ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ 2024 ਕਰਵਾਏ ਗਏ

ਪੰਜਾਬ

ਮੋਹਾਲੀ, 19 ਸਤੰਬਰ: ਦੇਸ਼ ਕਲਿੱਕ ਬਿਓਰੋ

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਖਾਲਸਾ ਕਾਲਜ, ਫ਼ੇਜ਼ 3 (ਏ), ਮੋਹਾਲੀ ਵਿਖੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ’ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਲਗਭਗ 300 ਵਿਦਿਆਰਥੀਆਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 73, ਲੇਖ ਰਚਨਾ ਲਈ 84, ਕਹਾਣੀ ਰਚਨਾ ਲਈ 70 ਅਤੇ ਕਵਿਤਾ ਰਚਨਾ ਲਈ 54 ਵਿਦਿਆਰਥੀ ਸ਼ਾਮਲ ਸਨ ।
ਮੁਕਾਬਲਿਆਂ ਦੀ ਸ਼ੁਰੂਆਤ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ‘ਜੀ ਆਇਆਂ ਨੂੰ’ ਆਖਿਆ ਗਿਆ ਅਤੇ ਕਿਹਾ ਕਿ ਸਾਹਿਤ ਮਨੁੱਖ ਅੰਦਰਲੀ ਸੰਵੇਦਨਾ ਨੂੰ ਬਚਾਈ ਰੱਖਦਾ ਹੈ, ਇਸ ਲਈ ਸੋਸ਼ਲ ਮੀਡੀਆ ਦੇ ਦੌਰ ਵਿਚ ਵਿਦਿਆਰਥੀਆਂ ਅੰਦਰ ਮਾਂ-ਬੋਲੀ ਅਤੇ ਸਾਹਿਤ ਪ੍ਰਤੀ ਲਗਾਅ ਪੈਦਾ ਕਰਨ ਅਤੇ ਉਨ੍ਹਾਂ ਅੰਦਰਲੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਦੇ ਉਪਰਾਲੇ ਵਜੋਂ ਇਹ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਕਿ ਅਜੋਕੇ ਮਸ਼ੀਨੀ ਚੌਗਿਰਦੇ ਵਿਚ ਕੋਈ ਹਰਿਆ ਬੂਟਾ ਵੀ ਮਹਿਕਦਾ ਰਹੇ। ਇਨ੍ਹਾਂ ਮੁਕਾਬਲਿਆਂ ਲਈ ਹਰ ਸਾਲ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਮਿਲਦਾ ਸਹਿਯੋਗ ਸਲਾਹੁਣਯੋਗ ਹੈ। ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਹਾਲੀ ਦੀਆਂ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਮੁਕਾਬਲੇ ਲਈ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਨੂੰ ਗਾ ਕੇ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ ‘ਤੇ ‘ਮਾਂ-ਬੋਲੀ’, ‘ਜ਼ਿੰਦਗੀ’ ਅਤੇ ‘ਦੋਸਤੀ’, ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਮਸ਼ੀਨੀ ਬੁੱਧੀਮਾਨਤਾ ਅਤੇ ਮਨੁੱਖ’, ‘ਸੋਸ਼ਲ ਮੀਡੀਆ: ਵਰਦਾਨ ਜਾਂ ਸਰਾਪ’, ਅਤੇ ‘ਅਜੋਕਾ ਸਮਾਜ ਅਤੇ ਔਰਤ’ ਅਤੇ ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ ‘ਅਭੁੱਲ ਯਾਦ’, ‘ਭਲਾ ਅਤੇ ਬੁਰਾ’ ਅਤੇ ਮਿਹਨਤ ਦੀ ਕਮਾਈ’ ਵਿਸ਼ੇ ਦਿੱਤੇ ਗਏ। ਸਾਰੀਆਂ ਹੀ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ।

ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਲੇਜ਼ਲ ਰਾਏ (ਵਿੱਦਿਆ ਵੈਲੀ ਸਕੂਲ, ਖਰੜ), ਦੂਜਾ ਸਥਾਨ ਦਿਲਪ੍ਰੀਤ ਕੌਰ (ਸਸਸਸ ਮਜਾਤੜੀ) ਅਤੇ ਤੀਜਾ ਸਥਾਨ ਅਭਜੋਤ ਸਿੰਘ (ਸਸਸਸ ਰਾਮਗੜ੍ਹ ਬੂਟਾ ਸਿੰਘ ਵਾਲਾ) ਨੇ ਪ੍ਰਾਪਤ ਕੀਤਾ।
ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਅਭਿਜੋਤ ਕੌਰ (ਮੈਕਸਿਮ ਮੈਰੀ ਸਕੂਲ, ਖਰੜ), ਦੂਜਾ ਸਥਾਨ ਵੰਸ਼ਿਕਾ (ਸਸਸਸ, ਫੇਜ਼ 11, ਮੋਹਾਲੀ) ਅਤੇ ਤੀਜਾ ਸਥਾਨ ਮਨਿਕਾ ਕੁਮਾਰੀ (ਸਹਸ, ਫੇਜ਼ 5, ਮੋਹਾਲੀ) ਨੇ ਪ੍ਰਾਪਤ ਕੀਤਾ।
ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨਜੀਤ ਸਿੰਘ (ਸੀਸ, ਰਾਜੋਮਾਜਰਾ), ਦੂਜਾ ਸਥਾਨ ਹਰਜੋਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ- 66, ਮੋਹਾਲੀ)ਅਤੇ ਤੀਜਾ ਸਥਾਨ ਮੰਨਤ ਮਲਿਕ (ਸਸਸਸ, ਝੰਜੇੜੀ) ਨੇ ਪ੍ਰਾਪਤ ਕੀਤਾ।
ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸਵੈਨ ਸਹੋਤਾ (ਸਹਸ ਦੱਪਰ), ਦੂਜਾ ਸਥਾਨ ਹਰਸ਼ਿਤਾ (ਸਕੂਲ ਆਫ਼ ਐਮੀਨੈਂਸ, ਖਰੜ) ਅਤੇ ਤੀਜਾ ਸਥਾਨ ਜਸਪ੍ਰੀਤ ਕੌਰ (ਸਹਸ ਮਜਾਤ) ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ ਅੱਗੇ ਪਟਿਆਲਾ ਵਿਖੇ ਨਵੰਬਰ ਮਹੀਨੇ ਵਿਚ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਨਿਰੀਖਕ ਪੈਨਲ ਲਈ ਡਾ. ਪੁਸ਼ਪਿੰਦਰ ਕੌਰ, ਸ਼੍ਰੀਮਤੀ ਸੁਖਵਿੰਦਰ ਕੌਰ, ਮੈਡਮ ਦਿਲਪ੍ਰੀਤ ਕੌਰ, ਪ੍ਰੋ. ਗੁਰਜੋਧ ਕੌਰ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Leave a Reply

Your email address will not be published. Required fields are marked *