ਵਾਸਿੰਗਟਨ, 16 ਨਵੰਬਰ, ਦੇਸ਼ ਕਲਿਕ ਬਿਊਰੋ :
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਦੇਰ ਰਾਤ ਕੈਲੀਫੋਰਨੀਆ ਵਿੱਚ ਮੁਲਾਕਾਤ ਕੀਤੀ। ਇਹ ਮੁਲਾਕਾਤ ਸਾਨ ਫਰਾਂਸਿਸਕੋ ਵਿੱਚ ਚੱਲ ਰਹੇ ਏਪੀਈਸੀ ਯਾਨੀ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਹੋਈ।ਦੋਹਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਦੋ-ਪੱਖੀ ਬੈਠਕ ਦਾ ਪਹਿਲਾ ਸੈਸ਼ਨ ਕਰੀਬ 2 ਘੰਟੇ ਤੱਕ ਚੱਲਿਆ। ਦੋਵੇਂ ਨੇਤਾ ਆਖਰੀ ਵਾਰ ਨਵੰਬਰ 2022 ਵਿੱਚ ਬਾਲੀ ਵਿੱਚ ਹੋਏ ਜੀ-20 ਸੰਮੇਲਨ ਵਿੱਚ ਮਿਲੇ ਸਨ।ਮੁਲਾਕਾਤ ਤੋਂ ਪਹਿਲਾਂ ਜਿਨਪਿੰਗ ਨੇ ਕਿਹਾ ਕਿ ਚੀਨ-ਅਮਰੀਕਾ ਸਬੰਧ ਦੁਨੀਆ ਲਈ ਮਹੱਤਵਪੂਰਨ ਹਨ। ਦੋ ਵੱਡੇ ਦੇਸ਼ਾਂ ਲਈ ਇੱਕ ਦੂਜੇ ਤੋਂ ਮੂੰਹ ਮੋੜਨਾ ਕੋਈ ਵਿਕਲਪ ਨਹੀਂ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਦੇਸ਼ਾਂ ਅਤੇ ਬਾਕੀ ਦੁਨੀਆ ਦੀ ਬਿਹਤਰੀ ਲਈ ਮਿਲ ਕੇ ਕੰਮ ਕਰੀਏ।ਇਸ ਦੇ ਨਾਲ ਹੀ ਬਾਇਡਨ ਨੇ ਕਿਹਾ ਕਿ ਸਾਡੇ ਵਿਚਕਾਰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ। ਅਸੀਂ ਤੈਅ ਕਰਨਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਮੁਕਾਬਲਾ ਟਕਰਾਅ ਵਿਚ ਨਾ ਬਦਲ ਜਾਵੇ। ਜਲਵਾਯੂ ਤਬਦੀਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੋਧੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਵਰਗੇ ਮੁੱਦਿਆਂ ਬਾਰੇ ਗੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ।