ਅੱਜ ਦਾ ਮਨੁੱਖ ਆਪਣੇ ਲਾਲਚਵੱਸ ਖੁਦ ਹੀ ਬਣ ਗਿਆ ਹੈ ਇੱਕ ਆਫ਼ਤ: ਸੰਧਵਾਂ

Punjab

-ਸਕੂਲ ਪੱਧਰ ਉੱਤੇ ਸ਼ੁਰੂ ਹੋਣੀ ਚਾਹੀਦੀ ਹੈ ਆਫ਼ਤ ਪ੍ਰਬੰਧਨ ਦੀ ਸਿਖਲਾਈ: ਸ੍ਰ. ਸੰਧਵਾਂ

ਪਟਿਆਲਾ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ
‘ਅੱਜ ਦਾ ਮਨੁੱਖ ਮਨੁੱਖ ਆਪਣੇ ਲਾਲਚਵੱਸ ਖੁਦ ਇੱਕ ਆਫ਼ਤ ਬਣ ਗਿਆ ਹੈ ਜਿਸ ਵੱਲੋਂ ਕੀਤੇ ਜਾ ਰਹੇ ਕੁਦਰਤ ਦੇ ਘਾਣ ਨੇ ਬਹੁਤ ਸਾਰੀਆਂ ਆਫ਼ਤਾਂ ਨੂੰ ਜਨਮ ਦਿੱਤਾ ਹੈ।’
ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਗਟਾਏ ਗਏ। ਉਹ ਆਫ਼ਤ ਪ੍ਰਬੰਧਨ ਸੰਬੰਧੀ ਭਾਰਤ ਸਰਕਾਰ ਦੇ ਕੌਮੀ ਅਦਾਰੇ ‘ਨੈਸ਼ਨਲ ਇੰਸਚੀਚੂਟ ਆਫ਼ ਡਿਜ਼ਾਸਟਰ ਮੈਨੇਜਮੈਂਟ’ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਪੰਜ ਦਿਨਾ ‘ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਹ ਤੈਅ ਹੈ ਕਿ ਮਨੁੱਖ ਜਿੰਨਾ ਬੇਈਮਾਨ ਹੁੰਦਾ ਜਾਵੇਗਾ ਭਵਿੱਖ ਵਿੱਚ ਓਨੀਆਂ ਹੀ ਆਫ਼ਤਾਂ ਵਧੀਆਂ ਜਾਣਗੀਆਂ। ਉਨ੍ਹਾਂ ਇਸ ਵਰਤਾਰੇ ਉੱਤੇ ਵਿਅੰਗਮਈ ਅੰਦਾਜ਼ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਭਾਵੇਂ ਅਜਿਹੀਆਂ ਆਫ਼ਤਾਂ ਦਾ ਵਾਧਾ ਮਨੁੱਖ ਦੇ ਬੇਈਮਾਨ ਹੋਣ ਨਾਲ਼ ਜੁੜਿਆ ਹੈ ਪਰ ਇਨ੍ਹਾਂ ਨਾਲ਼ ਨਜਿੱਠਣ ਦਾ ਕਾਰਜ ਸਾਨੂੰ ਈਮਾਨਦਾਰ ਹੋ ਕੇ ਹੀ ਕਰਨਾ ਪੈਣਾ। ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਕੂਲ ਪੱਧਰ ਉੱਤੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਕਿਹਾ ਤਾਂ ਕਿ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਇਸ ਸੰਬੰਧੀ ਸਿਖਲਾਈ ਦਿੱਤੀ ਜਾ ਸਕੇ। ਪਿਛਲੇ ਸਾਲ ਆਏ ਹੜ੍ਹਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਆਫ਼ਤਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਪਾਣੀਆਂ ਦੇ ਕੁਦਰਤੀ ਵਹਾਅ ਵਿੱਚ ਅੜਚਣ ਬਣ ਕੇ ਹੜ੍ਹ ਵਰਗੀਆਂ ਆਫ਼ਤਾਂ ਨੂੰ ਜਨਮ ਦਿੰਦੇ ਹਾਂ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਅਤੇ ਪੜ੍ਹੇ ਲਿਖੇ ਲੋਕ ਰਾਜਨੀਤੀ ਵਿੱਚ ਰੁਚੀ ਨਹੀਂ ਲੈਣਗੇ ਤਾਂ ਰਾਜਨੀਤੀ ਵਿੱਚ ਭ੍ਰਿਸ਼ਟ ਲੋਕਾਂ ਦੇ ਆਉਣ ਦੇ ਆਸਾਰ ਵਧ ਜਾਂਦੇ ਹਨ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਲ ਮੁਲਤਾਨੀ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਖਾਸੇ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਆਪਣੇ ਅਧਿਆਪਕਾਂ ਦੀ ਸਮਰਥਾ ਵਿੱਚ ਵਾਧਾ ਕਰਨ ਲਈ ਨਿਰੰਤਰ ਅਜਿਹੇ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ।
ਪ੍ਰੋਗਰਾਮ ਡਾਇਰੈਕਟਰ ਡਾ. ਨਿੰਮੀ ਨੇ ਇਸ ਮੌਕੇ ਬੋਲਦਿਆਂ ਇਸ ਪੰਜ ਦਿਨਾ ਪ੍ਰੋਗਰਾਮ ਦੌਰਾਨ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਨਿਰਮਾਣ ਕੀਤਾ ਜਾਵੇਗਾ।
ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਨੇ ਇਸ ਮੌਕੇ ਧੰਨਵਾਦੀ ਭਾਸ਼ਣ ਦਿੱਤਾ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਡਾ. ਨੀਰਜ ਸ਼ਰਮਾ ਅਤੇ ਐੱਨ. ਆਈ. ਡੀ. ਐੱਮ. ਤੋਂ ਪੁੱਜੇ ਜੀ. ਆਈ. ਡੀ. ਆਰ. ਆਰ. ਦੇ ਮੁਖੀ ਡਾ. ਅਜਿੰਦਰ ਵਾਲੀਆ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

Latest News

Latest News

Leave a Reply

Your email address will not be published. Required fields are marked *