ਕੀਰਤਪੁਰ ਸਾਹਿਬ, 8 ਮਈ, ਦੇਸ਼ ਕਲਿਕ ਬਿਊਰੋ :
ਕੀਰਤਪੁਰ ਸਾਹਿਬ ਵਿੱਚ ਮਨਾਲੀ ਮੁੱਖ ਮਾਰਗ ’ਤੇ ਭਾਖੜਾ ਨਹਿਰ ਦੇ ਪੁਲ ’ਤੇ ਦੋ ਟਰੱਕ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਕਾਫੀ ਦੇਰ ਤੱਕ ਵਾਹਨ ਹੋਰ ਰਸਤੇ ਤੋਂ ਭੇਜੇ ਗਏ। ਇਹ ਹਾਦਸਾ ਅੱਜ ਬੁੱਧਵਾਰ ਸਵੇਰੇ 6:30 ਵਜੇ ਵਾਪਰਿਆ। ਜਦੋਂ ਇੱਕ ਟਿੱਪਰ ਚਾਲਕ ਭਾਖੜਾ ਨਹਿਰ ਦੇ ਪੁਲ ਕੋਲ ਪੁੱਜਾ ਤਾਂ ਉਸ ਦੀ ਉਸੇ ਪਾਸੇ ਜਾ ਰਹੇ ਇੱਕ ਵਾਹਨ ਨਾਲ ਟੱਕਰ ਹੋ ਗਈ।
ਡਰਾਈਵਰ ਨੇ ਦੱਸਿਆ ਕਿ ਟਿੱਪਰ ਦੀ ਬ੍ਰੇਕ ਫੇਲ ਹੋ ਗਈ ਸੀ ਪਰ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਨਹਿਰ ’ਤੇ ਰੇਲਿੰਗ ਹੋਣ ਕਾਰਨ ਟਰੱਕ ਅਤੇ ਟਿੱਪਰ ਨਹਿਰ ਵਿੱਚ ਡਿੱਗਣ ਤੋਂ ਬਚ ਗਏ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਪਹਿਲਾਂ ਇਹ ਰੇਲਿੰਗ ਲੋਹੇ ਦੀ ਬਣੀ ਹੋਈ ਸੀ, ਫਿਰ ਇੱਕ ਵੱਡੇ ਹਾਦਸੇ ਤੋਂ ਬਾਅਦ ਇਹ ਰੇਲਿੰਗ ਸੀਮਿੰਟ ਦੀ ਬਣੀ ਹੋਈ ਹੈ। ਇਸ ਹਾਦਸੇ ਕਾਰਨ ਮਨਾਲੀ ਮੁੱਖ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ। ਕਈ ਸਕੂਲੀ ਬੱਸਾਂ ਵੀ ਹੋਰ ਰਸਤੇ ਤੋਂ ਭੇਜੀਆਂ ਗਈਆਂ।