ਢਿੱਲੀਆਂ ਪਈਆਂ ਬਿਜਲੀ ਦੀਆਂ ਤਾਰਾਂ ਅਤੇ ਧਰਤੀ ਤੇ ਪਏ ਬਿਜਲੀ ਦੇ ਮੀਟਰਾਂ ਨੂੰ ਠੀਕ ਕਰਨ ਦੀ ਮੰਗ

ਪੰਜਾਬ

ਮੋਰਿੰਡਾ 23 ਸਤੰਬਰ ( ਭਟੋਆ )

ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਲਮਕ ਰਹੀਆਂ ਢਿਲੀਆਂ ਪਈਆਂ ਬਿਜਲੀ ਦੀਆਂ ਤਾਰਾਂ ਅਤੇ  ਧਰਤੀ ਤੇ ਪਏ ਬਿਜਲੀ ਦੇ ਮੀਟਰਾਂ ਨੂੰ ਠੀਕ ਕਰਨ ਸਬੰਧੀ ਲੋਕਾਂ ਵੱਲੋਂ ਵਾਰ-ਵਾਰ ਮੰਗ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ,  ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਸ੍ਰੀ ਵਿਜੇ ਕੁਮਾਰ ਟਿੰਕੂ,  ਕੌਂਸਲਰ ਰਕੇਸ਼ ਕੁਮਾਰ ਬੱਗਾ , ਅਤੇ ਅੰਮ੍ਰਿਤਪਾਲ ਸਿੰਘ ਖੱਟੜਾ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ,  ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ ਅਤੇ ਮੋਨੂ ਖਾਂ ਮਜੀਦ ਖਾਨ ਤੇ ਭਾਜਪਾ ਆਗੂ ਰਜੇਸ਼ ਭਾਟੀਆ ਤੇ ਜਤਿੰਦਰ ਗੁੰਬਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਬਿਜਲੀ ਬੋਰਡ ਵੱਲੋਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਬਿਜਲੀ ਸਪਲਾਈ ਕਰਨ ਲਈ ਪਾਈਆਂ ਗਈਆਂ ਤਾਰਾਂ ਬਹੁਤ ਢਿੱਲੀਆਂ ਅਤੇ ਹੇਠਾਂ ਨਮਕ ਰਹੀਆਂ ਹਨ ,ਉਹਨਾਂ ਦੱਸਿਆ ਕਿ ਕਈ ਜਗ੍ਹਾ ਤੇ ਇਹਨਾਂ ਤਾਰਾਂ ਦੇ ਜੋੜ ਬਿਲਕੁਲ ਨੰਗੇ ਪਏ ਹਨ।  ਇਸੇ ਤਰ੍ਹਾਂ ਬਿਜਲੀ ਬੋਰਡ ਵੱਲੋਂ ਬਿਜਲੀ ਚੋਰੀ ਰੋਕਣ ਲਈ ਲੋਕਾਂ ਦੇ ਘਰਾਂ ਵਿੱਚ ਲੱਗੇ ਮੀਟਰ ਬਾਹਰ ਖੰਭਿਆਂ ਤੇ ਲਗਾਉਣ ਸਮੇਂ ਕਈ ਇੰਨੇ ਨੀਵੇਂ ਲਗਾ ਦਿੱਤੇ ਗਏ ਹਨ ਕਿ ਇਹਨਾਂ ਨਾਲ ਕਦੇ ਵੀ ਕੋਈ ਜਾਨਵਰ ਜਾਂ ਬੱਚਾ ਸੰਪਰਕ ਵਿੱਚ ਆਉਣ ਤੇ ਕਦੇ ਵੀ ਕਿਸੇ  ਤਰ੍ਹਾਂ ਦੀ ਅਣਸਖਾਵੀ ਘਟਨਾ ਵਾਪਰ ਸਕਦੀ ਹੈ । ਇਹਨਾਂ ਆਗੂਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਕਾਈਨੌਰ ਚੌਂਕ ਵਿੱਚ ਸਥਿਤ ਇੱਕ ਫਰਨੀਚਰ ਦੀ ਦੁਕਾਨ ਉੱਤੇ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਜੋੜ ਬਿਲਕੁਲ ਨੰਗੇ ਪਏ ਹਨ,  ਜਿਨਾਂ ਨੂੰ ਠੀਕ ਕਰਨ ਸਬੰਧੀ ਦੁਕਾਨ ਮਾਲਕ ਤੇ ਹੋਰਨਾਂ ਵੱਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਰੀਬ ਪੰਜ ਮਹੀਨੇ ਪਹਿਲਾਂ ਦਰਖਾਸਤ ਦਿੱਤੀ ਗਈ ਸੀ ਪ੍ਰੰਤੂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਇਹਨਾਂ ਤਾਰਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਉਹਨਾਂ ਦੱਸਿਆ ਕਿ ਬਾਰਿਸ਼ ਦੇ ਦਿਨਾਂ ਵਿੱਚ ਸਾਰੀ ਦੁਕਾਨ ਵਿੱਚ ਹੀ ਕਰੰਟ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ । ਇਸੇ ਤਰ੍ਹਾਂ ਖਾਲਸਾ ਕਾਲਜ ਅਤੇ ਆਰੀਆ ਸਕੂਲ ਦੇ ਨੇੜੇ ਖੰਭਿਆਂ ਤੇ ਲਗਾਏ ਗਏ ਬਿਜਲੀ ਦੇ ਮੀਟਰ ਇੰਨੇ ਨੀਵੇਂ ਲਗਾਏ ਗਏ ਹਨ ਕਿ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ।   ਉਹਨਾਂ ਦੱਸਿਆ ਹਿੰਦੂ ਧਰਮਸ਼ਾਲਾ ਨੇੜੇ  ਲੱਗੇ ਅਜਿਹੇ ਹੀ ਇਕ ਮੀਟਰ ਵਿੱਚ ਕਰੰਟ ਆਉਣ ਕਾਰਨ ਕੁਝ ਸਮਾਂ ਪਹਿਲਾਂ ਇੱਕ ਕੁੱਤਾ ਅਤੇ  ਗਾਂ ਮਾਰੀ ਜਾ ਚੁੱਕੀ ਹੈ,  ਪ੍ਰੰਤੂ ਫਿਰ ਵੀ ਵਿਭਾਗੀ ਅਧਿਕਾਰੀਆਂ ਵੱਲੋਂ ਇਹਨਾਂ ਮੀਟਰਾਂ ਨੂੰ ਉੱਚਾ ਚੁੱਕਣ ਜਾਂ ਬਿਜਲੀ ਦੀਆਂ ਲਮਕ ਰਹੀਆਂ ਤਾਰਾਂ ਨੂੰ ਕੱਸਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।  ਇਸੇ ਦੌਰਾਨ ਯੂਥ ਆਗੂ ਅਮਰਿੰਦਰ ਸਿੰਘ ਹੈਲੀ ਨੇ ਦੱਸਿਆ ਕਿ ਵਾਰਡ ਨੰਬਰ ਦੋ ਦੇ ਪਾਰਕ ਵਿੱਚ ਇੱਕ ਟਰਾਂਸਫਾਰਮਰ ਲੱਗਿਆ ਹੈ  ਅਤੇ ਦਰਖਤਾਂ ਵਿੱਚੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ , ਉਹਨਾਂ ਦੱਸਿਆ ਕਿ ਇਸ ਪਾਰਕ ਵਿੱਚ ਰੋਜਾਨਾ ਵੱਡੀ ਗਿਣਤੀ ਵਿੱਚ ਬੱਚੇ ਬਜ਼ੁਰਗ ਅਤੇ ਔਰਤਾਂ ਸੈਰ ਕਰਨ ਲਈ ਆਉਂਦੇ ਹਨ ਜਿਹੜੇ ਕਦੇ ਵੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।  ਉਪਰੋਕਤ ਆਗੂਆਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਪਾਵਰ ਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਲਮਕ ਰਹੀਆਂ ਤਾਰਾਂ ਨੂੰ ਕਸਣ ਰਹੀ ਅਤੇ ਧਰਤੀ ਤੇ ਪਏ ਬਿਜਲੀ ਨੇ ਮੀਟਰਾਂ ਨੂੰ ਉੱਚਾ ਕਰਕੇ ਲਗਾਉਣ ਲਈ ਸਥਾਨਕ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।ਉਧਰ ਜਦੋ ਇਸ ਸਬੰਧੀ  ਵਿਭਾਗ ਦੇ ਐਸਡੀਓ ਭੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਇੱਥੇ ਹਾਜ਼ਰ ਹੋਏ ਹਨ ਅਤੇ ਸ਼ਹਿਰ ਦਾ ਜਾਇਜ਼ਾ ਲੈਣ ਉਪਰੰਤ ਤਾਰਾਂ ਕਸਵਾ ਦਿੱਤੀਆਂ ਜਾਣਗੀਆਂ ਅਤੇ ਧਰਤੀ ਹੇਠਾਂ ਪਏ ਮੀਟਰ ਉੱਪਰ ਚੁੱਕ ਕੇ ਲਗਵਾ ਦਿੱਤੇ ਜਾਣਗੇ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।