆਂ, ਅਣਗਿਣਤ ਸੇਵਾਵਾਂ, ਹੁਨਰ ਵਿਕਾਸ ਕੇਂਦਰ ਖੋਲਣੇ, ਲੋੜਵੰਦਾਂ ਨੂੰ ਮਦਦ, ਮੈਡੀਕਲ ਸਹੂਲਤਾਂ, ਪ੍ਰਦੇਸਾਂ ਵਿੱਚ ਸੰਕਟ ਨਾਲ ਜੂਝ ਰਹੇ ਵਿਅਕਤੀਆਂ ਨੂੰ ਸਹਾਇਤਾ ਆਦਿ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ, ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਦਾ ਸਮਾਜ ਸੇਵਾ ਵਿੱਚ ਇੱਕ ਵਿਲੱਖਣ ਸਥਾਨ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ ਸੁਨੀਤਾ ਰਾਣੀ , ਪ੍ਰੋ ਪ੍ਰਿਤਪਾਲ ਸਿੰਘ ਅਤੇ ਪ੍ਰੋ ਅਮਰਜੀਤ ਸਿੰਘ ਆਦਿ ਹਾਜਰ ਸਨ ।