Hindi English Thursday, 25 April 2024 🕑

ਬੱਚਿਆਂ ਦੀ ਦੁਨੀਆ

More News

ਬਾਲ ਕਹਾਣੀ :  ਪਿੰਕੂ ਦਾ ਪੈੱਨ

Updated on Sunday, April 02, 2023 09:51 AM IST

ਹਰਦੇਵ ਚੌਹਾਨ (ਕੈਨੇਡਾ)


        ਸਕੂਲੋਂ ਵਾਪਸ ਆਇਆ ਪਿੰਕੂ ਕੁਝ ਉੱਖੜਿਆ, ਉੱਖੜਿਆ ਵਿਖਾਈ ਦੇ ਰਿਹਾ ਸੀ । ਆਮ ਵਾਂਗ ਉਸ ਦਾ ਹਸੂੰ, ਹਸੂੰ ਕਰਦਾ ਚਿਹਰਾ ਉੱਤਰਿਆ ਹੋਇਆ ਸੀ । ਅੱਜ ਉਹ ਸਹਿਜ ਨਹੀਂ ਸੀ ਦਿਸ ਰਿਹਾ । 

        'ਸਕੂਲ ਵਿਚ ਜਰੂਰ ਕੁਝ ਅਣਕਿਆਸਿਆ ਵਾਪਰਿਆ ਹੋਏਗਾ'...  ਮਨ ਹੀ ਮਨ ਮਹਿਸੂਸ ਕਰਦਿਆਂ ਅੰਮੀ ਨੇ ਪੁੱਛਿਆ,  'ਪਿੰਕੂ ਬੇਟੇ ! ਅੱਜ ਕਿਸੇ ਗੱਲੋਂ ਸਕੂਲੋਂ ਝਿੜਕਾਂ ਤਾਂ ਨਹੀਂ ਪਈਆਂ ' ? 

        'ਨਹੀਂ ਅੰਮੀ, ਨਹੀਂ ! ਮੇਰੀ ਕਾਪੀ ਵੇਖ ਲਵੋ ... ਅੱਜ ਤਾਂ ਮੈਂ ਆਪਣੇ ਹੋਮ ਵਰਕ ਲਈ 'ਵੈਰੀ ਗੁੱਡ' ਵੀ ਲੈ ਕੇ ਆਇਆ ਹਾਂ'... 

         ਪਿੰਕੂ ਦੇ ਜੁਆਬ ਨਾਲ ਅੰਮੀ ਦੀ ਤਸੱਲੀ ਨਹੀਂ ਸੀ ਹੋਈ । ਰਸੋਈ ਵਿਚ ਖਾਣਾ ਬਣਾਉਂਦੀ ਵੀ ਉਹ ਪਿੰਕੂ ਦੇ ਵਰਤੋਂ, ਵਿਹਾਰ ਬਾਰੇ ਸੋਚਾਂ ਸੋਚਦੀ ਰਹੀ । ਦੁਪਹਿਰ ਦਾ ਖਾਣਾ ਪਰੋਸ ਉਸਨੇ ਪਿੰਕੂ ਤੇ ਦਫਤਰੋਂ ਆਏ ਉਸਦੇ ਪਾਪਾ ਨੂੰ ਡਾਈਨਿੰਗ ਟੇਬਲ 'ਤੇ ਆਉਣ ਦਾ ਸੱਦਾ ਦੇ ਦਿੱਤਾ । ਪਾਪਾ ਤੇ ਅੰਮੀ ਨਾਲ ਬੈਠ ਪਿੰਕੂ ਨੇ ਅੱਧ,ਪਚੱਦਾ ਖਾਣਾ ਖਾਧਾ ਤੇ ਸਭ ਤੋਂ ਪਹਿਲੇ ਉੱਠ ਆਪਣੇ ਸੌਂਣ ਵਾਲੇ ਕਮਰੇ 'ਚ ਚਲਾ ਗਿਆ। ਪਿੰਕੂ ਦੇ ਪਿਤਾ ਵੀ ਦੀਵਾਰ ਘੜੀ ਵੇਖਦੇ ਦਫਤਰ ਚਲੇ ਗਏ । 

        ਪਿੰਕੂ ਸੀ ਤਾਂ ਆਪਣੇ ਕਮਰੇ 'ਚ ਸੁੱਤਾ ਪਿਆ ਪਰ ਇੱਧਰ ਉਸਦੀ ਜਾਗਦੀ ਅੰਮੀ ਨੂੰ ਫਿਕਰ ਲੱਗਾ ਹੋਇਆ ਸੀ । 

        ਉਸਨੇ ਕੀ ਕੀਤਾ,  ਉਹ ਦੱਬੇ ਪੈਰੀਂ ਪਿੰਕੂ ਦੇ ਕਮਰੇ 'ਚ ਚਲੀ ਗਈ ਤੇ ਉਸ ਦੇ ਬਸਤੇ ''ਚੋਂ ਹੋਮਵਰਕ ਵਾਲੀ ਡਾਇਰੀ ਕੱਢ ਕੇ ਵੇਖਣ ਲੱਗ ਪਈ । ਡਾਇਰੀ 'ਤੇ ਕੋਈ ਸ਼ਿਕਾਇਤ ਨਹੀਂ ਸੀ ਲਿਖੀ ਹੋਈ ਜਿਸਦੇ ਡਰੋਂ ਪਿੰਕੂ ਦਾ ਰੰਗ ਉੱਡਿਆ, ਉੱਡਿਆ ਨਜ਼ਰ ਆ ਰਿਹਾ ਸੀ । ਅੰਮੀ ਨੇ ਫਿਰ ਪਿੰਕੂ ਦਾ ਟਿਫਨ ਚੈੱਕ ਕੀਤਾ । ਟਿਫਨ ਵੀ ਖਾਲੀ ਪਿਆ ਸੀ ਜਿਸ ਵਿਚਲੇ  ਬਟਰ-ਬਰੈਡ ਵਾਲੇ ਦੋਵੇਂ ਪੀਸ ਉਸਨੇ ਖਾਧੇ ਹੋਏ ਸਨ । ਜੇ ਸਕੂਲ ਵਿਚ ਉਸ ਦੀ ਤਬੀਅਤ ਖ਼ਰਾਬ ਹੋਈ ਹੁੰਦੀ ਤਾਂ ਉਸਨੇ ਆਪਣਾ ਲੰਚ ਬਾਕਸ ਖਾਲੀ ਨਹੀਂ ਸੀ ਕਰਨਾ ।

       ਸਕੂਲ ਬੈਗ ਵੇਖਦਿਆਂ, ਵੇਖਦਿਆਂ ਅੰਮੀ ਦੇ ਹੱਥ ਇਕ ਪੈੱਨ ਲੱਗ ਗਿਆ । ਪੈੱਨ, ਜਿਹੜਾ ਨਵਾਂ ਤਾਂ ਸੀ ਪਰ  ਉਹ ਓਪਰਾ, ਓਪਰਾ ਲੱਗ ਰਿਹਾ ਸੀ । ਨਾ ਕਦੀ ਉਹ ਪੈੱਨ ਉਸਦੇ ਪਾਪਾ ਨੇ ਖਰੀਦਿਆ ਸੀ ਤੇ ਨਾ ਕਦੀ ਉਸਨੇ ਖਰੀਦਿਆ ਸੀ ... ਹੋਵੇ ਨਾ ਹੋਵੇ ਸਾਰਾ ਕਲੇਸ਼ ਇਸੇ  ਪੈੱਨ ਦਾ ਪਾਇਆ ਹੋਵੇ...  ਬੇਗਾਨੇ ਪੈੱਨ ਨੂੰ ਹੱਥ ਵਿੱਚ ਘੁੰਮਾਉਂਦੀ ਪਿੰਕੂ ਦੀ ਅੰਮੀ ਸੋਚਣ ਲੱਗੀ ।

       ਅੰਮੀ ਨੂੰ ਪੈੱਨ ਨਹੀਂ, ਜਿਵੇਂ ਕੋਈ ਖਜ਼ਾਨਾ ਹੱਥ ਵਿੱਚ ਆ ਗਿਆ ਹੋਵੇ ਤੇ ਔਖੀ, ਭਾਰੀ  ਬੁਝਾਰਤ ਦਾ ਬੜਾ ਸੌਖਾ ਹੱਲ ਨਿਕਲ ਆਇਆ ਹੋਵੇ.... ਅੰਮੀ ਦੀ ਚਿੰਤਾ ਵੀ ਖ਼ਤਮ ਹੋ ਗਈ । ਉਹ ਸੁੱਤੇ ਪਏ ਰਿੰਕੂ ਦੇ ਸਿਰਹਾਣੇ ਜਾ ਖਲੋਤੀ ਤੇ ਲੱਗੀ ਉਸ ਦੇ ਸਾਹਾਂ ਦੀ ਨਿਰਖ, ਪਰਖ ਕਰਨ... ਉਸ ਨੂੰ ਮਹਿਸੂਸ ਹੋਇਆ ਕਿ ਪਿੰਕੂ ਖ਼ੁਦ ਵੀ ਓਪਰਾ ਪੈੱਨ ਲਿਆ ਕੇ ਸੌਖਾ ਨਹੀਂ ਮਹਿਸੂਸ ਕਰ ਰਿਹਾ...

        ਕਰਦਿਆਂ, ਕਰਾਉਂਦਿਆਂ ਸ਼ਾਮਾਂ ਪੈ ਗਈਆਂ ਅੰਮੀ ਨੇ ਪਿੰਕੂ ਨੂੰ ਬੜੇ ਪਿਆਰ ਨਾਲ ਉਠਾਇਆ ਚਾਹ, ਪਕੌੜੇ  ਖੁਆਏ ਤੇ ਹੋਮ ਵਰਕ ਕਰਨ ਲਈ ਆਪਣੇ ਕੋਲ ਬਿਠਾ ਲਿਆ । ਅੰਮੀ ਨੇ ਬਹਾਨੇ ਸਿਰ ਉਸ ਦੇ ਬਸਤੇ ਵਿੱਚੋਂ ਕਾਪੀ ਕੱਢਣ ਦੇ ਭਾਣੇ  ਉਹ ਪੈੱਨ ਵੀ ਨਾਲ ਲੈ ਆਂਦਾ । ਪਿੰਕੀ ਨੂੰ ਪੈੱਨ ਵਿਖਾਉਂਦਿਆਂ ਉਸ ਪੁੱਛਿਆ,  'ਬੜਾ ਸੋਹਣਾ ਪੈੱਨ ਏ ... ਬੱਚੇ! ਕਿੱਥੋਂ ਲਿਆ ਸੀ' ?

         'ਮੰਮੀ! ਮੰਮੀ!! ਪਾਪਾ ਨੇ ਲੈਕੇ ਦਿੱਤਾ ਸੀ'...        

         ਪਿੰਕੂ ਦੇ ਪਾਪਾ ਦਫ਼ਤਰੋਂ ਆਉਣ ਵਾਲੇ ਸਨ । ਜੇ ਘਰ ਹੁੰਦੇ ਤਾਂ ਪੁੱਛ-ਗਿੱਛ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ... ਸੋ ਮਸਲੇ ਦਾ ਨਿਪਟਾਰਾ ਪਾਪਾ ਦੇ ਘਰ ਆਉਣ 'ਤੇ ਜਾ ਪਿਆ ।

          ਪਿੰਕੂ ਸਾਹਮਣੇ ਪਾਰਕ ਵਿਚ ਖੇਡਣ ਗਿਆ ਹੋਇਆ ਸੀ । ਮਗਰੋਂ ਉਸ ਦੇ ਪਾਪਾ ਵੀ ਘਰ ਆ ਗਏ । ਕੱਪੜੇ ਬਦਲ ਕੇ ਬੈਠਿਆਂ ਨੂੰ ਪਿੰਕੂ ਦੀ ਅੰਮੀ ਨੇ ਚਾਹ, ਪਾਣੀ ਪਿਆਇਆ । ਜਦੋਂ ਉਹ ਚਾਹ ਪਾਣੀ ਤੋਂ ਵਿਹਲੇ ਹੋਏ ਤਾਂ ਉਹ ਪਿੰਕੂ ਵਾਲਾ ਪੈੱਨ ਵਿਖਾਉਂਦਿਆਂ ਉਨ੍ਹਾਂ ਨੂੰ ਪੁੱਛਣ ਲੱਗੀ,  'ਏ ਜੀ! ਆਹ ਵਾਲਾ ਪੈੱਨ ਤੁਸੀਂ ਲੈ ਕੇ ਦਿੱਤਾ ਸੀ ਪਿੰਕੂ ਨੂੰ' ?... 

         'ਨਹੀਂ ਤਾਂ... ਪਰ ਏਡਾ ਮਹਿੰਗਾ ਪੈੱਨ ਪਿੰਕੂ ਕੋਲ ਕਿੱਥੋਂ ਆਇਆ'?... ਕੁਝ ਦੱਸਣ ਦੀ ਥਾਂ ਪਿੰਕੂ ਦੇ ਪਾਪਾ ਉਲਟਾ ਪ੍ਰਸ਼ਨ ਪੁੱਛਣ ਲੱਗੇ ।

          'ਬੱਸ ਫਿਰ... ਸਕੂਲੋਂ ਹੀ ਚੋਰੀ ਕਰ ਕੇ ਲਿਆਇਆ ਹੋਏਗਾ... ਪਰ ਪਹਿਲਾਂ ਤਾਂ ਕਦੀ ਚੋਰੀ ਨਹੀਂ ਕੀਤੀ ਸਾਡੇ ਪਿੰਕੂ ਨੇ'... ਚਿੰਤਾ 'ਚ ਪਈ ਪਿੰਕੂ ਦੀ ਅੰਮੀ ਬੁਦਬੁਦਾਈ ।

           ਬਾਹਰੋਂ ਪਿੰਕੂ ਨੂੰ ਆਉਂਦਾ ਵੇਖ ਪਿੰਕੂ ਦੀ ਅੰਮੀ ਤੇ ਪਾਪਾ ਚੁੱਪ ਕਰ ਗਏ ।

          'ਪਿੰਕੂ ਰਾਜੇ! ਚਲੋ ਬੂਟ, ਜੁਰਾਬਾਂ ਪਾਉ ... ਬਾਜ਼ਾਰ ਚੱਲੀਏ'... ਅੰਮੀ ਨੇ ਪਿੰਕੂ ਨੂੰ ਕਿਹਾ।

           ਇਧਰ ਅੰਮੀ ਨੇ ਹੁਕਮ ਸੁਣਾਇਆ, ਉੱਧਰ ਪਿੰਕੂ ਬਾਦਸ਼ਾਹ ਕੱਪੜੇ ਪਾ ਕੇ ਬਾਬੂ ਬਣ ਗਿਆ। ਪਾਪਾ ਨੇ ਕਾਰ ਸਟਾਰਟ ਕੀਤੀ ਤੇ ਸਾਰੇ ਜਣੇ ਬਾਜ਼ਾਰ ਚਲੇ ਗਏ । ਇੱਧਰ, ਉੱਧਰ ਜਾਣ ਦੀ ਥਾਂ ਪਿੰਕੂ ਦੇ ਅੰਮੀ ਸਾਰਿਆਂ ਨੂੰ ਸ਼ਟੇਸ਼ਨਰੀ ਵਾਲੀ ਦੁਕਾਨ ਤੇ ਲੈ ਗਏ । ਉਨ੍ਹਾਂ ਦੁਕਾਨਦਾਰ ਨੂੰ ਵਧੀਆ ਤੋਂ ਵਧੀਆ ਪੈੱਨ ਵਿਖਾਉਣ ਲਈ ਕਿਹਾ ਤੇ ਨਾਲ ਹੀ ਪਿੰਕੂ ਨੂੰ ਵੀ ਮਨ ਮਰਜ਼ੀ ਦਾ ਪੈੱਨ ਖ਼ਰੀਦਣ ਲਈ ਹੱਲਾਸ਼ੇਰੀ ਦਿੱਤੀ ।

          ਵੇਖਦਿਆਂ, ਵੇਖਦਿਆਂ ਪਿੰਕੂ ਨੇ ਦੋ ਪੈੱਨ ਪਸੰਦ ਕਰ ਲਏ ਜਿਨਾਂ ਵਿਚ ਇਕ ਪੈੱਨ ਤਾਂ ਇਨ, ਬਿਨ ਉਸ ਦੇ ਬਸਤੇ ਚੋਂ ਨਿਕਲੇ ਪੈੱਨ ਵਰਗਾ ਹੀ ਸੀ । ਪੈੱਨ ਖ਼ਰੀਦ ਉਹ ਰੈਸਟੋਰੈਂਟ ਵਿੱਚ ਚਲੇ ਗਏ । ਰਾਤ ਦਾ ਖਾਣਾ ਖਾਧਾ ਤੇ ਹੱਸਦੇ, ਗਾਉਂਦੇ ਘਰ ਮੁੜ ਆਏ ।

          ਸੌਣ ਤੋਂ ਪਹਿਲਾਂ ਅੰਮੀ ਨੇ ਪਿੰਕੂ ਨੂੰ ਉਸ ਦੇ ਬੈਗ ਚੋਂ ਕੱਢਿਆ ਹੋਇਆ ਪੈੱਨ ਵਿਖਾਉਂਦਿਆਂ ਪੁੱਛਿਆ,  'ਬੇਟੇ! ਵੇਖ ... ਇੱਕ ਆਹ ਪੈੱਨ ਵੀ ਤੇਰੇ ਕੋਲ ਸੀ ਤੇ ਆਪਾਂ ਭਲਾ ਹੋਰ ਨਵਾਂ ਪੈੱਨ ਕਿਉਂ ਖਰੀਦਿਆ'?... 

         ਅੰਮੀ! ਅੰਮੀ !! ਦੁਪਹਿਰੇ ਮੈਂ ਝੂਠ ਬੋਲਿਆ ਸੀ... ਪਲੀਜ਼ ਮੈਨੂੰ ਮੁਆਫ਼ ਕਰ ਦਿਉ... ਇਹ ਪੈੱਨ ਮੈਂ ਆਪਣੀ ਟੀਚਰ  ਦੇ ਟੇਬਲ ਤੋਂ ਚੁੱਕਿਆ ਸੀ'... ਪਿੰਕੂ ਨੇ ਕਿਹਾ ਤੇ ਡਡਿਆ ਕੇ ਰੋਣ ਲੱਗ ਪਿਆ ।

         ਵੈਰੀ ਗੁੱਡ! ਰਾਜੇ ਬੇਟੇ... ਤੇਰੇ ਸੱਚ ਬੋਲਣ 'ਤੇ ਅਸੀਂ ਬੜੀ ਖੁਸ਼ ਹਾਂ... ਹੁਣ ਤੈਨੂੰ ਕਿਸੇ ਕੋਲੋਂ ਡਰਨ ਦੀ ਲੋੜ ਵੀ ਨਹੀਂ ... ਆਪਾਂ ਤੇਰੇ ਨਾਲ ਹਾਂ ...ਜੇ ਤੂੰ ਚਾਹੇ ਤਾਂ ਕੱਲ੍ਹ ਨੂੰ ਮੈਂ ਜਾਂ ਤੇਰੇ ਪਾਪਾ ਸਕੂਲ ਜਾਵਾਂਗੇ ਤੇ ਤੇਰੀ ਟੀਚਰ ਨੂੰ ਇਹ ਪੈੱਨ ਵਾਪਸ ਮੋੜ ਆਵਾਂਗੇ... ਹੁਣ ਸਾਡੇ ਪਿਆਰੇ ਬੱਚੇ ਨੂੰ ਬੇਫ਼ਿਕਰ ਹੋ ਕੇ ਆਰਾਮ ਨਾਲ ਸੌਣਾ ਚਾਹੀਦਾ'... ਪਿੰਕੂ ਦੀਆਂ ਅੱਖਾਂ 'ਚੋਂ ਗਲੇਡੂ ਪੂੰਝਦਿਆਂ ਉਸ ਦੀ ਅੰਮੀ ਨੇ ਪਿਆਰ ਨਾਲ ਕਿਹਾ।

         'ਨਾ ਅੰਮੀ! ਜੇ ਤੁਸੀਂ ਸਕੂਲ ਜਾ ਕੇ ਇੰਝ ਕਰੋਗੇ ਤਾਂ ਸਾਡੀ ਟੀਚਰ ਸਮੇਤ ਜਮਾਤ ਦੇ ਸਾਰੇ ਵਿਦਿਆਰਥੀ ਮੈਨੂੰ ਚੋਰ ਸਮਝਣਗੇ'...

         'ਨਹੀਂ ਬੇਟੇ! ਅਸੀਂ ਬੜੇ ਧਿਆਨ ਤੇ ਸਿਆਣਪ ਨਾਲ ਤੇਰੀ ਟੀਚਰ ਕੋਲ ਗੱਲ ਕਰਾਂਗੇ ... ਅਸੀਂ ਕਹਾਂਗੇ ਕਿ ਹੋਮ ਵਰਕ  ਚੈੱਕ ਕਰਦਿਆਂ ਪਿੰਕੂ ਦੀ ਕਾਪੀ ਵਿੱਚ ਪਿਆ ਉਨਾਂ ਦਾ ਪੈੱਨ ਵੀ ਸਾਡੇ ਘਰ ਆ ਗਿਆ ਸੀ'... 

         'ਅੰਮੀ! ਅੰਮੀ!! ਇੰਝ ਕਰਿਉ... ਸਾਡੀ ਟੀਚਰ ਨੂੰ ਤੁਸੀਂ ਬਾਜ਼ਾਰੋਂ ਖਰੀਦਿਆ ਨਵਾਂ ਪੈੱਨ ਮੋੜਿਉ ... ਉਨਾਂ ਵਾਲਾ ਅਸਲੀ ਪੈੱਨ ਦੂਜੇ ਬੱਚਿਆਂ ਨੂੰ ਬੜੇ 'ਵੈਰੀ ਗੁੱਡ' ਦਿੰਦਾ ਜੇ... ਹੁਣ ਵੇਖਿਉ,  ਮੈਂ ਵੀ ਉਸ ਪੈੱਨ ਨਾਲ ਹੋਮ ਵਰਕ ਕਰਿਆ ਕਰਾਂਗਾ... ਰੋਜ਼, ਰੋਜ਼ ਵੈਰੀ ਗੁੱਡ ਤੇ ਸਟਾਰ ਲੈ, ਲੈ ਆਪਣੀਆਂ ਕਾਪੀਆਂ ਭਰ ਲਵਾਂਗਾ'... ਮੁਸਕਰਾਉਂਦੇ ਹੋਏ ਪਿੰਕੂ ਨੇ ਕਿਹਾ ।
ਅਗਲੇ ਪਲ, ਉਸਦੇ ਸਿਰੋਂ ਸਾਰੇ ਦਿਨ ਵਾਲਾ ਮਣਾ ਮੂੰਹੀਂ ਭਰ ਲਹਿ ਗਿਆ... ਵੇਖਦਿਆਂ, ਵੇਖਦਿਆਂ ਉਸਨੇ ਉਬਾਸੀ ਲਈ ਤੇ ਪਾਸਾ ਮੋੜ ਘੂਕ ਸੌਂ ਗਿਆ ।

ਲਾਗੇ ਬੈਠੀ ਅੰਮੀ ਨੇ ਕੀ ਕੀਤਾ, ਸੁੱਤੇ ਪਏ ਆਪਣੇ ਪਿੰਕੂ ਦਾ ਸਿਰ ਪਲੋਸਿਆ ਤੇ ਉਸ 'ਤੇ ਚਾਦਰ ਤਾਣ ਦਿੱਤੀ । ਫਿਰ ਮਨ ਹੀ ਮਨ ਰੱਬ ਜੀ ਦਾ ਸ਼ੁੱਕਰ ਮਨਾਉਂਦੀ ਉਹ ਵੀ ਦੱਬੇ ਪੈਰੀਂ ਆਪਣੇ ਬੈੱਡ ਰੂਮ ਵੱਲ ਚਲੀ ਗਈ।

ਮੋਬਾਈਲ: 7009857708

ਵੀਡੀਓ

ਹੋਰ
Have something to say? Post your comment
ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

: ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ, ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ

ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

: ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ

ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

: ਲੁਧਿਆਣਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਨੇ ਲਿਆ ਨਵਾਂ ਮੋੜ

ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

: ਬਾਲ ਸਾਹਿਤਕਾਰਾਂ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਵਜ਼ੋਂ 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਨਾਲ ਨਿਵਾਜ਼ਿਆ

ਗੁਰਮਤਿ ਪ੍ਰਚਾਰ ਫਰੰਟ ਵੱਲੋਂ  ਬੱਚਿਆਂ ਦੇ ਕਰਵਾਏ  ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

: ਗੁਰਮਤਿ ਪ੍ਰਚਾਰ ਫਰੰਟ ਵੱਲੋਂ ਬੱਚਿਆਂ ਦੇ ਕਰਵਾਏ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ

ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

: ਨਵਜੰਮੇ ਬੱਚੇ ਦੇ ਚੂਹਿਆਂ ਨੇ ਗੋਡੇ ਤੇ ਪੈਰ ਖਾਧੇ

ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

: ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਵੇਗਾ: ਡਾ. ਅਲਕਜੋਤ ਕੌਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

: ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

ਤੂੰ ਮੇਰਾ ਮੀਂਹ ਏਂ

: ਤੂੰ ਮੇਰਾ ਮੀਂਹ ਏਂ

X