English Hindi Saturday, January 28, 2023
 

ਲੇਖ

.... ਸਾਡਾ ਮੌਸਮ ਆਇਆ ਨਾ !

January 19, 2023 08:12 AM

--ਜਗਮੇਲ ਸਿੰਘ

ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗਰਜਦੇ ਬੋਲ, "ਕਿੰਨੀ ਵਾਰੀ ਬਦਲੀਆਂ ਰੁੱਤਾਂ, ਸਾਡਾ ਮੌਸਮ ਆਇਆ ਨਾ।ਕਿਸੇ ਨੇ ਭੁੱਖੇ ਨੂੰ ਰੋਟੀ ਨਾ ਦਿੱਤੀ, ਕਿਸੇ ਨੇ ਪਾਣੀ ਪਿਆਇਆ ਨਾ।" ਸੋਲਾਂ ਆਨੇ ਸਹੀ।ਅੱਧੀ ਸਦੀ ਪਹਿਲਾਂ ਕਹੇ, ਅੱਜ ਵੀ ਢੁਕਵੇਂ। ਚੋਣ-ਰੁੱਤਾਂ ਬਹੁਤ ਆਈਆਂ। ਲੋਕਾਂ ਦਾ ਮੌਸਮ ਨਹੀਂ ਆਇਆ।

ਵੀਹ ਸੌ ਬਾਈ, ਚੋਣਾਂ ਦੀ ਰੁੱਤ ਆਈ। ਵਾਅਦਿਆਂ ਦਾਅਵਿਆਂ ਦੀ ਝੜੀ।ਹਰ ਪਾਰਟੀ ਇੱਕ ਦੂਜੇ ਤੋਂ ਵਧਕੇ।ਨਾਹਰੇ 'ਤੇ ਨਾਹਰਾ। ਨਵੇਂ ਨਕੋਰ ਤੇ ਮੂੰਹ ਚੜਮੇਂ। ਪੇਸ਼ਕਾਰੀ, ਲਿਸ਼ਕਵੀਂ ਪੋਚਵੀਂ।ਵੱਧੋ ਵੱਧ ਵੋਟ ਖਿੱਚੂ।ਆਪ ਪਾਰਟੀ ਵੀ ਲਿਆਈ, "ਬਦਲਾਅ" ਦਾ ਨਾਹਰਾ। ਬੜਾ ਪਿਆਰਾ। ਹਰ ਮਨ ਭਾਏ।ਆਸਾਂ ਬੰਨਾਏ।ਸੁਪਨੇ ਜਗਾਏ।ਭੁੱਖਿਆਂ ਨੂੰ ਰੋਟੀ। ਬੇਘਰਿਆਂ ਨੂੰ ਘਰ।ਬੇਰੁਜ਼ਗਾਰਾਂ ਨੂੰ ਰੁਜ਼ਗਾਰ। ਮੁਲਾਜ਼ਮਾਂ ਨੂੰ ਤਨਖ਼ਾਹ-ਵਾਧਾ ਤੇ ਪੁਰਾਣੀ ਪੈਨਸ਼ਨ ਬਹਾਲੀ। ਕਰਜ਼ੇ ਮਾਰਿਆਂ ਨੂੰ ਕਰਜ਼ੇ ਤੋਂ ਮਾਫ਼ੀ।ਨਾਹਰਾ ਹੈ ਈ ਬੜਾ ਲੁਭਾਉਣਾ।ਨਾਲ ਚੇਹਰਾ, ਤੇਤੀ ਸਾਲਾ ਕਾਮੇਡੀ। ਮੁਖੌਟਾ, ਸ਼ਹੀਦ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਦਕਰ।ਬਦਲਾਅ ਦੇ ਝਖੇੜੇ, ਖੱਬੀ ਖਾਨ ਉਖੇੜੇ।ਆਪ ਪਾਰਟੀ ਦੀ ਸਰਕਾਰ ਬਣੀ। ਗੱਦੀਆਂ ਮੱਲੀਆਂ।

ਇਹ ਅਲੋਕਾਰੀ ਨਹੀਂ।ਚੱਲਦੀ ਹਾਲਾਤ ਦੇ ਇਸ਼ਾਰੇ, ਬੇਹੱਦ ਨਿਆਰੇ।ਲੋਕ ਬਦਲ ਭਾਲਦੇ।ਸਰਕਾਰਾਂ ਬਦਲਦੇ। ਠੂਠੇ ਨਾਲ ਕੁਨਾਲਾ ਉਵੇਂ ਦਾ ਉਵੇਂ।ਪਾਰਟੀਆਂ ਤੋਂ ਅੱਕੇ।ਕਿਸਾਨ ਘੋਲ, ਇਸ਼ਾਰੇ ਹੋਰ ਸਾਫ਼।ਪਾਰਟੀਆਂ ਦੀ ਪੜਤ, ਦਿੱਲੀ ਸੜਕਾਂ 'ਤੇ ਰੁਲੀ। ਕਾਰਪੋਰੇਟ ਘਰਾਣਿਆਂ ਦੇ ਏਜੰਟਾਂ ਵਜੋਂ ਬੇਨਕਾਬ। ਲੋਕਾਂ, ਨੱਕੋ-ਬੁੱਲੋਂ ਪੂੰਝ ਸੁੱਟੀਆਂ।

ਲੋਕੀਂ ਸੋਚਣ, ਹਾਲਾਤ ਬਦਲੂ। ਜੂਨ ਸੁਧਰੂ। ਮੰਗਾਂ ਮਸਲੇ ਹੱਲ। ਦਫ਼ਤਰਾਂ ਵਿਚ ਸੁਣਵਾਈ।ਗਰੀਬੀ ਉੱਡੂ।ਰੁਜ਼ਗਾਰ ਖੁੱਲੂ।ਘਰ ਮਿਲੂ। ਕਰਜ਼ੇ ਮੁਆਫ਼।ਲਹਿਰਾਂ ਬਹਿਰਾਂ।ਤੀਆਂ ਵਰਗੇ ਦਿਨ। ਦਿਵਾਲੀ ਵਰਗੀਆਂ ਰਾਤਾਂ।ਪਰ ਰੁੱਤ ਦੀ ਤਾਸੀਰ, ਕੜਵੀ।ਸਮਝ ਤੋਂ ਬਾਹਰੀ।ਰੁੱਤ ਕੁਲਹਿਣੀ, ਮਨਸੂਬੇ ਚੰਦਰੇ।ਨਾਹਰੇ, "ਹਾਥੀ ਦੇ ਦੰਦ"।ਨਿਰਾ ਛਲਾਵਾ। ਲਾਰਿਆਂ ਦਾ ਲਿਫ਼ਾਫ਼ਾ। ਰਿਆਇਤਾਂ ਦੇ ਸ਼ੋਸ਼ੇ।ਲੱਕੜ ਦੇ ਪੁੱਤ।ਪੌਣੀ ਸਦੀ ਦਾ ਸੱਚ, ਪਾਰਟੀਆਂ ਦਾ ਰਿਕਾਰਡ।ਰੁੱਤਾਂ ਆਉਂਦੀਆਂ, ਬਦਲਦੀਆਂ। ਲੋਕਾਂ ਲਈ ਮੌਸਮ ਉਹੀ।

ਰਾਤ ਪਈ, ਬਾਤ ਗਈ। ਸਰਕਾਰ, ਪਹਿਲੀਆਂ ਵਾਲੇ ਰਾਹ।ਵੱਡਿਆਂ ਦੀ ਵੱਡੀ ਚਾਕਰੀ।ਵੱਡੇ ਭਾਸ਼ਣ, ਵੱਡੇ ਬੋਰਡ।ਆਪ ਸਰਕਾਰ, "ਲੋਕਾਂ ਦੇ ਦਰਬਾਰ।" ਐਲਾਨ, " ਸਾਡਾ ਕੰਮ ਬੋਲਦਾ "। ਅਮਲ ਸਿਰ ਪਰਨੇ। ਇੱਕ ਸੌ ਅੱਸੀ ਦਰਜੇ। ‌ਬਦਲਾਅ ਵਾਲਾ ਲਿਫ਼ਾਫ਼ਾ ਫਟਿਆ।ਆਸਾਂ, ਬੇਆਸ। ਸੁਪਨੇ, ਚੂਰੋ ਚੂਰ।ਵਾਅਦਿਆਂ ਦੀ ਕਾਰਗੁਜ਼ਾਰੀ, ਜ਼ੀਰੋ। ਮਸਲਿਆਂ ਦਾ ਪੁਲਸੀਆ 'ਹੱਲ'। ਐਂਬੂਲੈਂਸ ਦੇ ਜੂਝਦੇ ਕਾਮਿਆਂ 'ਤੇ ਤਾਨਾਸ਼ਾਹੀ, "ਡਿਊਟੀ ਕਰੋ ਜਾਂ ਘਰਾਂ ਨੂੰ ਜਾਓ"।ਕਾਰਪੋਰੇਟਾਂ ਦੇ ਸਕੇ-ਸੋਧਰੇ, ਸਿਰ 'ਤੇ ਬਿਠਾਏ।ਕੁਝ ਸਲਾਹਕਾਰ, ਕੁਝ ਰਾਜ ਸਭਾ ਵਿੱਚ। ਵਿਕਾਸ ਦਾ ਮਾਡਲ, ਕਾਰਪੋਰੇਟ ਮਿਲੇਨੀਅਲ, ਮੁਲਕ ਗਰੀਬੀ ਦੀਆਂ ਨਿਵਾਣਾਂ ਛੋਹੇ।ਮਾਡਲ, ਲੁੱਟੇ, ਵਾਤਾਵਰਣ ਵਿਗਾੜੇ ਤੇ ਰੁਜਗਾਰ ਖੋਹਵੇ। ਭਾਜਪਾ, ਕਾਂਗਰਸੀਆਂ ਅਕਾਲੀਆਂ ਵਾਲਾ।ਵਿਦੇਸ਼ੀ ਲੁਟੇਰਿਆਂ ਨੂੰ ਲੁੱਟ ਲਈ ਨਵੇਂ ਸੱਦੇ।ਫਰਵਰੀ ਵਿੱਚ ਸੁਆਗਤੀ-ਸੰਮੇਲਨ।ਵੱਡੀ ਖਰਚੀਲੀ ਆਓ-ਭਗਤ।ਲੋਕ ਮਸਲੇ ਹੱਲ ਕਰਨਾ ਦੂਰ, ਸੁਣਨ ਤੋਂ ਹੀ ਟਾਲਾ। ਪਹਿਲੇ ਮਹੀਨਿਆਂ ਵਿਚ ਹੀ ਕਈਆਂ 'ਤੇ ਲਾਠੀਚਾਰਜ। ਸਿੱਟਾ, ਨਿੱਤ ਦਿਨ ਸੀ ਐਮ ਦੀ ਕੋਠੀ ਦਾ ਘਿਰਾਓ।

ਬਦਲਾਅ ਵਿੱਟਰਿਆ, ਸੱਚ ਨਿੱਤਰਿਆ। ਸਰਕਾਰ, ਢਾਂਚੇ ਦਾ ਇੱਕ ਥੰਮ।ਪ੍ਰਬੰਧ ਦੇ ਡੰਡੇ ਦਾ ਹਿਊਮਨ ਫੇਸ।ਢਾਂਚੇ ਦੇ ਮਾਲਕ, ਪੈਸੇ ਤੇ ਜਾਗੀਰਾਂ ਵਾਲੇ।ਢਾਂਚਾ ਉਸਾਰਿਆ, ਵਿਦੇਸ਼ੀਆਂ ਦੀ ਅਧੀਨਗੀ ਹੇਠ।ਅੱਜ ਵੀ ਉਹਨਾਂ ਦਾ ਥਾਪੜਾ।ਢਾਂਚੇ ਦੀਆਂ ਕੁੱਲ ਤਾਕਤਾਂ, ਇਹਨਾਂ ਹੱਥ।ਉਹੀ ਢੰਗ ਤਰੀਕੇ।ਨਿਯਮ ਕਨੂੰਨ ਉਹੀ। ਲੁੱਟ ਕੁੱਟ ਤੇ ਦਾਬਾ ਵਿਤਕਰਾ ਉਵੇਂ। ਸਾਧਨਾਂ ਦੀ ਕਾਣੀ ਵੰਡ ਜਿਉਂ ਦੀ ਤਿਉਂ। ਢਾਂਚਾ, ਜ਼ਿੰਮੇ ਜਿਆ ਬਣਿਆ, ਉਵੇਂ ਚੱਲ ਰਿਹੈ।ਸਰਕਾਰਾਂ, ਇਹਨਾਂ ਮੂਜਬ। ਸਰਕਾਰਾਂ, ਬਦਲਾਅ ਲਈ ਨਹੀਂ, ਢਾਂਚੇ ਦੀ ਰਾਖੀ ਤੇ ਮਜਬੂਤੀ ਵਾਸਤੇ।ਇਸੇ ਦੀ ਸਪਥ ਲੈਂਦੀਆਂ।

ਬਦਲਾਅ ਦਾ ਅਰਥ, ਹਰ ਵੇਹਲੇ ਹੱਥ ਨੂੰ ਰੁਜ਼ਗਾਰ।ਮਨੁੱਖਾ ਸ਼ਕਤੀ ਦੀ ਸੁਚੱਜੀ ਵਰਤੋਂ। ਰੁਜ਼ਗਾਰ ਮੁਖੀ ਸਨਅਤਾਂ। ਛੋਟੀਆਂ ਤੇ ਘਰੇਲੂ ਸਨਅਤਾਂ ਨੂੰ ਬੜਾਵਾ। ਕਿਸਾਨ ਪੱਖੀ ਖੇਤੀ ਸੁਧਾਰ।ਪੇਂਡੂ, ਸ਼ਹਿਰੀ ਤੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦੀ ਗਰੰਟੀ।ਸਸਤੀ ਸਿਖਿਆ ਤੇ ਸਿਹਤ ਸਹੂਲਤਾਂ। ਠੇਕਾ ਭਰਤੀ ਦੀ ਥਾਂ ਰੈਗੂਲਰ ਰੁਜ਼ਗਾਰ। ਸਭਨਾਂ ਨੂੰ ਪੈਨਸ਼ਨਰੀ ਲਾਭ। ਵਾਤਾਵਰਣ ਦੀ ਸ਼ੁੱਧਤਾ। ਨਸ਼ਿਆਂ ਦਾ ਨਾਸਤੋ ਨਾਬੂਦ। ਜਾਬਰ ਕਾਲੇ ਕਨੂੰਨਾਂ ਦੀ ਵਾਪਸੀ।ਨਿੱਜੀਕਰਨ ਦੀ ਨੀਤੀ ਬੰਦ।ਦੇਸੀ ਵਿਦੇਸ਼ੀ ਧਨੀਆਂ 'ਤੇ ਟੈਕਸ।ਉਗਰਾਹੀ ਯਕੀਨੀਂ। ਇਹਨਾਂ ਦੇ ਅੰਨ੍ਹੇ ਮੁਨਾਫ਼ਿਆਂ 'ਤੇ ਕੱਟ। ਵਿਦੇਸ਼ੀ ਪੂੰਜੀ 'ਤੇ ਰੋਕ। ਢਾਂਚੇ ਦੀ ਮਾਲਕੀਅਤ ਵਿੱਚ ਬਰਾਬਰਤਾ। ਵਿਦੇਸ਼ੀ ਦਖਲਅੰਦਾਜ਼ੀ ਨੂੰ ਮੁਕੰਮਲ ਦੇਸ਼ ਨਿਕਾਲਾ।

ਬਦਲਾਅ, ਸਮਝ-ਸਿਆਸਤ ਤੇ ਸੰਘਰਸ਼ਾਂ ਦਾ ਰਾਹ। ਲੰਮਾਂ ਤੇ ਤਹੱਮਲ ਭਰਿਆ ਕੰਮ।ਸਿਦਕੀ ਤੇ ਸਿਰੜੀ ਜੁੰਮਾ।ਸਹਿਣ ਤੇ ਸ਼ਹਾਦਤ ਦਾ ਜਜ਼ਬਾ।ਸਮਝੀਏ ਤੇ ਖੁਦ ਬਦਲੀਏ।ਰੂਪ ਰੇਖਾ ਉਲੀਕੀਏ।ਨਿਸ਼ਾਨਾ ਮਿੱਥੀਏ। ਮੰਗਾਂ ਉਭਾਰੀਏ। ਸਿਸਤ ਬੰਨੀਏ।ਦੋਸਤਾਂ ਦੁਸ਼ਮਣਾਂ ਦੀ ਪਛਾਣ ਕਰੀਏ। ਦੋਸਤਾਂ ਨਾਲ ਏਕਤਾ। ਦੁਸ਼ਮਣਾਂ ਨਾਲ ਨਿਖੇੜਾ।

Have something to say? Post your comment