Hindi English Sunday, 08 September 2024 🕑

ਪੰਜਾਬ

More News

ਸੇਵਾ ਮੁਕਤ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲਣ ਵਿਰੁੱਧ ਸਿੱਖਿਆ ਬੋਰਡ ਦੇ ਗੇਟ ’ਤੇ ਰੈਲੀ

Updated on Monday, May 29, 2023 16:39 PM IST

ਮੋਹਾਲੀ, 29 ਮਈ, ਦੇਸ਼ ਕਲਿੱਕ ਬਿਓਰੋ : 

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿੱਤੀ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਬੋਰਡ ਦਫ਼ਤਰ ਦੇ ਰਿਟਾਇਰੀ ਮੁਲਾਜ਼ਮਾਂ ਨੂੰ ਅਜੇ ਤੱਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਹੋ ਸਕੀ ਹੈ। ਪੈਨਸ਼ਨ ਨਾ ਮਿਲਣ ਕਾਰਨ ਰਿਟਾਇਰੀ ਮੁਲਾਜ਼ਮਾਂ ਵਿੱਚ ਤਿੱਖਾ ਰੋਹ ਪਾਇਆ ਜਾ ਰਿਹਾ ਹੈ। ਪੈਨਸ਼ਨ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਬੋਰਡ ਦਫ਼ਤਰ ਦੀ ਰਿਟਾਇਰੀ ਐਸੋਸੀਏਸ਼ਨ ਵੱਲੋਂ ਬੋਰਡ ਦੀ ਮੌਜੂਦਾ ਮੁਲਾਜ਼ਮ ਜਥੇਬੰਦੀ ਦੇ ਨਾਲ ਮਿਲ ਕੇ ਅੱਜ ਸਵੇਰੇ ਦਫ਼ਤਰ ਖੁੱਲ੍ਹਣ ਸਮੇਂ ਇਕ ਸਾਂਝੀ ਰੈਲੀ ਬੋਰਡ ਦਫਤਰ ਦੇ ਮੇਨ ਗੇਟ ’ਤੇ ਕੀਤੀ ਗਈ ਹੈ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਰਿਟਾਇਰੀ ਮੁਲਾਜ਼ਮ ਸ਼ਾਮਲ ਹੋਏ।

ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਬੋਰਡ ਕੰਪਲੈਕਸ ਦੇ ਗੇਟ ਰੋਕ ਕੇ ਰੈਲੀ ਕੀਤੀ ਗਈ ਸੀ ਪਰੰਤੂ ਅਜੇ ਤੱਕ ਰਾਸ਼ੀ ਬੋਰਡ ਦਫਤਰ ਨੂੰ ਜਾਰੀ ਨਹੀਂ ਹੋ ਸਕੀ ਹੈ। ਜਿਸ ਦੇ ਰੋਸ ਵਜੋਂ ਅੱਜ ਫਿਰ ਗੇਟ ਰੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਠ ਪੁਸਤਕਾਂ ਅਤੇ ਫੀਸਾਂ ਦੀ ਲੱਗਭਗ 700 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਤੇ ਬੋਰਡ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵੱਲ ਲੱਗਭਗ 25 ਕਰੋੜ ਦੀ ਰਾਸ਼ੀ ਕਿਰਾਏ ਵਜੋਂ ਵੀ ਪੈਡਿੰਗ ਪਈ ਹੈ। ਇੰਨੀ ਵੱਡੀ ਮਾਤਰਾ ਵਿੱਚ ਰਾਸ਼ੀ ਬੋਰਡ ਦਫ਼ਤਰ ਨੂੰ ਜਾਰੀ ਨਾ ਕਰਨ ਕਾਰਨ ਬੋਰਡ ਦੀ ਵਿੱਤੀ ਹਾਲਤ ਐਨੀ ਪਤਲੀ ਹੋ ਗਈ ਹੈ ਕਿ ਬੋਰਡ ਦੇ ਰਿਟਾਇਰੀ ਸਾਥੀਆਂ ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਹੋ ਸਕੀ। 2023 ਵਿੱਚ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਅਜੇ ਤੱਕ ਕੋਈ ਵੀ ਵਿੱਤੀ ਲਾਭ ਜਾਰੀ ਨਹੀਂ ਹੋ ਸਕੇ। ਜੇਕਰ ਬੋਰਡ ਨੂੰ ਤੁਰੰਤ ਬਕਾਇਆ ਰਾਸ਼ੀ ਜਾਰੀ ਨਹੀਂ ਹੋਈ ਤਾਂ ਬੋਰਡ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਮਈ ਮਹੀਨੇ ਦੀ ਤਨਖਾਹ ਵੀ ਜਾਰੀ ਨਹੀਂ ਹੋ ਸਕੇਗੀ।

ਰਿਟਾੲਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਨੇ ਕਿਹਾ ਕਿ ਰਿਟਾਇਰੀ ਸਾਥੀਆਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਕਾਫੀ ਬੇਚੈਨੀ ਪਾਈ ਜਾ ਰਹੀ ਹੈ। ਪੈਨਸ਼ਨ ਜਾਰੀ ਨਾ ਹੋਣ ਕਾਰਨ ਰਿਟਾਇਰੀ ਸਾਥੀ ਬਹੁਤ ਹੀ  ਆਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਹਨ ਰਿਟਾਇਰੀ ਸਾਥੀਆਂ ਨੂੰ ਦਵਾਈ, ਘਰੇਲੂ ਖਰਚ ਆਦਿ ਕਰਨਾ ਵੀ ਔਖਾ ਹੋ ਗਿਆ ਹੈ। ਬੋਰਡ ਦਫ਼ਤਰ ਦੀ ਮਾੜੀ ਵਿੱਤੀ ਹਾਲਤ ਕਾਰਨ ਰਿਟਾਇਰੀ ਸਾਥੀਆਂ ਦੇ ਮੈਡੀਕਲ ਬਿੱਲ ਆਦਿ ਵੀ ਅਦਾ ਨਹੀਂ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 1-1-2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ/ਅਧਿਕਾਰੀਆਂ ਨੂੰ ਗਰੈਚੁਟੀ ਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਹੋ ਸਕਿਆ ਹੈ। ਇਸ ਕਾਰਨ ਰਿਟਾਇਰੀ ਸਾਥੀਆਂ ਵਿੱਚ ਨਮੋਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਮੌਜੂਦਾ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਬੋਰਡ ਦਫ਼ਤਰ ਹਰ ਸਾਲ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੀ ਸਮੇਂ ਸਿਰ ਛਪਵਾਈ ਕਰਵਾ ਕੇ ਖੇਤਰ ਵਿੱਚ ਭੇਜਦਾ ਹੈ। ਇਹ ਰਾਸ਼ੀ ਹਾਰ ਸਾਲ ਲੱਗਭਗ 100 ਕਰੋੜ ਦੀ ਬਣ ਜਾਂਦੀ ਹੈ। ਮੌਜੂਦਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਬੋਰਡ ਦਫ਼ਤਰ ਨੂੰ ਲੱਗਭਗ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ, ਜਿਸ ਨਾਲ ਬੋਰਡ ਦਫ਼ਤਰ ਨੂੰ ਕੁਝ ਵਿੱਤੀ ਰਾਹਤ ਮਿਲੀ ਸੀ। ਪਰੰਤੂ ਪਿਛਲੇ ਕਈ ਸਾਲਾਂ ਦੀ ਰਾਸ਼ੀ ਸਰਕਾਰ ਵੱਲ ਪੈਡਿੰਗ ਹੋਣ ਕਾਰਨ ਬੋਰਡ ਦਫ਼ਤਰ ਨੂੰ ਵਿੱਤੀ ਸੰਕਟ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬੋਰਡ ਦਫ਼ਤਰ ਵਿੱਚ ਚੱਲ ਰਹੇ ਵੱਖ-ਵੱਖ ਵਿਭਾਗਾਂ ਵੱਲ ਵੀ ਲੱਗਭਗ 25 ਕਰੋੜ ਦੀ ਰਾਸ਼ੀ ਕਿਰਾਏ ਵਜੋਂ ਪੈਡਿੰਗ ਪਈ ਹੈ। ਇਹ ਰਾਸ਼ੀ ਵੀ ਬੋਰਡ ਦਫ਼ਤਰ ਨੂੰ ਜਾਰੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਮੁੱਦੇ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਮੁਲਾਜ਼ਮਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਜਥੇਬੰਦੀ ਦੇ ਜਨਰਲ ਸਕੱਤਰ  ਪਰਮਜੀਤ ਸਿੰਘ ਬੈਨੀਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਬੋਰਡ ਦਫ਼ਤਰ ਦੇ ਪ੍ਰਤੀ ਨਾ ਪੱਖੀ ਰਵੱਈਆ ਅਤੇ ਮਾੜੀਆਂ ਨੀਤੀਆਂ ਕਾਰਨ ਬੋਰਡ ਦੀ ਅੱਜ ਵਿੱਤੀ ਬਹੁਤ ਮਾੜੀ ਹੋ ਗਈ ਹੈ। ਮਈ ਮਹੀਨਾ ਖਤਮ ਹੋਣ ਜਾ ਰਿਹਾ ਹੈ ਪਰੰਤੂ ਅਜੇ ਤੱਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਰਿਟਾਇਰੀ ਸਾਥੀਆਂ ਨੂੰ ਜਾਰੀ ਨਹੀਂ ਹੋ ਸਕੀ ਹੈ। ਮਾਰਚ ਮਹੀਨੇ ਦੀ ਪੈਨਸ਼ਨ ਵੀ 13 ਅਪ੍ਰੈਲ ਨੂੰ ਜਾਰੀ ਹੋ ਸਕੀ ਸੀ। ਮਾੜੀ ਵਿੱਤੀ ਹਾਲਤ ਦੇ ਚਲਦਿਆਂ ਮੁਲਾਜ਼ਮਾਂ ਨੂੰ ਮਈ ਮਹੀਨੇ ਦੀ ਤਨਖਾਹ ਵੀ ਸਮੇਂ ਸਿਰ ਜਾਰੀ ਨਾ ਹੋ ਸਕਦੀ ਹੈ। ਇਸ ਤੋਂ ਇਲਾਵਾ ਬੋਰਡ ਦਫਤਰ ਵਿੱਚ ਕੰਮ ਕਰਕੇ ਕੰਟਰੈਕਟ ਮੁਲਾਜ਼ਮਾਂ ਨੂੰ ਬਕਾਇਆ, 53+9 ਸਾਥੀਆਂ ਦਾ ਬਣਦਾ ਏਰੀਅਰ, ਰਿਟਾਇਰੀ ਮੁਲਾਜ਼ਮਾਂ ਦੀ 1-1-2016 ਤੋਂ ਬਾਅਦ ਦੀ ਗਰੈਚੂਇਟੀ, ਮੈਡੀਕਲ ਬਿੱਲ, ਡੀ.ਏ ਦਾ ਬਕਾਇਆ ਆਦਿ ਵੀ ਵਿੱਤੀ ਸੰਕਟ ਕਾਰਨ ਪੈਡਿੰਗ ਪਏ ਹਨ। ਜੇਕਰ ਸਰਕਾਰ ਵੱਲੋਂ ਇਸ ਮੁੱਦੇ ਪ੍ਰਤੀ ਗੰਭੀਰਤਾ ਨਾ ਦਿਖਾਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਰਿਟਾਇਰੀ ਜਥੇਬੰਦੀ ਅਤੇ ਮੌਜੂਦਾ ਜਥੇਬੰਦੀ ਵੱਲੋਂ ਸਾਂਝੇਂ ਤੌਰ ਤੇ ਸੰਘਰਸ਼ ਦਾ ਰੂਪ-ਤਿੱਖਾ ਕੀਤਾ ਜਾਵੇਗਾ। ਇਹ ਪ੍ਰੈਸ ਨੋਟ ਜਥੇਬੰਦੀ ਦੇ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਗਿੱਲ ਵੱਲੋਂ ਜਾਰੀ ਕੀਤਾ ਗਿਆ।

ਵੀਡੀਓ

ਹੋਰ
Have something to say? Post your comment
X