18ਵੇਂ ਜੱਸਾ ਯਾਦਗਾਰੀ ਕਬੱਡੀ ਕੱਪ ਵਿਚ ਕੀਤੀ ਸ਼ਿਰਕਤ
ਮਾਲੇਰਕੋਟਲਾ, 20 ਨਵੰਬਰ, ਦੇਸ਼ ਕਲਿੱਕ ਬਿਓਰੋ :
ਕਬੱਡੀ ਸਾਡੇ ਖਿ਼ੱਤੇ ਦੀ ਹਰਮਨ-ਪਿਆਰੀ ਖੇਡ ਹੈ। ਸਰਕਾਰਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਕਬੱਡੀ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਉਨ੍ਹਾਂ ਸਾਰੇ ਕਲੱਬਾਂ ਅਤੇ ਅਦਾਰਿਆਂ ਦੀ ਮਾਲੀ ਮਦਦ ਕਰੇ ਜਿਹੜੇ ਕਬੱਡੀ ਕੱਪ ਕਰਾਉਂਦੇ ਹਨ। ਇਸ ਗੱਲ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਸਥਿਤ ਪਿੰਡ ਖ਼ਾਨਪੁਰ (ਮੰਡੀਆਂ) ਵਿਖੇ ਹਰ ਸਾਲ ਕਰਵਾਏ ਜਾਣ ਵਾਲੇ 18ਵੇਂ ਜੱਸਾ ਯਾਦਗਾਰੀ ਕਬੱਡੀ ਕੱਪ ਵਿਚ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਮਾਲੇਰਕੋਟਲਾ ਹਲਕੇ ਦੇ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤਾ। ਪ੍ਰਬੰਧਕਾਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਦਾ ਗਰਮ-ਜੋਸ਼ੀ ਨਾਲ ਗੁਆਗਤ ਕੀਤਾ। ਇਹ ਕਬੱਡੀ ਕੱਪ ਸਵ. ਸ. ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਵਲੋਂ ਪਿਛਲੇ 18 ਸਾਲ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਇਸ ਬਾਰ 17 ਅਤੇ 18 ਨਵੰਬਰ ਨੂੰ ਇਹ ਕੱਪ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਅਪਣੀ ਟੀਮ ਨਾਲ ਪੁੱਜੇ ਬੀਬਾ ਜ਼ਾਹਿਦਾ ਸੁਲੇਮਾਨ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਬੱਡੀ ਖਿਡਾਰੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਬੱਡੀ ਸਾਡੀ ਮਾਂ-ਖੇਡ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਵਿਸਾਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵਲੋਂ ਹਰ ਸਾਲ ਕਰਵਾਏ ਜਾਂਦੇ ਵਿਸ਼ਵ ਕਬੱਡੀ ਕੱਪ ਇਸ ਸਰਕਾਰ ਨੇ ਬੰਦ ਕਰ ਦਿਤੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਗੈਂਗਸਟਰਾਂ ਵਲੋਂ ਕਬੱਡੀ ਖਿਡਾਰੀਆਂ ਨੂੰ ਡਰਾਉਣ, ਧਮਕਾਉਣ ਅਤੇ ਫ਼ਰੌਤੀ ਮੰਗਣ ਦੀਆਂ ਘਟਨਾਵਾਂ ਰੋਕਣਾ ਸਰਕਾਰ ਦੀ ਜ਼ਿੰਮੇਦਾਰੀ ਹੈ। ਕਬੱਡੀ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਸੁਰੱਖਿਆ ਯਕੀਕੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਦਾਰੀ ਹੈ। ਸਰਕਾਰਾਂ ਦੀ ਅਣਗਹਿਲੀ ਕਾਰਨ ਅਸੀਂ ਵਿਸ਼ਵ-ਵਿਆਪੀ ਪ੍ਰਸਿੱਧੀ ਪ੍ਰਾਪਤ ਸੰਦੀਪ ਨੰਗਲ ਅੰਬੀਆਂ ਵਰਗਾ ਮਹਾਨ ਖਿਡਾਰੀ ਗੁਆ ਲਿਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਬੱਡੀ ਖਿਡਾਰੀਆਂ ਦੀ ਪਿੱਠ ਉਤੇ ਖੜਾ ਰਿਹਾ ਹੈ। ਅਕਾਲੀ ਦਲ ਮੰਗ ਕਰਦਾ ਹੈ ਕਿ ਕਬੱਡੀ ਖਿਡਾਰੀਆਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਸਾਬਕਾ ਮਿਊਂਸਪਲ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਯੂਥ ਨੇਤਾ ਖਿਜ਼ਰ ਖ਼ਾਨ, ਮੁਹੰਮਦ ਇਰਫ਼ਾਨ ਅਤੇ ਹੋਰ ਆਗੂ ਵੀ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਹਾਜ਼ਰ ਸਨ।