ਗੁਰਦਾਸਪੁਰ, 2 ਮਈ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ 'ਚ ਅਵਾਰਾ ਕੁੱਤਿਆਂ ਦੇ ਟੋਲੇ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਵੱਢ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਇਨ੍ਹੀਂ ਦਿਨੀਂ ਆਪਣੇ ਪੇਕੇ ਘਰ ਆਈ ਹੋਈ ਸੀ। ਉਹ ਸੈਰ ਕਰਨ ਲਈ ਘਰੋਂ ਨਿਕਲੀ ਸੀ, ਜਿਸ ਦੌਰਾਨ ਉਸ ਨੂੰ ਕੁੱਤਿਆਂ ਨੇ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਸ ਨੂੰ ਇੰਨੀ ਬੁਰੀ ਤਰ੍ਹਾਂ ਨੋਚਿਆ ਗਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਰਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਹਰਜੀਤ ਕੌਰ ਦਾ ਵਿਆਹ ਪਿੰਡ ਖੋਜਕੀਪੁਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਲ ਹੋਇਆ ਸੀ। ਉਸਦਾ ਪਤੀ ਬੀਐਸਐਫ ਵਿੱਚ ਹੈ। ਉਸ ਦੇ ਅੱਠ ਅਤੇ ਚਾਰ ਸਾਲ ਦੇ ਦੋ ਪੁੱਤਰ ਹਨ।
ਹਰਜੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ। ਉਹ ਅੱਜ ਸਵੇਰੇ ਕਰੀਬ ਪੰਜ ਵਜੇ ਸੈਰ ਕਰਨ ਲਈ ਘਰੋਂ ਨਿਕਲੀ ਸੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦੀ ਲਾਸ਼ ਪਿੰਡ ਜਾਗੋਵਾਲ ਬੇਟ ਦੇ ਸ਼ਮਸ਼ਾਨਘਾਟ ਕੋਲ ਪਈ ਮਿਲੀ। ਨੇੜੇ ਹੀ ਕੁੱਤਿਆਂ ਦਾ ਟੋਲਾ ਵੀ ਬੈਠਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ ਤਾਂ ਜੋ ਕੋਈ ਹੋਰ ਇਨ੍ਹਾਂ ਦਾ ਸ਼ਿਕਾਰ ਨਾ ਹੋਵੇ। ਪੁਲਸ ਥਾਣਾ ਭੈਣੀ ਮੀਆਂ ਖਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ।