ਚੰਡੀਗੜ੍ਹ, 5 ਅਗਸਤ, 2024, ਦੇਸ਼ ਕਲਿੱਕ ਬਿਓਰੋ :
ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਅਤੇ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਦੀਆਂ 25 ਜੁਲਾਈ ਅਤੇ 02 ਅਗਸਤ ਦੀਆਂ ਮੁਲਾਜ਼ਮਾਂ ਨਾਲ ਮੀਟਿੰਗਾਂ ਮੁਲਤਵੀ ਕਰਕੇ ਡੰਗ ਟਪਾਊ ਨੀਤੀਆਂ ਅਪਨਾਉਣ ਵਿਰੁੱਧ, ਸਮੁੱਚੇ ਪੰਜਾਬ ਅੰਦਰ ਪੰਜਾਬ ਸਰਕਾਰ ਦੀ ਅਰਥੀ ਅਤੇ ਲਾਰਿਆਂ ਦੀਆਂ ਪੰਡਾਂ ਫੂਕ ਕੇ ਰੋਸ਼ ਪ੍ਰਗਟਾਵੇ ਦੇ ਸੱਦੇ ਤੇ ਪੰਜਾਬ ਸਰਕਾਰ ਦੀ ਅਰਥੀ ਅਤੇ ਲਾਰਿਆਂ ਦੀ ਪੰਡ ਫੂਕ ਕੇ ਰੋਸ਼ ਵਿਖਾਵਾ ਕੀਤਾ ਗਿਆ। ਇਸ ਮੌਕੇ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਬਰਾਮਦੇ ਵਿੱਚ ਅਰਥੀ ਫੂਕ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਸਟੇਜ਼ ਸਕੱਤਰ ਸ੍ਰੀ ਗੁਰਮੀਤ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਆਗੂਆਂ ਨਾਲ ਉਨ੍ਹਾਂ ਦੀ ਮੰਗਾਂ ਸਬੰਧੀ ਪਹਿਲਾਂ 25 ਜੁਲਾਈ ਤੇ ਹੁਣ 02 ਅਗਸਤ ਦੀ ਮੀਟਿੰਗ ਮੁਲਤਵੀ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਜਿਸ ਦਾ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਲਾਰੇ-ਲੱਪੇ ਲਗਾ ਕੇ ਟਾਈਮ ਕੱਟੀ ਕਰ ਰਹੀ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਸਾਂਝਾ ਫਰੰਟ ਵੱਲੋਂ 10 ਅਗਸਤ ਨੂੰ ਮੀਟਿੰਗ ਉਪਰੰਤ ਹੋਣ ਵਾਲੇ ਸੰਘਰਸ਼ਾਂ ਦੇ ਐਲਾਨ ਤੋਂ ਬਾਅਦ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ ਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ, ਜਥੇਬੰਦੀ ਦੇ ਅਹੁਦੇਦਾਰ ਚੇਅਰਮੈਨ ਪਰਵਿੰਦਰ ਸਿੰਘ, ਵਾਇਸ ਚੇਅਰਮੈਨ ਸੁਨੀਤਾ ਭਨੌਟ, ਕਨਵੀਨਰ ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਕੌਰ (ਪ੍ਰਧਾਨ ਇਸਤਰੀ ਵਿੰਗ), ਗੁਲਜ਼ਾਰ ਖਾਨ (ਜਨਰਲ ਸਕੱਤਰ), ਹਰਪ੍ਰੀਤ ਸਿੰਘ (ਸੀਨੀਅਰ ਮੀਤ ਪ੍ਰਧਾਨ), ਰਿੰਪੀ (ਸੀ.ਮੀਤ ਪ੍ਰਧਾਨ ਇਸਤਰੀ ਵਿੰਗ), ਗੁਰਪ੍ਰੀਤ ਸਿੰਘ (ਮੀਤ ਪ੍ਰਧਾਨ), ਸੰਯੁਕਤ ਸਕੱਤਰ ਸਿਮਰਨਜੀਤ ਸਿੰਘ ਰੰਗੀ, ਦਵਿੰਦਰ ਸਿੰਘ (ਵਿੱਤ ਸਕੱਤਰ), ਗੁਰਪ੍ਰੀਤ ਕੌਰ (ਵਿੱਤ ਸਕੱਤਰ ਇਸਤਰੀ ਵਿੰਗ), ਪੰਕਜ ਸ਼ਰਮਾ (ਪ੍ਰੈਸ ਸਕੱਤਰ), ਕਮਲਪ੍ਰੀਤ ਸਿੰਘ (ਪ੍ਰਚਾਰ ਸਕੱਤਰ), ਗੁਰਮੀਤ ਸਿੰਘ ਰਾਣਾ (ਸਟੇਜ਼ ਸਕੱਤਰ), ਅਤੇ ਸਲਾਹਕਾਰ ਕੁਲਦੀਪ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਸੰਜੀਵ ਕੁਮਾਰ,ਬਿੱਟੂ ਰਾਮ, ਲਖਬੀਰ ਕੌਰ ਆਦਿ ਹਾਜ਼ਰ ਸਨ।