ਲੁਧਿਆਣਾ, 16 ਸਤੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਅਵਾਰਾ ਕੁੱਤਿਆਂ ਨੇ ਇਕ ਬੱਚੀ ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਚੰਡੀਗੜ੍ਹ ਰੋਡ ਸਥਿਤ ਰਾਜਗੜ੍ਹ ਫਿਊਜ਼ਨ ਕਲੋਨੀ ‘ਚ ਘਰ ਦੇ ਬਾਹਰ ਖੇਡ ਰਹੀ ਦੋ ਸਾਲਾ ਮਾਸੂਮ ਬੱਚੀ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ। ਬੱਚੀ ਦੀਆਂ ਚੀਕਾਂ ਸੁਣ ਕੇ ਉੱਥੋਂ ਲੰਘ ਰਹੇ ਇੱਕ ਰਾਹਗੀਰ ਨੇ ਕੁੱਤਿਆਂ ਨੂੰ ਭਜਾਉਣ ਲਈ ਪੱਥਰ ਸੁੱਟੇ ਅਤੇ ਰੌਲਾ ਪਾਇਆ। ਇਸ ਤੋਂ ਬਾਅਦ ਲੜਕੀ ਦਾ ਪਰਿਵਾਰ ਘਰੋਂ ਬਾਹਰ ਨਿਕਲਿਆ।
ਲੜਕੀ ਦੇ ਸਰੀਰ ‘ਤੇ ਕੁੱਤੇ ਦੇ ਕੱਟਣ ਦੇ ਨਿਸ਼ਾਨ ਹਨ। ਲੜਕੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੁੱਤਿਆਂ ਨੇ ਬੱਚੀ ਦੇ ਸਿਰ, ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੱਢ ਲਿਆ ਹੈ। ਕੁੱਤਿਆਂ ਵੱਲੋਂ ਬੱਚੀ ਨੂੰ ਵੱਢਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।