ਪਟਿਆਲਾ ਪੁਲਿਸ ਨੇ ਗੈਰ ਸਮਾਜੀ ਅਨਸਰਾਂ ਖਿਲਾਫ ਜਨਤਕ ਥਾਵਾਂ ’ਤੇ ਚਲਾਇਆ ਘੇਰਾਬੰਦੀ ਤੇ ਤਲਾਸ਼ੀ ਅਭਿਆਨ

Punjab

-ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ’ਚ 50 ਟੀਮਾਂ ਨੇ ਜ਼ਿਲ੍ਹੇ ਦੇ 38 ਸਥਾਨਾਂ ਦੀ ਇੱਕੋ ਸਮੇਂ ਕੀਤੀ ਤਲਾਸ਼ੀ

-ਐਨਡੀਪੀਐਸ ਤੇ ਆਬਕਾਰੀ ਐਕਟ ਤਹਿਤ 8 ਮੁਕੱਦਮੇ ਦਰਜ਼, 7 ਗ੍ਰਿਫ਼ਤਾਰ

-ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਪੁਲਿਸ ਦਾ ਫ਼ਰਜ਼ : ਈਸ਼ਵਰ ਸਿੰਘ

ਪਟਿਆਲਾ, 9 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਨੇ ਜ਼ਿਲ੍ਹੇ ਦੀ 38 ਸਥਾਨਾਂ ’ਤੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ‌ ਸਿੱਧੂ ਤੇ ਐਸਐਸਪੀ ਡਾ. ਨਾਨਕ ਸਿੰਘ ਵੀ ਮੌਜੂਦ ਸਨ।
ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਪਟਿਆਲਾ ਰੇਲਵੇ ਸਟੇਸ਼ਨ ’ਤੇ ਪੁਲਿਸ ਟੀਮ ਦੀ ਅਗਵਾਈ ਕਰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਆਪਰੇਸ਼ਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲਾਇਆ ਗਿਆ ਹੈ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਅੰਦਰ 50 ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਮਾਲਜ, ਪਾਰਕਿੰਗ ਏਰੀਆ ਸਮੇਤ ਹਰੇਕ ਭੀੜ ਭੜੱਕੇ ਵਾਲੇ ਖੇਤਰਾਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਨਾਲ ਨਜਿੱਠਦਿਆਂ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਅਤੇ ਸੁਰੱਖਿਅਤ ਸਮਾਜ ਲਈ ਚਲਾਈ ਇਸ ਤਲਾਸ਼ੀ ਮੁਹਿੰਮ ਦੌਰਾਨ ਐਨਡੀਪੀਐਸ ਤੇ ਆਬਕਾਰੀ ਐਕਟ ਤਹਿਤ 8 ਮੁਕੱਦਮੇ ਦਰਜ਼ ਕੀਤੇ ਗਏ ਅਤੇ 7 ਗ੍ਰਿਫ਼ਤਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅਪਰਾਧ ਨੂੰ ਨੱਥ ਪਾਉਣ ਲਈ ਸਨਾਖਤ ਕੀਤੇ ਗਏ ਹੌਟਸਪਾਟ ਇਲਾਕਿਆਂ ’ਤੇ ਨਾਕਾਬੰਦੀ, ਪੈਦਲ ਗਸ਼ਤ ਤੇ ਪੀਸੀਆਰ ਵਾਹਨ ਗਸ਼ਤ ਵਧਾਈ ਜਾ ਰਹੀ ਹੈ ਅਤੇ ਨਾਲ ਹੀ ਸੀਸੀਟੀਵੀ ਨਿਗਰਾਨੀ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਜਦੋਂਕਿ ਸਿੱਖਿਆ ਸੰਸਥਾਵਾਂ ਨੇੜੇ ਨਸ਼ਿਆਂ ਦੀ ਵਿੱਕਰੀ ਰੋਕਣ ਅਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਨਸ਼ਿਆਂ ਦੇ ਵੱਡੇ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਨੱਕ ਤੋੜਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਕੇ ਪੰਜਾਬ ਵਿੱਚ ਸਰਗਰਮ ਤੇ ਮੁਸਤੈਦ ਪੁਲਿਸ ਰਣਨੀਤੀ ਸੂਬੇ ਦੀ ਭਾਈਚਾਰਕ ਸ਼ਮੂਲੀਅਤ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਦਾ ਭਰੋਸਾ ਪੁਲਿਸ ਉਪਰ ਬਣਿਆ ਰਹੇ।
 ਡੀਆਈਜੀ ਮਨਦੀਪ ਸਿੰਘ ਤੇ ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਇਸ ਦੌਰਾਨ 121 ਧਾਰਮਿਕ ਸਥਾਨਾਂ, 5 ਰੇਲਵੇ ਸਟੇਸ਼ਨਾਂ, 9 ਬੱਸ ਅੱਡਿਆਂ ਤੇ 55 ਹੋਟਲਾਂ ਤੇ ਸਰਾਂਵਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 26 ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਨਾਕੇ ਲਗਾਏ ਗਏ ਸਨ ਅਤੇ 190 ਅਜਿਹੇ ਵਿਅਕਤੀਆਂ ਦੀ ਨਜ਼ਰਸਾਨੀ ਕੀਤੀ ਗਈ ਜਿਨ੍ਹਾਂ ਦਾ ਪਿਛਲਾ ਰਿਕਾਰਡ ਅਪਰਾਧਿਕ ਰਿਹਾ ਹੈ।
ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ 80 ਬੋਤਲਾਂ ਹਰਿਆਣਾ ਦੀ ਸ਼ਰਾਬ, 10 ਗ੍ਰਾਮ ਨਸ਼ੀਲਾ ਪਾਊਡਰ ਅਤੇ 50 ਗ੍ਰਾਮ ਹੋਰ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਮੁਕੱਦਮੇ ਐਨਡੀਪੀਐਸ ਐਕਟ ਤੇ ਚਾਰ ਮੁਕੱਦਮੇ ਆਬਕਾਰੀ ਐਕਟ ਤਹਿਤ ਦਰਜ ਕਰਕੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 20 ਵਾਹਨ ਵੀ ਜ਼ਬਤ ਕੀਤੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।