ਡੀਟੀਐੱਫ ਨੇ ਆਨਲਾਈਨ ਬਦਲੀਆਂ ਅਤੇ ਲੈਕਚਰਾਰ ਤਰੱਕੀਆਂ ਸਬੰਧੀ ਵਿਭਾਗੀ ਬੇਨਿਯਮੀਆਂ ਵਿਰੁੱਧ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ‘ਵਿਰੋਧ ਪੱਤਰ’

ਪੰਜਾਬ

“ਸਿੱਖਿਆ ਵਿਭਾਗ ਵੱਲੋਂ ਮਾਸਟਰ ਤੋਂ ਲੈਕਚਰਾਰ ਤੱਰਕੀਆਂ ਕੀਤੀਆਂ, ਸਟੇਸ਼ਨ ਚੋਣ ਵਿੱਚ ਬੇਨਿਯਮੀਆਂ ਕਾਰਨ ਲੈਕਚਰਾਰ ਤਰੱਕੀਆਂ ਛੱਡਣ ਨੂੰ ਮਜ਼ਬੂਰ”

ਜਨਰਲ ਬਦਲੀਆਂ ਲਈ ਦੂਜੇ ਰਾਉਂਡ ਦੀ ਪ੍ਰਕਿਰਿਆ ਫੌਰੀ ਆਰੰਭੇ ਵਿਭਾਗ: ਡੀ.ਟੀ.ਐੱਫ

ਸੈਸ਼ਨ 2024-25 ਵਿੱਚ ਪਰਖ ਸਮਾਂ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਜਨਰਲ ਬਦਲੀਆਂ ਲਈ ਬਰਾਬਰ ਮੌਕਾ ਦਿੱਤਾ ਜਾਵੇ-ਡੀ.ਟੀ.ਐੱਫ

ਲੈਕਚਰਾਰਾਂ ਨੂੰ ਸਟੇਸ਼ਨ ਚੋਣ ਲਈ ਸਾਰੇ ਖਾਲੀ ਸਟੇਸ਼ਨ ਨੂੰ ਨਾ ਦਿਖਾਉਣ ਅਤੇ ਬਦਲੀਆਂ ਸਮੇਂ ਹੋਈ ਅਪਾਰਦਰਸ਼ਤਾ ਤੇ ਰੋਸ ਪ੍ਰਗਟ ਕਰਦਿਆਂ 

ਬਦਲਦੀਆਂ ਦਾ ਦੂਜਾ ਰਾਊਂਡ ਸ਼ੁਰੂ ਕਰਨ ਦੀ ਕੀਤੀ ਮੰਗ 

ਦਲਜੀਤ ਕੌਰ 

ਸੰਗਰੂਰ, 26 ਸਤੰਬਰ, 2024: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪੱਧਰੀ ਸੱਦੇ ਅਨੁਸਾਰ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀਮਤੀ ਤਰਵਿੰਦਰ ਕੌਰ  ਨੂੰ ਅਧਿਆਪਕ ਮਸਲਿਆਂ ਸੰਬੰਧੀ ਮਿਲਿਆ ਗਿਆ ਅਤੇ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਅਤੇ ਆਨਲਾਈਨ ਬਦਲੀਆਂ ਵਿੱਚ ਹੋਇਆਂ ਵਿਭਾਗੀ ਬੇ-ਨਿਯਮੀਆਂ ਵਿਰੁੱਧ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਵਿਰੋਧ ਪੱਤਰ ਸੌਪਿਆ ਗਿਆ। ਇਸ ਮੌਕੇ ਉਨ੍ਹਾਂ ਤਰੱਕੀ ਪ੍ਰਾਪਤ ਲੈਕਚਰਾਰ ਨੂੰ ਸਟੇਸ਼ਨ ਚੋਣ ਲਈ ਪੰਜਾਬ ਵਿੱਚ ਸਾਰੇ ਖਾਲੀ ਸਟੇਸ਼ਨ ਨੂੰ ਨਾ ਦਿਖਾ ਕਿ ਕੁਝ ਚੋਣਵੇਂ ਸਟੇਸ਼ਨ ਦਿਖਾਉਣ ਅਤੇ ਬਦਲੀਆਂ ਸਮੇਂ ਹੋਈ ਅਪਾਰਦਰਸ਼ਤਾ ਤੇ ਰੋਸ ਪ੍ਰਗਟ ਕੀਤਾ  ਗਿਆ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਤਰੱਕੀਆਂ ਉਪਰੰਤ ਲੈਕਚਰਾਰ ਬਣੇ ਅਧਿਆਪਕਾਂ ਨੂੰ ਸਕੂਲ ਆਫ ਐਮੀਨੈਂਸ ਸਕੂਲਾਂ ਅਤੇ ਖਾਲੀ ਅਸਾਮੀਆਂ ਵਾਲੇ ਸਕੂਲਾਂ ਵਿੱਚੋਂ ਥੋੜ੍ਹੇ ਜਿਹੇ ਸਟੇਸ਼ਨ ਦਿਖਾ ਕੇ ਸਟੇਸ਼ਨ ਚੋਣ ਕਰਨ ਲਈ ਮਜ਼ਬੂਰ ਕਰਦਿਆਂ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਦਲੀਆਂ ਵਿੱਚ ਆਨ ਲਾਈਨ ਪੋਰਟਲ ‘ਤੇ ਪਾਰਦਰਸ਼ਤਾ ਦਾ ਬਦਲਾਅ ਦਾ ਨਾਰਾ ਲਗਾਉਣ ਵਾਲੀ ਮੌਜ਼ੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਭੋਗ ਪਾ ਦਿੱਤਾ ਗਿਆ ਹੈ। ਇਸ ਵਾਰ ਬਦਲੀਆਂ ਸਬੰਧੀ ਕਿਸੇ ਕਿਸਮ ਦੀ ਅੰਕ ਸੂਚੀ ਜਾਰੀ ਨਹੀਂ ਕੀਤੀ ਗਈ ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਨਿਰਪੱਖਤਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਇਸੇ ਤਰ੍ਹਾਂ ਜਿੰਨ੍ਹਾਂ ਅਧਿਆਪਕਾਂ ਵੱਲੋਂ ਪੋਰਟਲ ‘ਤੇ ਭਰੇ ਡਾਟੇ ਵਿੱਚ ਕੋਈ ਕਮੀ ਰਹਿ ਗਈ ਉਨ੍ਹਾਂ ਨੂੰ ਆਪਣਾ ਡਾਟਾ ਦਰੁਸਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪਹਿਲੇ ਗੇੜ ਵਿੱਚੋਂ ਉਹ ਬਹੁਤੇ ਕਰਮਚਾਰੀ ਬਾਹਰ ਰਹਿਣ ਲਈ ਮਜ਼ਬੂਰ ਹੋਏ। ਵਿਭਾਗ ਵੱਲੋਂ ਕੀਤੇ ਵਾਅਦੇ ਅਨੁਸਾਰ ਪਹਿਲੇ ਗੇੜ ਦੀਆਂ ਬਦਲੀਆਂ ਉਪਰੰਤ ਦੂਜੇ ਗੇੜ ਦੀਆਂ ਬਦਲੀਆਂ ਦੀ ਸ਼ੁਰੂਆਤ ਕੀਤੀ ਜਾਣੀ ਬਣਦੀ ਸੀ ਪਰ ਹਾਲੇ ਤੱਕ ਇਸ ਬਾਬਤ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ, ਜਿਸ ਤੋਂ ਵਿਭਾਗ ਦਾ ਅਧਿਆਪਕ ਵਿਰੋਧੀ ਚੇਹਿਰਾ ਬੇ ਨਕਾਬ ਹੁੰਦਾ ਹੈ।

ਇਸ ਸਬੰਧੀ ਡੀਟੀਐੱਫ ਆਗੂਆਂ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਵਿੰਦਰ ਦਿੜਬਾ, ਰਾਜ ਸੈਣੀ, ਗੁਰਦੀਪ ਚੀਮਾ, ਦਲਜੀਤ ਸਫੀਪੁਰ, ਮਨਜੀਤ ਲਹਿਰਾ, ਰਮਨ ਗੋਇਲ, ਪ੍ਰਦੀਪ ਦਿੜਬਾ, ਅੰਮ੍ਰਿਤ ਸਾਗਰ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਲੈਕਚਰਾਰ ਪ੍ਰਮੋਸ਼ਨ ਵਿੱਚ ਸੈਂਕੜੇ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਆਨਲਾਈਨ ਸ਼ੋਅ ਨਾ ਕਰਕੇ ਅਖੌਤੀ ਐਮੀਨੈਂਸ ਸਕੂਲ ਪ੍ਰੋਜੈਕਟ ਨੂੰ ਪਹਿਲ ਦਿੰਦਿਆਂ ਤਰੱਕੀ ਜਾਫਤਾ ਲੈਕਚਰਾਰਾਂ ਨੂੰ ਜਬਰੀ ਦੂਰ ਦੁਰਾਡੇ ਭੇਜਿਆ ਜਾ ਰਿਹਾ ਹੈ ਅਤੇ ਪ੍ਰੋਮੋਸ਼ਨ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਆਨਲਾਈਨ ਬਦਲੀਆਂ ਦੀ ਨੀਤੀ ਵਿੱਚ ਪਾਰਦਰਸ਼ਤਾ ਦਾ ਭੋਗ ਪਾ ਕੇ ਆਮ ਅਧਿਆਪਕ ਵਰਗ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਬਦਲਦੀਆਂ ਦਾ ਦੂਜਾ ਰਾਊਂਡ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ, ਜਦੋਂਕਿ ਸਿੱਖਿਆ ਸਕੱਤਰ ਪੰਜਾਬ ਨੇ  ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਵਫ਼ਦ ਨਾਲ ਵਾਅਦਾ ਕੀਤਾ ਸੀ ਕਿ ਦੂਜਾ ਰਾਊਂਡ ਛੇਤੀ ਸੁਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *