ਪਟਿਆਲ਼ਾ, 8 ਮਈ, ਦੇਸ਼ ਕਲਿਕ ਬਿਊਰੋ :
ਪਟਿਆਲਾ ਦੇ ਦੇਵੀਗੜ੍ਹ ਰੋਡ 'ਤੇ ਪਿੰਡ ਪੰਜੇਟਾ 'ਚ ਬਾਥਰੂਮ 'ਚ ਰੱਖੀ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਜਦੋਂ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਘਰ ਖੇਡਦਾ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।ਤਲਾਸ਼ੀ ਦੌਰਾਨ ਬੱਚਾ ਘਰ ਦੇ ਬਾਥਰੂਮ 'ਚ ਰੱਖੀ ਪਾਣੀ ਦੀ ਬਾਲਟੀ 'ਚ ਮੂੰਹ ਭਾਰ ਡੁੱਬਿਆ ਪਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।ਜਿੱਥੇ ਡਾਕਟਰਾਂ ਨੇ ਦੋ ਸਾਲਾ ਬੱਚੇ ਗੌਰਵ ਨੂੰ ਮ੍ਰਿਤਕ ਐਲਾਨ ਦਿੱਤਾ। ਗੌਰਵ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ।
ਬੱਚੇ ਗੌਰਵ ਦੇ ਪਿਤਾ ਅਮਨਦੀਪ ਸਿੰਘ ਕਾਰ ਵਾਸ਼ ਦਾ ਕੰਮ ਕਰਦੇ ਹਨ। ਬੱਚੇ ਦੇ ਦਾਦਾ ਗੋਪਾਲ ਸਿੰਘ ਘਰ ਵਿੱਚ ਮਿੱਟੀ ਦੇ ਭਾਂਡੇ ਤਿਆਰ ਕਰਦੇ ਸਨ। ਹਰ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ ਗੋਪਾਲ ਸਿੰਘ ਅਤੇ ਉਸ ਦਾ ਪਰਿਵਾਰ ਵਰਾਂਡੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਹੇ ਸਨ।
ਨੇੜੇ ਹੀ ਗੌਰਵ ਵੀ ਖੇਡ ਰਿਹਾ ਸੀ, ਜੋ ਖੇਡਦੇ ਹੋਏ ਬਾਥਰੂਮ ਵੱਲ ਚਲਾ ਗਿਆ। ਪਰਿਵਾਰਕ ਮੈਂਬਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਕੁਝ ਸਮੇਂ ਬਾਅਦ ਗੌਰਵ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਬਾਥਰੂਮ ਵਿੱਚ ਇੱਕ ਬਾਲਟੀ ਵਿੱਚ ਮੂੰਹ ਭਾਰ ਪਿਆ ਮਿਲਿਆ।